ਖਾਲਸਾ ਰਾਜ ਦੀ ਪ੍ਰਾਪਤੀ ਲਈ ਭਾਈ ਸਾਹਿਬ ਦੀ ਸੋਚ ਨੂੰ ਮਘਦਾ ਰੱਖਣਾ ਸੱਚੀ ਸਰਧਾਂਜਲੀ ਹੋਵੇਗੀ-ਪੰਥ ਸੇਵਕ ਜਥਾ
05 ਜੁਲਾਈ (ਸ਼ਿਵ ਸੋਨੀ) ਬਠਿੰਡਾ: ਜਲਾਵਤਨ ਪੰਥਕ ਆਗੂ ਤੇ ਦਲ ਖ਼ਾਲਸਾ ਦੇ ਬਾਨੀ ਪ੍ਰਧਾਨ ਭਾਈ ਗਜਿੰਦਰ ਸਿੰਘ ਦਾ ਲਹਿੰਦੇ ਪੰਜਾਬ ਦੇ ਲਾਹੌਰ ’ਚ ਅਕਾਲ ਚਲਾਣਾ ਕਰ ਜਾਣ ’ਤੇ ਪੰਥ ਸੇਵਕ ਜਥਾ ਨੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਖਾਲਸਾ ਰਾਜ ਦੀ ਮੁੜ ਬਹਾਲੀ ਲਈ ਭਾਈ ਗਜਿੰਦਰ ਸਿੰਘ ਦੀ ਸੋਚ ਨੂੰ ਮਘਦਾ ਰੱਖਣਾ ਅਤੇ ਉਸ ’ਤੇ ਪਹਿਰਾ ਦੇਣਾ ਹੀ ਉਹਨਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ।
ਪ੍ਰੈਸ ਨੂੰ ਜਾਰੀ ਬਿਆਨ ’ਚ ਭਾਈ ਦਲਜੀਤ ਸਿੰਘ ਖਾਲਸਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਨਰਾਇਣ ਸਿੰਘ ਚੌੜਾ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਮਨਜੀਤ ਸਿੰਘ ਫਗਵਾੜਾ ਤੇ ਭਾਈ ਸੁਖਦੇਵ ਸਿੰਘ ਡੋਡ ਨੇ ਕਿਹਾ ਕਿ ਭਾਈ ਗਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਵਲੋਂ ਦਰਸਾਏ ਪੀਰੀ ਤੇ ਮੀਰੀ ਦੋਹਾਂ ਮਾਰਗਾਂ ’ਤੇ ਪਹਿਰਾ ਦਿੱਤਾ, ਜਿਨ੍ਹਾਂ ਲਈ ਉਹਨਾਂ ਨੇ ਆਪਣੀਆਂ ਸਾਹੀ ਨੌਕਰੀਆਂ, ਜਵਾਨੀਆਂ, ਜਿੰਦਗੀ ਦੇ ਸੁੱਖ, ਪਰਿਵਾਰਾਂ ਦੀਆਂ ਸਹੂਲਤਾਂ, ਆਪਣੀਆਂ ਜਾਨਾਂ ਸਭ ਕੁਝ ਕੁਰਬਾਨ ਕੀਤਾ ਤੇ ਜਿੰਦਗੀ ਦੇ ਬਚਦੇ ਸਮਿਆਂ ਵਿਚ ਉਹ ਖਾਲਸਾ ਰਾਜ ਦੇ ਇਤਿਹਾਸ, ਪੰਥਕ ਜਜਬੇ, ਸਿੱਖੀ ਫਲਸਫ਼ੇ ਨੂੰ ਸ਼ਬਦਾਂ ਰਾਹੀਂ ਸਿੱਖ ਪੰਥ ਅੱਗੇ ਪੇਸ਼ ਕਰਦੇ ਰਹੇ। ਜ਼ਿਕਰਯੋਗ ਹੈ ਕਿ ਸ਼ਹੀਦ ਸੰਤ ਸਿਪਾਹੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗਿਰਫ਼ਤਾਰੀ ਦੇ ਵਿਰੋਧ ’ਚ 29 ਸਤੰਬਰ 1981 ਨੂੰ ਭਾਈ ਗਜਿੰਦਰ ਸਿੰਘ, ਭਾਈ ਤਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਇੰਡੀਆ ਏਅਰ ਜਹਾਜ਼ ਅਗਵਾ ਕੇ ਪਾਕਿਸਤਾਨ ਲਿਜਾ ਉਤਾਰਿਆ ਸੀ। ਪਾਕਿਸਤਾਨ ਹਕੂਮਤ ਨੇ ਸਾਥੀਆਂ ਨੂੰ ਉਮਰ ਕੈਦ ਤਕ ਦੀਆਂ ਸਖ਼ਤ ਸਜਾਵਾਂ ਸੁਣਾਈਆਂ। ਭਾਈ ਗਜਿੰਦਰ ਸਿੰਘ ਨੂੰ 13 ਸਾਲਾਂ 4 ਮਹੀਨਿਆਂ ਬਾਅਦ ਰਿਹਾਅ ਕਰ ਦਿੱਤਾ ਪਰ ਉਹਨਾਂ ਨੇ ਲਹਿੰਦੇ ਪੰਜਾਬ ’ਚ ਜਿੰਦਗੀ ਦੇ ਬਾਕੀ ਸਾਲ ਕੱਟਣ ਨੂੰ ਤਰਜੀਹ ਦਿੱਤੀ। ਭਾਈ ਦਲਜੀਤ ਸਿੰਘ ਖਾਲਸਾ ਨੇ ਉਹਨਾਂ ਨੂੰ ਸਰਧਾਂਜਲੀ ਦਿੰਦਿਆ ਕਿਹਾ ਕਿ ਭਾਈ ਗਜਿੰਦਰ ਸਿੰਘ ਦਾ ਜੀਵਨ ਅਗਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਰਹੇਗਾ।
ਜਾਰੀ ਕਰਤਾ ਭਾਈ ਹਰਦੀਪ ਸਿੰਘ ਮਹਿਰਾਜ
ਰਾਬਤਾ ਨੰ. 95927-31300