ਆੜਤੀਆ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ, ਠੂਠਿਆਂ ਵਾਲੀ, ਅਰਵਿੰਦਰ ਨਗਰ ਅਤੇ ਭੀਖੀ ਵਿਚ ਕੀਤੇ ਚੋਣ ਜਲਸੇ
23 ਅਪ੍ਰੈਲ (ਰਾਜਦੀਪ ਜੋਸ਼ੀ) ਮਾਨਸਾ:– ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਮਾਨਸਾ ਜ਼ਿਲ੍ਹੇ ਅੰਦਰ ਆਪਣੀ ਚੋਣ ਮੁਹਿੰਮ ਤੇਜ ਕਰ ਦਿੱਤਾ ਹੈ। ਉਹਨਾਂ ਅੱਜ ਜਿੱਥੇ ਪਿੰਡ ਠੂਠਿਆਂਵਾਲੀ, ਭੀਖੀ, ਅਰਵਿੰਦ ਨਗਰ ਮਾਨਸਾ ਅਤੇ ਪੁਰਾਣੀ ਅਨਾਜ ਮੰਡੀ ਵਿਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ, ਉੱਥੇ ਹੀ ਆੜਤੀਆ ਐਸੋਸੀਏਸ਼ਨ ਮਾਨਸਾ ਨਾਲ ਮੀਟਿੰਗ ਕਰਕੇ ਚੋਣ ਸਬੰਧੀ ਵਿਚਾਰ ਵਟਾਂਦਰਾ ਕੀਤਾ। ਉਹਨਾਂ ਇਸ ਮੌਕੇ ਆਖਿਆ ਕਿ ਆਮ ਆਦਮੀ ਪਾਰਟੀ ਨੂੰ ਹਰ ਵਰਗ ਦਾ ਸਮਰਥਨ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਭਰਿਸ਼ਟਾਚਾਰ ਨੂੰ ਠੱਲ ਪੈਣ ਕਾਰਨ ਆਮ ਲੋਕਾਂ ਤੇ ਵਪਾਰੀ ਵਰਗ ਨੇ ਕਾਫੀ ਰਾਹਤ ਮਹਿਸੂਸ ਕੀਤੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਪਾਰੀਆਂ ਅਤੇ ਆੜਤੀਆਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਬਚਨ ਵੱਧ ਹੈ। ਉਹਨਾਂ ਕਿਹਾ ਕਿ ਬਠਿੰਡਾ ਲੋਕ ਸਭਾ ਖੇਤਰ ਦੇ ਮਸਲਿਆਂ ਨੂੰ ਉਹ ਲੋਕ ਸਭਾ ਵਿੱਚ ਉਠਾ ਕੇ ਹੱਲ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਅਤੇ ਕੇਂਦਰੀ ਸਕੀਮਾਂ ਨੂੰ ਹਲਕੇ ਵਿੱਚ ਲਿਆ ਕੇ ਵਿਕਾਸ ਦੇ ਰਾਹ ਖੋਲੇ ਜਾਣਗੇ। ਜਥੇਦਾਰ ਖੁੱਡੀਆਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕੋਈ ਕਦਮ ਨਹੀਂ ਉਠਾਏ ਜਿਸ ਕਾਰਨ ਜਿੱਥੇ ਨੌਜਵਾਨ ਨਸ਼ਿਆਂ ਵੱਲ ਗਏ ਉਥੇ ਹੀ ਨੌਜਵਾਨ ਵਿਦੇਸ਼ਾਂ ਵਿਚ ਚਲੇ ਗਏ। ਜਥੇਦਾਰ ਖੁੱਡੀਆਂ ਨੇ ਕਿਹਾ ਕਿ ਪੰਜਾਬ ਵਿੱਚੋਂ ਵੱਡੀ ਪੱਧਰ ’ਤੇ ਹੋਏ ਪਰਵਾਸ ਲਈ ਅਕਾਲੀ , ਕਾਂਗਰਸ ਤੇ ਭਾਜਪਾ ਬਰਾਬਰ ਦੀਆਂ ਜਿੰਮੇਵਾਰ ਹਨ। ਉਹਨਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਪਾਰਦਰਸ਼ੀ ਢੰਗ ਨਾਲ 42 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਹਨਾ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਧਾਰਨ ਪਰਿਵਾਰ ਵਿੱਚੋਂ ਹਨ ਅਤੇ ਲੋੜ ਪੈਣ ਤੇ ਕਿਸੇ ਸਮੇਂ ਵੀ ਉਹਨਾਂ ਦੀ ਬਾਂਹ ਫੜੀ ਜਾ ਸਕਦੀ ਹੈ ਜਦੋਂ ਕਿ ਰਵਾਇਤੀ ਪਾਰਟੀਆਂ ਦੇ ਉਮੀਦਵਾਰ ਸ਼ਾਹੀ ਪਰਿਵਾਰਾਂ ਵਿੱਚੋਂ ਹਨ। ਉਹਨਾਂ ਕਿਹਾ ਕਿ ਮੇਰਾ ਮੁਕਾਬਲਾ ਧਨਾਡ, ਜਗੀਰਦਾਰ ਪੈਸੇ ਵਾਲੇ ਲੋਕਾਂ ਨਾਲ ਹੈ, ਪਰ ਆਮ ਲੋਕ ਹੀ ਮੇਰੀ ਤਾਕਤ ਹਨ। ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ ਸਮੇਂ ਪੰਜ ਵਾਰ ਦੇ ਮੁੱਖ ਮੰਤਰੀ ਨੂੰ ਹਰਾ ਕੇ ਵੱਡੇ ਪਰਿਵਾਰ ਦਾ ਹੰਕਾਰ ਤੋੜਿਆ ਸੀ। ਉਸੇ ਤਰ੍ਹਾਂ ਹੀ ਲੋਕ ਬਠਿੰਡਾ ਲੋਕ ਸਭਾ ਹਲਕੇ ਤੋਂ ਉਹਨਾਂ ਨੂੰ ਜਿਤਾ ਕੇ ਵੱਡੇ ਪਰਿਵਾਰਾਂ ਦਾ ਹੰਕਾਰ ਤੋੜਨਗੇ। ਉਹਨਾਂ ਭਰੋਸਾ ਦਿੱਤਾ ਕਿ ਉਹ ਲੋਕ ਸਭਾ ਵਿਚ ਲੋਕ ਮਸਲਿਆਂ ਨੂੰ ਉਠਾਉਣਗੇ।