30 ਸਤੰਬਰ (ਐਸ.ਐਸ.ਬੀਰ, ਗੁਰਜੀਤ ਭੁਟਾਲ) ਬੁਢਲਾਡਾ/ਲਹਿਰਾ ਗਾਗਾ: ਬੀ.ਕੇ.ਯੂ.(ਏਕਤਾ) ਉਗਰਾਹਾਂ ਜਹੀਆਂ ਇਨਸਾਫ਼ ਪਸੰਦ ਤੇ ਲੋਕ ਹਿਤਾਂ ਨੂੰ ਪ੍ਰਣਾਈਆਂ ਜਥੇਬੰਦੀਆਂ ਵੱਲੋਂ ਥਾਣਾ ਲਹਿਰਾਗਾਗਾ(ਸੰਗਰੂਰ) ਦੇ ਬੂਹੇ ਅੱਗੇ ਅਣਮਿਥੇ ਸਮੇਂ ਲਈ ਗਹਿ-ਗੱਡਵਾਂ ਧਰਨਾ ਲਗਾ ਦਿੱਤਾ ਗਿਆ ਹੈ ਕਿਉਂਕਿ ਸਮੇਂ ਦੀ ਸਰਕਾਰ ਆਮ ਲੋਕਾਈ ਨੂੰ ਢੰਗ ਦਾ ਇਨਸਾਫ਼ ਦੇਣ ਤੋਂ ਵੀ ਕਿਨਾਰਾਕਸ਼ੀ ਕਰੀ ਜਾਂਦੀ ਹੈ। ਪਿਛਲੇ ਦਿਨੀਂ ਇੱਕ ਭਲੇ ਪੁਰਸ਼ ਭੂਰਾ ਸਿੰਘ ਦਾ ਉਸਦੇ ਅਪਣੇ ਪਰਿਵਾਰ ਅਤੇ ਕੁੜਮ ਪਰਿਵਾਰ ਵੱਲੋਂ ਹੀ ਹਮ ਮਸ਼ਵਰਾ ਹੋ ਕੇ ਬੇਰਹਿਮੀ ਨਾਲ ਕਤਲ ਕਰਕੇ, ਸਰੀਰ ਨਾਲ ਪੱਥਰ ਬੰਨ ਕੇ ਨਹਿਰ ‘ਚ ਸੁੱਟ ਦਿੱਤਾ ਗਿਆ ਸੀ। ਇਨਸਾਫ਼ ਲਈ ਗੁਹਾਰ ਲਗਾਉਣ ਤੋਂ ਬਾਅਦ ਹੀ ਕਾਤਿਲ ਫੜ੍ਹਨੇ ਸ਼ੁਰੂ ਕੀਤੇ ਸਨ ਲੇਕਿਨ ਹਾਲੀਂ ਵੀ ਕਾਤਿਲ ਲਾਣੇ ਦੇ ਕੁੱਝ ਮੈਂਬਰ ਬਾਹਰ ਫਿਰਦੇ ਦਿਖਾਈ ਦਿੰਦੇ ਹਨ ਜਿਨ੍ਹਾਂ ਦੀ ਗ੍ਰਿਫਤਾਰੀ ਅਤੇ ਜ਼ੁਰਮ ਦੀ ਇੰਤਹਾ ਦੇਖਦਿਆਂ ਫਾਂਸੀ ਦੀ ਸਜ਼ਾ ਦੀ ਮੰਗ ਰੱਖੀ ਗਈ ਹੈ।
ਬੁਲਾਰੇ ਜਗਜੀਤ ਸਿੰਘ ਭੂਟਾਲ, ਸੂਬਾ ਸਿੰਘ ਸੰਗਤਪੁਰਾ ਅਤੇ ਬਿੰਦਰ ਸਿੰਘ ਖੋਖਰ ਵੱਲੋਂ ਆਪਣੇ ਭਾਸ਼ਣਾ ਅਤੇ ਗੱਲਬਾਤ ਰਾਹੀਂ ਦਿੱਤੀ ਜਾਣਕਾਰੀ ਤੋਂ ਪਤਾ ਚੱਲਿਆ ਕਿ ਲੋਟੂ ਢਾਣੀ ਦੀ ਇਸ ਸਰਕਾਰ ਵਿੱਚ ਆਮ ਲੋਕਾਈ ਲਈ ਇਨਸਾਫ਼ ਲੈਣਾ ਟੇਢੀ ਖੀਰ ਬਣ ਗਿਆ ਹੈ ਕਿਉਂਕਿ ਅਣਮਿਥੇ. ਸਮੇਂ ਲਈ ਲਗਾਏ ਇਸ ਮੋਰਚਾ ਰੂਪੀ ਧਰਨੇ ਦਾ ਸ਼ੁਰੂਆਤੀ ਏਜੰਡਾ ਤਾਂ ਮਰਹੂਮ ਭੂਰਾ ਸਿੰਘ ਲਈ ਇਨਸਾਫ਼ ਲੈਣਾ ਸੀ ਪਰ ਹੁਣ ਨਾਲ ਹੀ ਸਾਡੀ ਇੱਕ ਦੁਖਿਆਰੀ ਧੀ ਗੁਰਪ੍ਰੀਤ ਕੌਰ ਲੇਹਲ ਖ਼ੁਰਦ ਦਾ ਮਸਲਾ ਵੀ ਇਨਸਾਫ਼ ਦੀ ਇਸ ਲੜ੍ਹਾਈ ਦਾ ਹਿੱਸਾ ਬਣ ਗਿਆ ਹੈ। ਬਹੁਤ ਹੀ ਸਮਝਦਾਰ ਤੇ ਭਲੇ ਇਨਸਾਨ ਯਾਦਵਿੰਦਰ ਸਿੰਘ ਦੀ ਲੜਕੀ ਇੱਕ ਯਹੀਨ ਅਧਿਆਪਕਾ ਹੈ ਜੋ ਅੱਜ ਕੱਲ ਚੱਠਾ ਨਨਹੇੜਾ ਵਿਖੇ ਤਾਇਨਾਤ ਹੈ। ਲਗਭਗ ਸੱਤ ਸਾਲ ਪਹਿਲਾਂ ਇਸਦਾ ਵਿਆਹ ਪਿੰਡ ਕੌਹਰੀਆਂ ਦੇ ਭੀਮ ਸਿੰਘ ਦੇ ਅਧਿਆਪਕ ਲੜਕੇ ਜਗਦੀਪ ਸਿੰਘ ਨਾਲ ਹੋਇਆ ਸੀ। ਪੰਜ ਸਾਲ ਪਹਿਲਾਂ ਇਨ੍ਹਾਂ ਦੇ ਘਰ ਬੇਟੀ ਪੈਦਾ ਹੋਈ ਸੀ ਪਰ ਉਸਤੋਂ ਬਾਅਦ ਗੁਰਪ੍ਰੀਤ ਦਾ ਸਹੁਰਾ ਪਰਿਵਾਰ ਉਸਤੋਂ ਸਿਰਫ਼ ਤੇ ਸਿਰਫ਼ ਪੁੱਤਰ ਪ੍ਰਾਪਤੀ ਦੀ ਹੀ ਇੱਛਾ ਕਰਨ ਲੱਗੇ ਸਨ ਤੇ ਗਾਹੇ ਬਗਾਹੇ ਉਸਨੂੰ ਤੰਗ ਹੀ ਕਰਦੇ ਰਹਿੰਦੇ ਸਨ। ਹੁਣ ਵੀ ਉਸਦਾ ਚੈੱਕ ਅਪ ਕਰਵਾ ਕੇ ਉਸਦੀ ਸਹਿਮਤੀ ਤੋਂ ਬਿਨਾਂ ਹੀ ਗਰਭ-ਪਾਤ ਕਰਵਾ ਦਿੱਤਾ ਗਿਆ। ਜ਼ਿਆਦਤੀ ਅਤੇ ਬੇਕਦਰੀ ਦੀ ਹੱਦ ਹੋਣ ਤੇ ਗੁਰਪ੍ਰੀਤ ਨੇ ਪੇਕੇ ਘਰ ਆ ਕੇ ਪੁਲਿਸ ਰਾਹੀਂ ਇਨਸਾਫ਼ ਦੀ ਗੁਹਾਰ ਲਗਾਈ ਪਰ ਸਹੁਰੇ ਪਰਿਵਾਰ ਦੀ ਪਹੁੰਚ ਰਸਾਈ ਕਾਰਨ ਪੰਤਾਲਾ ਉੱਥੇ ਦਾ ਉੱਥੇ ਹੀ ਰਿਹਾ। ਹੁਣ ਬੇਟੀ ਗੁਰਪ੍ਰੀਤ ਦੀ ਇਨਸਾਫ਼ ਰਸਾਈ ਵੀ ਇਸ ਧਰਨੇ ਰਾਹੀਂ ਹੀ ਹੋਣੀ ਹੈ।