–ਵੋਟਰਾਂ ਦੀ ਸਹੂਲਤ ਲਈ ਪੋਲਿੰਗ ਸਟੇਸ਼ਨਾਂ ‘ਤੇ ਪੀਣ ਵਾਲੇ ਸਾਫ ਸੁਥਰੇ ਪਾਣੀ, ਪਖਾਨੇ ਤੇ ਬੈਠਣ ਲਈ ਛਾਂਦਾਰ ਜਗ੍ਹਾ ਦਾ ਕੀਤਾ ਜਾਵੇਗਾ ਪ੍ਰਬੰਧ
-ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਆਪਣੀ ਵੋਟ ਦਾ ਜਰੂਰ ਇਸਤਮਾਲ ਕਰਨ ਦੀ ਅਪੀਲ
–ਵੋਟਰ ਸਬੰਧੀ ਮੋਬਾਇਲ ਐਪਲੀਕੇਸ਼ਨ ਦੇ ਪੋਸਟਰ ਸਵੀਪ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਉੱਤੇ ਲਗਾਏ ਗਏ
22 ਮਈ (ਗਗਨਦੀਪ ਸਿੰਘ) ਬਰਨਾਲਾ: ਭਾਰਤ ਚੋਣ ਕਮਿਸ਼ਨ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ 70 ਫੀਸਦੀ ਤੋਂ ਵੱਧ ਵੋਟਿੰਗ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹੇ ਵਿੱਚ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਤਹਿਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਵੋਟਰਾਂ ਨੂੰ ਵੋਟਾਂ ਸਬੰਧੀ ਵੱਖ ਵੱਖ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰਕੇ ਉਸ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਮੋਬਾਇਲ ਐਪ ਵੋਟਰ ਹੈਲਪ ਲਾਇਨ, ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਸਕਸ਼ਮ ਐਪ, ਸੀ. ਵਿਜਿਲ, ਨੋ ਯੂਅਰ ਕੈਂਡੀਡੇਟ, ਵੋਟਰ ਸਰਵਿਸ ਪੋਰਟਲ ਅਤੇ ਵੋਟਰ ਅਵੇਅਰਨੈੱਸ ਐਪ ਲਾਂਚ ਕੀਤੇ ਗਏ ਹਨ ਜਿਸ ਵਿੱਚ ਵੋਟਰਾਂ ਨੂੰ ਵੋਟਾਂ ਸਬੰਧੀ ਵੱਖ ਵੱਖ ਸੂਚਨਾ ਆਸਾਨੀ ਨਾਲ ਮਿਲ ਸਕਦੀ ਹੈ ।
ਉਨ੍ਹਾਂ ਕਿਹਾ ਕਿ ਅੱਜ ਦੇ ਸੂਚਨਾ ਤਕਨਾਲੌਜੀ ਦੇ ਦੌਰ ਵਿੱਚ ਚੋਣ ਕਮਿਸ਼ਨ ਵੱਲੋਂ ਇਹ ਮੋਬਾਇਲ ਐਪਸ ਬਣਾਈਆਂ ਗਈਆਂ ਹਨ ਤਾਂ ਜੋ ਵੋਟਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਚੋਣਾਂ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਈਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਬਣਾਈ ਗਈ ਸੀ.ਵਿਜਲ ਐਪ ਰਾਹੀਂ ਵੋਟਰ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਪਾ ਸਕਦੇ ਹਨ ਅਤੇ ਉਨ੍ਹਾਂ ਦੀ ਸ਼ਿਕਾਇਤ ਦਾ ਤੈਅ ਸਮੇਂ ਅੰਦਰ ਨਿਪਟਾਰਾ ਕੀਤਾ ਜਾਵੇਗਾ। ਇਸ ਐਪ ’ਤੇ ਪਹਿਲਾਂ ਤੋਂ ਹੀ ਬਣਾਈ ਗਈ ਵੀਡੀਓ ਜਾਂ ਆਡੀਓ ਕਲਿੱਪ ਨਹੀਂ ਪਾਈ ਜਾ ਸਕਦੀ।
ਉਨ੍ਹਾਂ ਹੋਰ ਦੱਸਿਆ ਕਿ ਇਸੇ ਤਰ੍ਹਾਂ ਮੋਬਾਇਲ ਐਪ ਵੋਟਰ ਹੈਲਪਲਾਈਨ ਰਾਹੀਂ ਵੋਟਰ ਜਿਥੇ ਆਪਣੀ ਵੋਟ ਬਣਾਉਣ ਅਤੇ ਉਸ ਨਾਲ ਸਬੰਧਤ ਹੋਰ ਸੇਵਾਵਾਂ ਹਾਸਲ ਕਰ ਸਕਦੇ ਹਨ ਉਥੇ ਹੀ ਇਸ ਐਪ ਰਾਹੀਂ ਚੋਣਾਂ ਦੇ ਨਤੀਜਿਆਂ, ਪੋਲਿੰਗ ਬੂਥ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਸਟੇਸ਼ਨਾਂ ਤੇ ਪੀਣ ਵਾਲੇ ਸਾਫ ਸੁਥਰੇ ਪਾਣੀ, ਬੈਠਣ ਲਈ ਛਾਂਦਾਰ ਜਗ੍ਹਾ ਅਤੇ ਔਰਤਾਂ ਤੇ ਮਰਦਾਂ ਲਈ ਵੱਖਰੇ ਪਖਾਨਿਆਂ ਦੀ ਸਹੂਲਤ ਵੀ ਦਿੱਤੀ ਜਾਵੇਗੀ ਤਾਂ ਜੋ ਵੋਟਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨਾਂ ਉੱਤੇ ਲੱਸੀ, ਜਲਜੀਰਾ ਜਾਂ ਹੋਰ ਠੰਡੀਆਂ ਚੀਜਾਂ ਵੋਟਰਾਂ ਨੂੰ ਦੇਣ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ‘ਚ ਵੱਖ ਵੱਖ ਥਾਂਵਾਂ ਉੱਤੇ ਇਨ੍ਹਾਂ ਮੋਬਾਇਲ ਐਪਲੀਕੇਸ਼ਨ ਸਬੰਧੀ ਪੋਸਟਰ ਸਵੀਪ ਟੀਮਾਂ ਵੱਲੋਂ ਚਸਪੇ ਕੀਤੇ ਜਾ ਰਹੇ ਹਨ। ਸਹਾਇਕ ਰਿਟਰਨਿੰਗ ਅਫ਼ਸਰ ਭਦੌੜ ਡਾ. ਪੂਨਮਪ੍ਰੀਤ ਕੌਰ ਦੀ ਟੀਮ ਵੱਲੋਂ ਭਦੌੜ ਹਲਕੇ ‘ਚ ਲੋਕ ਸਭਾ ਚੋਣਾਂ ਦੇ ਨਾਲ ਸੰਬੰਧਿਤ ਵੋਟਰ ਹੈਲਪ ਲਾਈਨ ਅਤੇ ਸ਼ਕਸਮ ਐਪ ਨਾਲ ਸੰਬੰਧਿਤ ਫਲੈਕਸ ਲਗਾਏ ਗਏ ਅਤੇ ਇਨ੍ਹਾਂ ਐਪ ਸੰਬੰਧੀ ਜਾਣਕਾਰੀ ਵੀ ਵੋਟਰਜ਼ ਨੂੰ ਦਿੱਤੀ ਗਈ ।