ਆਦਿਲ ਬਰਾੜ ਦੀ ਇਹ ਕਹਾਣੀ ਬਠਿੰਡੇ ਦੇ ਉਸ ਅਸਧਾਰਨ ਪ੍ਰਤਿਭਾਵਾਨ ਨੌਜਵਾਨ ਦੀ ਅਨੋਖੀ ਤੇ ਮਿਸਾਲੀ ਦਾਸਤਾਂ ਹੈ,ਜੋ ਟਿਪੀਕਲ ਮੱਧਵਰਗੀ ਟਰੈਂਡਾਂ ਨੂੰ ਵੱਢ ਮਾਰਦੀ ਹੋਈ ਇੱਕ ਬਾਪ ਦੀ ਦਲੇਰੀ ਨਾਲ ਪੁੱਤ ਦੁਆਰਾ ਆਪਣੇ ਸ਼ੌਂਕ ਨੂੰ ਕਿੱਤਾ ਬਣਾਉਣ ਦਾ ਦਮ ਭਰਦੀ ਵਿਸ਼ਵ ਪੱਧਰੀ ਨਾਮਣਾ ਖੱਟਦੀ ਹੈ।
ਆਦਿਲ ਬਰਾੜ ਦਾ ਜਨਮ 22 ਮਾਰਚ 1993 ਨੂੰ ਮਾਤਾ ਸਰਬਜੀਤ ਕੌਰ ਦੀ ਕੁੱਖੋਂ ਪਿਤਾ ਪ੍ਰੀਤ ਮਹਿੰਦਰ ਸਿੰਘ ਬਰਾੜ(BCG ਵਾਲੇ Preet Brar )ਦੇ ਘਰ ਬਠਿੰਡਾ ਵਿਖੇ ਹੋਇਆ।
ਉਸਨੇ ਦਸਵੀਂ ਜਮਾਤ 2009’ਚ ਸ਼ਹਿਰ ਦੇ ਸਭ ਤੋਂ ਵੱਧ ਵੱਕਾਰੀ ਸਕੂਲਾਂ’ਚ ਗਿਣੇ ਜਾਂਦੇ ਸੇਂਟ ਜੋਸਫ ਸਕੂਲ ਤੋਂ ਕੀਤੀ।ਜਿਹੜੇ ਸਮਿਆਂ’ਚ ਆਦਿਲ ਨੇ ਦਸਵੀਂ ਕੀਤੀ,ਉਸ ਸਮੇਂ +1,+2’ਚ ਮੈਡੀਕਲ/ਨਾਨ ਮੈਡੀਕਲ ਰੱਖਣ ਦਾ ਇੰਨਾ ਕੁ ਰਿਵਾਜ਼ ਸੀ ਕਿ ਇਸ ਤੋਂ ਬਾਹਰ ਜਾਣ ਵਾਲੇ ਖਾਦੇ ਪੀਂਦੇ ਘਰ ਦੇ ਜਵਾਕ’ਤੇ ਸਵਾਲ ਖੜ੍ਹੇ ਕੀਤੇ ਜਾਂਦੇ ਸਨ ਕਿ ਕਿਤੇ ਉਹ ਨਲਾਇਕ ਤਾਂ ਨਹੀਂ ਜਾਂ ਫੇਰ ਕਿਤੇ ਬਿਮਾਰ ਬਮੂਰ ਨਾ ਰਹਿੰਦਾ ਹੋਵੇ!
ਕਾਮਰਸ ਰੱਖ ਕੇ ਇੱਕ ‘ਫੇਸ ਸੇਵਰ’ ਲਿਆ ਜਾ ਸਕਦਾ ਸੀ ਕਿ ਅਸੀਂ ਆਪਣੀ ਔਲ਼ਾਦ ਨੂੰ ਚਲੋਂ CA ਬਣਾ ਦਿਆਂਗੇ, ‘ਜੋ ਇੰਨਾ ਮਾੜਾ ਨਹੀਂ ਸੀ!, ਮੈਡੀਕਲ ਤੇ ਨਾਨ-ਮੈਡੀਕਲ ਦੇ ਬਰਾਬਰ ਤਾਂ ਉਸਨੂੰ ਫੇਰ ਵੀ ਨਹੀਂ ਸਮਝਿਆ ਜਾਂਦਾ ਸੀ।
ਪਰ ਇੱਥੇ ਤਾਂ ਆਦਿਲ ਇਤਿਹਾਸ’ਚ ਬੇਹੱਦ ਰੁਚੀ ਹੋਣ ਕਰਕੇ ਦੁਨੀਆ ਦੇ ਕਾਮਯਾਬੀ ਲਈ ਘੜੇ ਸਾਂਚਿਆਂ ਤੋਂ ਇੱਕਦਮ ਉਲਟ ਆਪਣੀਆਂ ਸੈਕੰਡਰੀ ਜਮਾਤਾਂ ਪੜ੍ਹਨ ਲਈ ਆਰਟਸ ਸਟਰੀਮ ਚੁਣ ਕੇ ‘ਵੱਡੀ ਗੁਸਤਾਖੀ’ ਕਰ ਰਿਹਾ ਸੀ,ਪਰ ਪਿਤਾ ਨੇ ਪੁੱਤ ਦੇ ਚਾਅ ਲਈ ਇਹ ਕਰੜਾ ਫੈਸਲਾ ਲਿਆ ਤੇ ਉਸ ਸਮੇਂ ਲੋਕਾਂ ਤੋਂ ਖਾਸਾ ਕੁਝ ਸੁਣਿਆ ਕਿ ‘ਇਸ ਮੁੰਡੇ ਦਾ ਬਣੂ ਕੀ?’
ਸ਼ਹਿਰ ਦੇ ਬਾਹਰਵਾਰ ਕੇਂਦਰੀ ਵਿਦਿਆਲਿਆ-1(KV-1) ਕੈਂਟ ਬਠਿੰਡਾ ਤੋਂ ਇਸ ਤਰ੍ਹਾਂ ਉਸਨੇ ਬਾਰ੍ਹਵੀਂ ਆਰਟਸ ਨਾਲ ਕੀਤੀ,ਕਿਉਂਕਿ ਸ਼ਹਿਰ ਅੰਦਰਲੇ “ਚੰਗੇ ਸਕੂਲਾਂ” ਚ ਤਾਂ ਉਸ ਸਮੇਂ ਇਸ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ।
ਇਸੇ ਵਿਚਕਾਰ ਜਦੋਂ ਆਦਿਲ ਪ੍ਰਸਿੱਧ ਆਰਟ ਹਿਸਟੋਰੀਅਨ ਸੁਭਾਸ਼ ਪਰਿਹਾਰ ਦੀ ਲਾਇਬ੍ਰੇਰੀ’ਚ ਜਾ ਕੇ ਆਪਣੇ ਗਿਆਨ ਦੀ ਭੁੱਖ ਮਿਟਾ ਰਿਹਾ ਸੀ ਤਾਂ ਹੌਲੀ-ਹੌਲੀ ਉਸ ਦਾ ਰੁਝਾਨ ਇਤਿਹਾਸ ਤੋਂ ਪੂਰਵ-ਇਤਿਹਾਸ(Pre-History ਮਤਲਬ History ਤੋਂ ਪਹਿਲਾਂ ਦਾ ਸਮਾਂ,ਜਿਸਦਾ ਸ੍ਰੋਤ ਪੱਧਰ’ਤੇ ਲਿਖਤੀ ਵੇਰਵਾ ਨਹੀਂ ਮਿਲਦਾ)’ਚ ਹੋ ਗਿਆ ਤੇ Archaeology ਦਾ ਇਸ਼ਕ ਜਾਗ ਪਿਆ।ਇਸ ਇਸ਼ਕ ਦੀ ਅਲਖ ਜਗਾਉਣ ਲਈ ਉਹ ਧਲੇਵਾਂ,ਸੰਘੋਲ,ਕਾਲੀਬੰਗਾ,ਲੁਧਿਆਣਾ,ਅਬੋਹਰ ਵਿਖੇ ਜਾ ਕੇ ਸਿੰਧੂ ਘਾਟੀ ਸਭਿਅਤਾ ਦੇ ਸਥਾਨਾਂ’ਤੇ ਆਪਣੀ ਖੋਜੀ ਪ੍ਰਵਿਰਤੀ ਨਾਲ ਜਾਣ ਲੱਗਾ।ਜ਼ਿਲ੍ਹਾ ਉਦਯੋਗਿਕ ਕੇਂਦਰ ਦੇ ਜਨਰਲ ਮੈਨੇਜਰ ਦੀ ਗਜ਼ਟਡ ਪੋਸਟ ਤੋਂ ਡਿਪਟੀ ਡਾਇਰਕੈਂਟ ਤੱਕ ਪਹੁੰਚੇ ਪਿਤਾ ਪ੍ਰੀਤ ਬਰਾੜ ‘ਜੈਕਨਾਮਾ’ ਨੂੰ ਦੱਸਦੇ ਹਨ ਕਿ ਉਹ ਆਪਣੇ ਲਾਡਲੇ ਇਕਲੌਤੇ ਪੁੱਤ ਦੇ ਚਾਅ ਲਈ ਉਸਨੂੰ ਉਸ ਦੇ ਅਧਿਆਪਕ ਤੇ ਪ੍ਰਸਿੱਧ ਆਰਟਿਸਟ ਗੁਰਪ੍ਰੀਤ ਨਾਲ ਸਾਂਚੀ ਸਤੂਪ ਤੱਕ ਭੇਜਿਆ।ਅਮਰੀਕਾ ਰਹਿੰਦੀ ਮਾਸੀ ਤੋਂ ਖੁਦਾਈ ਦੇ ‘ਵਿਸ਼ੇਸ਼ ਸੰਦ’ ਮੰਗਵਾ ਕੇ ਦਿੱਤੇ ਤੇ ਹਿਸਾਰ ਨੇੜੇ ਰਾਖੀਗੜ੍ਹੀ’ਚ ਚਲਦੀ ਖੁਦਾਈ ਤੋਂ ਆਦਿਲ ਨੂੰ ਕੁਝ ਸਿਖਾਉਣ ਲਈ 15 ਦਿਨ ਦੇ ਕਰੀਬ ਟੈਂਟਾਂ’ਚ ਰਹੇ।
ਵਿਧੀਵਤ ਪੜ੍ਹਾਈ ਦੀ ਖੋਜ ਕਰਦਿਆਂ
ਸਿਆਜੀ ਰਾਓ ਯੂਨੀਵਰਸਿਟੀ ਵਡੋਦਰਾ’ਚ ਪੁਰਾਤੱਤਵ ਵਿਭਾਗ ਦੀ ਡਿਗਰੀ ਕਰਨ ਲਈ ਆਦਿਲ ਨੇ ਉੱਥੇ ਦਾਖ਼ਲਾ ਲੈ ਲਿਆ,ਪਰ ਵਿਸ਼ਵਵਿਦਿਆਲੇ ਦੇ ਅਧਿਆਪਕ ਚੜ੍ਹਦੀ ਜਵਾਨੀ’ਚ ਪੈਰ ਧਰਦੇ ਸਿਰੇ ਦੇ ਜਗਿਆਸੂ ਆਦਿਲ ਨੂੰ ਸੰਤੁਸ਼ਟ ਨਾ ਕਰ ਸਕੇ ਕਿਉਂਕਿ ਪੜ੍ਹਾਏ ਜਾ ਰਹੇ ਨਾਲੋਂ ਤਾਂ ਉਸਨੂੰ ਪਹਿਲਾਂ ਹੀ ਵੱਧ ਪਤਾ ਸੀ,ਸੋ ਉਹ ਕੁਝ ਮਹੀਨੇ ਲਾ ਕੇ ਉੱਥੋਂ ਘਰ ਵਾਪਿਸ ਆ ਗਿਆ।
ਘਰ’ਚ ਨਿਰਾਸ਼ਾ ਦਾ ਆਲਮ ਸੀ।ਉੱਚ ਵਿੱਦਿਆ ਲਈ ਚਾਈਂ-ਚਾਈਂ ਗੁਜਰਾਤ ਦੇ ਇਸ ਵੱਡੇ ਸ਼ਹਿਰ ਛੱਡ ਕੇ ਆਂਦਾ ਪੁੱਤ ਘਰੇ ਬੈਠ ਗਿਆ ਸੀ।
ਇਸੇ ਫਰਿਹਸਤ’ਚ ਉਸਨੇ ਆਰਿਓਲਜੀ ਪੜ੍ਹਨ ਲਈ ਕੈਨੇਡਾ’ਚ ਵੈਨਕੂਵਰ ਦੀ ‘ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ'(UBC)’ਚ ਦਾਖ਼ਲਾ ਲੈ ਲਿਆ।ਇੱਥੇ ਇਹ ਉਚੇਚੇ ਤੌਰ’ਤੇ ਦੱਸਣਯੋਗ ਹੈ ਕਿ ਆਦਿਲ ਕੈਨੇਡਾ ਸਚਮੁੱਚ ਹੀ ਪੜ੍ਹਨ ਗਿਆ ਸੀ,ਨਾ ਕਿ ਪੜ੍ਹਨ ਦੇ ਬਹਾਨੇ ਕੰਮ ਕਰਨ ਤੇ ਪੱਕਾ ਹੋਣ!
UBC ਚ ਜਾਣ ਤੋਂ ਬਾਅਦ ਆਦਿਲ ਨੇ ਪਿੱਛੇ ਮੁੜ ਕੇ ਨਾ ਦੇਖਿਆ ਤੇ ਖੁੱਭ ਕੇ ਪੁਰਾਤੱਤਵ ਤੇ ਸਮਾਜਿਕ ਮਾਨਵ-ਵਿਗਿਆਨ(Social Anthropology)ਦਾ ਅਧਿਐਨ ਕੀਤਾ।
ਉਸ ਨੂੰ WAC(The World Archaeological Congress)ਦਾ ਦੱਖਣ ਏਸ਼ੀਆਈ ਪ੍ਰਤੀਨਿਧ ਥਾਪਿਆ ਗਿਆ।
ਯੂਨੀਵਰਸਿਟੀ ਨੇ ਉਸਨੂੰ ਹਜ਼ਾਰਾਂ ਅਮਰੀਕੀ ਡਾਲਰ ਦੀ ਸਕਾਲਰਸ਼ਿਪ’ਤੇ ਸਿੱਕਮ ਦੇ ਥੰਗਕਾ ਕਬੀਲੇ ਦੀਆਂ ਕਲਾਵਾਂ ਬਾਰੇ ਖੋਜ ਕਰਨ ਲਈ ਗੰਗਟੌਕ ਭੇਜਿਆ।ਇਸ ਤੋਂ ਵੱਡੀ ਮਾਣ ਵਾਲੀ ਗੱਲ ਕੀ ਹੋ ਸਕਦੀ ਸੀ ਕਿ ਜਿਸ ਨੈਸ਼ਨਲ ਜੌਗਰਫਿਕ ਚੈਨਲ ਨੂੰ ਵੇਖਦਾ ਉਹ ਵੱਡਾ ਹੋਇਆ,ਉਸੇ ਨੂੰ ਉਸਨੂੰ ਰਿਸਰਚ ਕਰਨ ਲਈ ਕੰਚਨਜੰਗਾ ਨੈਸ਼ਨਲ ਪਾਰਕ ਭੇਜਿਆ।
ਬਹੁ-ਪੱਖੀ ਸਖ਼ਸ਼ੀਅਤ ਦੇ ਮਾਲਿਕ ਆਦਿਲ ਨੇ ਇਸ ਤੋਂ ਬਾਅਦ BBC India ਦੇ ਕਨਾਟ ਪੈਲੇਸ ਵਿਖੇ ਸਥਿਤ ਹੈੱਡਕੁਆਟਰ’ਚ ‘China Media Journalist’ ਵਜੋਂ ਕੰਮ ਕੀਤਾ। University of London ਤੋਂ IR(International Relations)’ਚ ਮਾਸਟਰ ਡਿਗਰੀ ਕਰਨ ਤੋਂ ਬਾਅਦ ਉਸਦੀ ਵਿਸ਼ਵ-ਵਿਆਪੀ ਪਛਾਣ ਦੇ ਨਵੇਂ ਦਿਸਹੱਦੇ ਖੁੱਲ੍ਹੇ।
ਉਹ ਲੰਮੇ ਸਮੇਂ ਤੋਂ ਸ਼ੇਖਰ ਗੁਪਤਾ ਵਾਲੇ ਮਸ਼ਹੂਰ ਮੀਡੀਆ ਅਦਾਰੇ ‘The Print’ ਚ ਪੰਦਰਵਾੜਾ ਆਰਟੀਕਲ ਲਿਖਦਾ ਆ ਰਿਹਾ ਹੈ,ਜੋ ਅੱਜ-ਕੱਲ੍ਹ ਹਫ਼ਤਾਵਾਰੀ ਹੋ ਗਿਆ ਹੈ।ਉਹ ਕਦੇ ਬਰਖਾ ਦੱਤ ਵਾਲੇ mojo ਪਲੇਟਫਾਰਮ’ਤੇ ਹੁੰਦਾ ਤੇ ਕਦੇ NDTV ‘ਤੇ ਵਿਸ਼ੇਸ਼ ਤੌਰ’ਤੇ ‘China Expert’ ਵਜੋਂ ਵਿਚਰਦਾ ਹੈ।
ਉਰਦੂ ਤੇ ਮੰਦਾਰਿਨ(ਚੀਨੀ)ਭਾਸ਼ਵਾਂ ਦਾ ਗਿਆਤਾ ਆਦਿਲ ਅੱਜ ਕੱਲ੍ਹ ਤਾਇਵਾਨ’ਚ ਉੱਥੋਂ ਦੇ ਵਿਦੇਸ਼ ਮੰਤਰਾਲੇ ਦੀ ਫੈਲੋਸ਼ਪਿ’ਤੇ ਇੱਕ ਅੰਤਰ-ਰਾਸ਼ਟਰੀ ਪ੍ਰੋਜੈਕਟ’ਤੇ ਕੰਮ ਕਰ ਰਿਹਾ ਹੈ,ਜਿੱਥੇ ਦੁਨੀਆ ਦੇ ਵੱਡੇ ਡਿਪਲੋਮੈਟਾਂ ਤੇ ਪੱਤਰਕਾਰਾਂ ਨਾਲ ਉਸਦਾ ਵਾਹ ਅਕਸਰ ਹੀ ਪੈਂਦਾ ਰਹਿੰਦਾ ਹੈ।
ਬਠਿੰਡੇ ਵਾਲਾ ਚੋਬਰ ਇਸੇ ਤਰ੍ਹਾਂ ਆਲਮੀ ਪੱਤਰਕਾਰਤਾ ਤੇ ਖੋਜ-ਖੇਤਰ’ਚ ਨਵੀਆਂ ਪੈੜਾਂ ਪਾਉਂਦਾ ਰਹੇ!ਦੁਨੀਆ ਦੀ ਪਰਵਾਹ ਕੀਤੇ ਬਿਨਾਂ ਆਪਣੇ ਸੁਪਨੇ ਨੂੰ ਜਿਉ ਕੇ ਦੁਨੀਆ ਘੁੰਮ ਰਹੇ ਆਦਿਲ ਨੂੰ ਜੈਕਨਾਮਾ ਸਲਾਮ ਕਰਦਾ ਹੈ।