28 ਮਈ (ਗਗਨਦੀਪ ਸਿੰਘ) ਬਰਨਾਲਾ: ਸਿਹਤ ਵਿਭਾਗ ਲੋਕਾਂ ਦੀਆਂ ਸਿਹਤ ਸੇਵਾਵਾਂ ਪ੍ਰਤੀ ਪੂਰੀ ਤਨਦੇਹੀ ਅਤੇ ਜਿੰਮੇਵਾਰੀ ਨਾਲ ਆਪਣਾ ਕਾਰਜ ਕਰ ਰਿਹਾ ਹੈ ਤਾਂ ਜੋ ਸਿਹਤ ਦਰੁੱਸਤ ਤੇ ਸਹੀ ਸਿਹਤ ਸੇਵਾਵਾਂ ਲੋੜਵੰਦ ਲੋਕਾਂ ਨੂੰ ਮਿਲਦੀਆਂ ਰਹਿਣ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਲੁੱਟ ਤੋਂ ਇਨ੍ਹਾਂ ਨੂੰ ਬਚਾਇਆ ਜਾ ਸਕੇ ।
ਸਿਹਤ ਵਿਭਾਗ ਬਰਨਾਲਾ ਵੱਲੋਂ ਡਾ. ਹਰਿੰਦਰ ਸ਼ਰਮਾ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਧੀਨ ਜ਼ਿਲ੍ਹੇ ਵਿੱਚ “ਜਣੇਪਾ ਮੌਤ ਦਰ” ਦੇ ਕਾਰਨਾਂ ਉਤੇ ਸਖ਼ਤ ਨਜ਼ਰ ਅਤੇ ਇਸਨੂੰ ਰੋਕਣ ਲਈ ਹਰ ਲੋੜੀਂਦਾ ਕਦਮ ਚੁੱਕਣ ਲਈ ਤਿਆਰੀ ਕੀਤੀ ਜਾ ਚੁੱਕੀ ਹੈ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਪ੍ਰਵੇਸ਼ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ “ਮੈਟਰਨਲ ਡੈਥ” ਨੂੰ ਰੋਕਣ ਲਈ ਜ਼ਿਲ੍ਹਾ ਬਰਨਾਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਨੂੰ 100 ਫੀਸਦੀ ਸਜੇਰੀਅਨ ਕਰਨ ਉੱਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ।
ਡਾ. ਪ੍ਰਵੇਸ਼ ਸੋਹਲ ਨੇ ਦੱਸਿਆ ਕਿ ਇਸਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਦੋ ਪ੍ਰਾਇਵੇਟ ਹਸਪਤਾਲਾਂ ਵਿੱਚ ਜਣੇਪਾ ਮੌਤ ਦਰ ਘਟਾਉਣ ਦੇ ਇੱਕ ਉਪਰਾਲੇ ਅਧੀਨ ਜੋ ਡਾਕਟਰ ਸਜੇਰੀਅਨ ਕਰਦੇ ਹਨ ਉਸਦਾ ਨਾਮ ਅਤੇ ਯੋਗਤਾ ਦੱਸਣ ਲਈ ਕਿਹਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾਵੇ ਕਿ ਜੋ ਸਜੇਰੀਅਨ ਕੀਤਾ ਜਾ ਰਿਹਾ ਹੈ ਓਹ ਇੱਕ ਯੋਗਤਾ ਰੱਖਣ ਵਾਲੇ ਡਾਕਟਰ ਵੱਲੋਂ ਹੀ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਜ਼ਿਲ੍ਹੇ ਦੀਆਂ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਲੇਬਰ ਰੂਮ ਅਤੇ ਮੈਟਰਨਟੀ ਓ.ਟੀ. ਵਿੱਚ ਲਕਸ਼ਿਆ ਪ੍ਰੋਗਰਾਮ ਦੀਆਂ ਹਦਾਇਤਾਂ ਲਾਗੂ ਕੀਤੀਆਂ ਜਾਣ ਤਾਂ ਜੋ ਆਮ ਜਨਤਾ ਨੂੰ ਗੁਣਵੱਤਾ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰੇਕ ਗਰਭਵਤੀ ਔਰਤ ਨੂੰ ਪਹਿਲੇ ਤਿੰਨ ਮਹੀਨੇ ਦੌਰਾਨ ਰਜਿਸਟਰ ਕਰਨ ਅਤੇ “ ਹਾਈ ਰਿਸਕ ਪ੍ਰੈਗਨੈਂਸੀ” ਅਧੀਨ ਗਰਭਵਤੀ ਔਰਤਾਂ ਦੀ ਜਣੇਪਾ ਹੋਣ ਤੱਕ ਵਿਸ਼ੇਸ਼ ਫੋਲੋ ਅੱਪ ਕਰਨ ਲਈ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਤਾਂ ਜੋ ਹਰੇਕ ਗਰਭਵਤੀ ਔਰਤ ਨੂੰ ਸਮੇਂ ਸਿਰ ਲੋੜੀਂਦੀ ਸਿਹਤ ਸਹੂਲਤ ਮੁਹੱਈਆ ਕਰਵਾਈ ਜਾ ਸਕੇ ।