20 ਅਪ੍ਰੈਲ (ਰਾਜਦੀਪ ਜੋਸ਼ੀ) ਬਠਿੰਡਾ: ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਬਠਿੰਡਾ ਸ਼ਹਿਰ ਦਾ ਦੌਰਾ ਕੀਤਾ। ਉਨਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੇ ਮਹੱਲਿਆਂ ਵਿੱਚ ਲੋਕਾਂ ਦੇ ਭਰਵੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀਆਂ ਨੇ ਬਹੁਤ ਜ਼ੋਰ ਲਾਇਆ ਕਿ ਉਹਨਾਂ ਦੇ ਵਿਧਾਇਕ ਅਤੇ ਮੰਤਰੀ ਹੁੰਦਿਆਂ ਉਹਨਾਂ ਦੀਆਂ ਕੋਈ ਗਲਤੀਆਂ ਕੱਢ ਕੇ ਬਦਨਾਮ ਕਰਨ, ਪਰ ਪਰਮਾਤਮਾ ਦੇ ਓਟ ਆਸਰੇ ਤੇ ਤੁਹਾਡੇ ਅਸ਼ੀਰਵਾਦ ਸਦਕਾ ਮੈਂ ਪਾਕ ਸਾਫ ਹੋ ਕੇ ਇਸ ਪਰਖ ਦੀ ਘੜੀ ਵਿੱਚੋਂ ਨਿਕਲਿਆ ਹਾਂ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਵੱਲੋਂ ਚੋਣ ਨਾ ਲੜਨ ਦੇ ਫੈਸਲੇ ਤੇ ਸਵਾਲ ਚੁੱਕਦਿਆਂ ਜਥੇਦਾਰ ਖੁੱਡੀਆਂ ਨੇ ਕਿਹਾ ਕਿ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਅਕਾਲੀ ਦਲ ਦੀ ਮੌਜੂਦਾ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਹਲਕੇ ਵਿੱਚ ਸਰਗਰਮ ਸਨ ਜਦੋਂ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਬਠਿੰਡਾ ਲੋਕ ਸਭਾ ਹਲਕੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਵਿਚਰ ਰਹੇ ਸਨ, ਪਰ ਅਚਾਨਕ ਹੀ ਉਹ ਚੋਣ ਦ੍ਰਿਸ਼ ਵਿੱਚੋਂ ਪਾਸੇ ਹੋ ਗਏ। ਉਹ ਕਿਹੜੇ ਕਾਰਨਾਂ ਕਾਰਨ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਨਹੀਂ ਲੜੇ, ਇਸ ਨੂੰ ਲੋਕ ਭਲੀ ਭਾਂਤ ਜਾਣਦੇ ਹਨ। ਜਥੇਦਾਰ ਨੇ ਕਿਹਾ ਕਿ ਵੱਡੇ ਲੋਕਾਂ ਦੀਆਂ ਵੱਡੀਆਂ ਸਾਜਿਸ਼ਾਂ ਹੁੰਦੀਆਂ ਹਨ, ਪਰ ਲੋਕਾਂ ਦੇ ਏਕੇ ਅੱਗੇ ਇਹ ਸਾਜਿਸ਼ਾਂ ਕੰਮ ਨਹੀਂ ਕਰਦੀਆਂ ਅਤੇ ਲੋਕ ਇਹਨਾਂ ਸਾਜਿਸ਼ਾਂ ਕਰਨ ਵਾਲੇ ਉਮੀਦਵਾਰਾਂ ਨੂੰ ਹਰਾ ਦੇਣਗੇ। ਉਹਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਆਗੂ ਸੋਚਦੇ ਸਨ ਕਿ ਜੇਕਰ ਉਹਨਾ ਦੇ ਘਰ ਬੱਚਾ ਪੈਦਾ ਹੋਵੇਗਾ ਤਾਂ ਉਹ ਵੀ ਮੰਤਰੀ ਹੀ ਬਣੂ, ਪਰ ਪੰਜਾਬ ਦੇ ਬਹਾਦਰ ਲੋਕਾਂ ਨੇ ਆਮ ਘਰਾਂ ਦੇ ਮੁੰਡਿਆਂ ਨੂੰ ਮੰਤਰੀ ਬਣਾ ਕੇ ਇਹ ਦੱਸ ਦਿੱਤਾ ਹੈ ਕਿ ਲੋਕਾਂ ਦੀ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਹੁੰਦੀ ਹੈ। ਉਹਨਾਂ ਪਰਿਵਾਰਵਾਦ ਦੀ ਗੱਲ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਖੁਦ ਮੁੱਖ ਮੰਤਰੀ, ਉਹਨਾਂ ਦਾ ਬੇਟਾ ਉਪ ਮੁੱਖ ਮੰਤਰੀ, ਨੂੰਹ ਕੇਂਦਰ ਵਿੱਚ ਮੰਤਰੀ, ਮੁੰਡੇ ਦਾ ਸਾਲਾ ਮੰਤਰੀ ਅਤੇ ਜਵਾਈ ਵੀ ਮੰਤਰੀ ਤੇ ਰਹਿੰਦੀ ਖੂੰਹਦੀ ਕਸਰ ਭਤੀਜੇ ਨੂੰ ਮੰਤਰੀ ਬਣਾ ਕੇ ਕੱਢ ਦਿੱਤੀ ਜਾਂਦੀ ਸੀ। ਉਹਨਾਂ ਕਿਹਾ ਕਿ ਮੇਰੇ ਪਿਤਾ ਜੀ 60 ਸਾਲ ਤੋਂ ਰਾਜਨੀਤੀ ਕਰਦੇ ਸਨ ਜਦੋਂ ਕਿ ਮੈਂ 30 ਸਾਲ ਤੋਂ ਲਗਾਤਾਰ ਲੋਕ ਪੱਖੀ ਰਾਜਨੀਤੀ ਕਰਦਾ ਰਿਹਾ, ਸਾਡਾ ਪਰਿਵਾਰ ਉਥੇ ਦਾ ਉਥੇ ਹੈ ਜਦੋਂ ਕਿ ਰਵਾਇਤੀ ਪਾਰਟੀਆਂ ਦੇ ਆਗੂ ਕਿੱਥੇ ਪਹੁੰਚ ਗਏ ਇਹ ਸਭ ਦੇ ਸਾਹਮਣੇ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਹੁਕਮ ਹੋਇਆ ਸੀ ਕਿ ਉਹ ਦੁਬਾਰਾ ਜਰਵਾਣਿਆਂ ਨਾਲ ਟੱਕਰ ਲੈਣ, ਜਿਸ ਤੇ ਫੁੱਲ ਚੜਾਉਦਿਆ ਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਪਾ ਕੇ ਪਾਰਲੀਮੈਂਟ ਭੇਜਣ, ਜਿਸ ਤੋਂ ਬਾਅਦ ਲੋਕਾਂ ਦੇ ਮੁੱਦੇ ਤੇ ਮਸਲੇ ਪਾਰਲੀਮੈਂਟ ਵਿੱਚ ਉਠਾ ਕੇ ਪਹਿਲ ਦੇ ਆਧਾਰ ਤੇ ਹੱਲ ਕਰਨੇ ਉਹਨਾਂ ਦਾ ਕੰਮ ਹੋਵੇਗਾ। ਇਸ ਮੌਕੇ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਜਗਰੂਪ ਸਿੰਘ ਗਿੱਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਰੀਫ ਅਤੇ ਇਮਾਨਦਾਰ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਤਾਂ ਜੋ ਉਹ ਬਠਿੰਡਾ ਲੋਕ ਸਭਾ ਹਲਕੇ ਦੀ ਆਵਾਜ਼ ਨੂੰ ਪਾਰਲੀਮੈਂਟ ਵਿੱਚ ਚੁੱਕ ਸਕਣ।