–ਸਵੀਪ ਤਹਿਤ ਬਰਨਾਲਾ ਵਿਖੇ ਸਕਸ਼ਮ ਐੱਪ ਬਾਰੇ ਲੋਕਾਂ ਨੂੰ ਕੀਤਾ ਗਿਆ ਜਾਗਰੂਕ
23 ਮਈ (ਗਗਨਦੀਪ ਸਿੰਘ) ਬਰਨਾਲਾ: ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਲੋਕ ਸਭਾ ਚੋਣਾਂ-2024 ਦੌਰਾਨ ਦਿਵਿਆਂਗਜਨਾਂ ਨੂੰ ‘ਸਕਸ਼ਮ ਐੱਪ’ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਇਸ ਐੱਪ ਦੀ ਵਰਤੋਂ ਕਰਕੇ, ਦਿਵਿਆਂਗ ਵੋਟਰ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ ਅਤੇ ਵੋਟਾਂ ਵਾਲੇ ਦਿਨ ਆਪਣੀ ਸਹੂਲਤ ਲਈ ਵ੍ਹੀਲਚੇਅਰ, ਆਵਾਜਾਈ ਅਤੇ ਵਲੰਟੀਅਰ ਵਰਗੀਆਂ ਸਹੂਲਤਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਐੱਪ ਨੂੰ ਗੂਗਲ ਪਲੇਅ ਸਟੋਰ ਅਤੇ ਐੱਪਲ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਚੋਣਾਂ ਦੌਰਾਨ ਵੱਧ ਤੋਂ ਵੱਧ ਦਿਵਿਆਂਗਜਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਸਾਰੇ ਸਹਾਇਕ ਰਿਟਰਨਿੰਗ ਅਫ਼ਸਰਾਂ (ਏ.ਆਰ.ਓ) ਨੂੰ ਹਦਾਇਤ ਕੀਤੀ ਕਿ ਉਹ ‘ਸਕਸ਼ਮ ਐੱਪ’ ਰਾਹੀਂ ਦਿਵਿਆਂਗਜਨ ਲਈ ਉਪਲੱਬਧ ਸਹੂਲਤਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਉਣ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਇਨ੍ਹਾਂ ਸਹੂਲਤਾਂ ਦਾ ਲਾਭ ਉਠਾ ਸਕਣ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਪੋਲਿੰਗ ਸਟੇਸ਼ਨਾਂ ‘ਤੇ ਪੀਣ ਵਾਲੇ ਪਾਣੀ, ਸਾਫ਼-ਸਫ਼ਾਈ, ਵ੍ਹੀਲਚੇਅਰ, ਰੈਂਪ ਆਦਿ ਦੇ ਪੁਖਤਾ ਪ੍ਰਬੰਧ ਕਰਨ ਤਾਂ ਜੋ ਵੋਟਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਦੱਸਿਆ ਕਿ ਇਸ ਐੱਪ ਵਿੱਚ ਲੋਗ ਇਨ ਕਰਨ ਤੋਂ ਬਾਅਦ ਦਿਵਿਆਂਗ ਵੋਟਰ ਇਸ ਐੱਪ ਉੱਤੇ ਹੀ ਵ੍ਹੀਲਚੇਅਰ ਲਈ ਬੇਨਤੀ ਕਰ ਸਕਦਾ ਹੈ। ਨਾਲ ਹੀ ਐੱਪ ਵਿੱਚ ਪੋਲਿੰਗ ਬੂਥ ਲੋਕੇਟਰ ਫੀਚਰ ਵੀ ਹੈ ਜਿਸ ਰਾਹੀਂ ਸਬੰਧਿਤ ਪੋਲਿੰਗ ਬੂਥ ਉੱਤੇ ਪਹੁੰਚਣ ਦਾ ਰਾਹ ਵੀ ਵੇਖਿਆ ਜਾ ਸਕਦਾ ਹੈ। ਦਿਵਿਆਂਗਜਨ ਇਸ ਐੱਪ ਵਿੱਚ ਜਾਣਕਾਰੀ ਆਸਾਨੀ ਨਾਲ ਲਈ ਸਕਦੇ ਹਨ ਅਤੇ ਇਸ ਨੂੰ ਇਸਤਮਾਲ ਕਰਨਾ ਆਸਾਨ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਕੁੱਲ 3304 ਵੋਟਰ ਹਨ ਜਿਨ੍ਹਾਂ ਵਿੱਚੋਂ 1041 ਵੋਟਰ ਭਦੌੜ ਦੇ ਹਨ, 1345 ਵੋਟਰ ਬਰਨਾਲਾ ਦੇ ਹਨ ਅਤੇ 918 ਵੋਟਰ ਮਹਿਲ ਕਲਾਂ ਦੇ ਹਨ। ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਕੁੱਲ 433 ਨੇਤਰਹੀਣ ਵੋਟਰ, 1893 ਵੋਟਰ ਚੱਲਣ ਫਿਰਨ ‘ਚ ਅਸਮਰੱਥ, 330 ਬੋਲਣ ਅਤੇ ਸੁਣਨ ਦੇ ਕਾਬਿਲ ਨਹੀਂ ਹਨ ਅਤੇ 873 ਲੋਕ ਵੱਖ ਵੱਖ ਪ੍ਰਕਾਰ ਦੀ ਅਪੰਗਤਾ ਤੋਂ ਪੀੜਿਤ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 2251 ਮਰਦ ਵੋਟਰ ਅਤੇ 1053 ਮਹਿਲਾ ਵੋਟਰ ਹਨ।
ਜ਼ਿਲ੍ਹਾ ਚੋਣ ਅਫ਼ਸਰ ਦੇ ਨਿਰਦੇਸ਼ਾਂ ਅਨੁਸਾਰ ਵਿਨਸੀ ਜਿੰਦਲ ਸਵੀਪ ਨੋਡਲ ਅਫ਼ਸਰ ਬਰਨਾਲਾ ਅਤੇ ਸਵੀਪ ਟੀਮ ਨੇ ਇਲੈਕਸ਼ਨ ਸੈੱਲ ਬਰਨਾਲਾ ਦੀ ਮਦਦ ਨਾਲ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦਿਵਿਆਂਗਜਨਾਂ ਲਈ ਸ਼ਕਸਮ ਐੱਪ ਨਾਲ ਸੰਬੰਧਿਤ ਜਾਣਕਾਰੀ ਭਰਪੂਰ ਫਲੈਕਸ ਸ਼ਹਿਰ ਦੇ ਰੇਲਵੇ ਸਟੇਸ਼ਨ, ਸ਼ਹੀਦ ਭਗਤ ਸਿੰਘ ਪਾਰਕ, ਸਿਵਲ ਹਸਪਤਾਲ, ਸੰਧੂ ਪੱਤੀ ਚੌਂਕ , ਕੰਨਿਆ ਸਕੂਲ ਚੌਂਕ , ਕਚਿਹਰੀ ਚੌਂਕ ਬਰਨਾਲਾ ਵਿਖੇ ਲਗਾਏ ਗਏ ।
ਵਰਿੰਦਰ ਸਿੰਘ ਸਹਾਇਕ ਰਿਟਰਨਿੰਗ ਅਫ਼ਸਰ ਬਰਨਾਲਾ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਆਪਣੀ ਟੀਮਾਂ ਦੀ ਮਦਦ ਨਾਲ ਦਿਵਿਆਂਗ ਵੋਟਰ ਦੀ ਵੋਟਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕਰ ਰਿਹਾ ਹੈ। ਸਵੀਪ ਟੀਮ ਵੱਲੋਂ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਪੰਕਜ ਗੋਇਲ, ਹਰਿੰਦਰਜੀਤ ਸਿੰਘ ਸਵੀਪ ਟੀਮ ਬਰਨਾਲਾ ਹਾਜਰ ਰਹੀ।