ਲੋਕ ਸਭਾ ਚੋਣਾਂ-2024
ਸਟੈਟਿਕ ਸਰਵੇਲੈਂਸ ਅਤੇ ਉੱਡਣ ਦਸਤਾ ਟੀਮਾਂ ਨੂੰ ਦਿੱਤੀ ਸਿਖਲਾਈ
13 ਮਾਰਚ (ਗਗਨਦੀਪ ਸਿੰਘ) ਬਠਿੰਡਾ: ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਨੇ ਆਗਾਮੀ ਲੋਕ ਸਭਾ ਚੋਣਾਂ-2024 ਦੇ ਮੱਦੇਨਜਰ ਨੋਡਲ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਅਗਾਊਂ ਤਿਆਰੀਆਂ ਸਬੰਧੀ ਆਦੇਸ਼ ਦਿੰਦਿਆਂ ਕਿਹਾ ਕਿ ਲੋਕ ਸਭਾ ਚੋਣਾਂ-2024 ਦੇ ਕੰਮ ਚ ਅਣਗਹਿਲੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਸ਼੍ਰੀ ਰਾਹੁਲ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੀ ਇੰਨ-ਬਿਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਲੋਕ ਸਭਾ ਚੋਣਾਂ ਨੂੰ ਨਿਰਵਿਘਨ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਇਲੈਕਸ਼ਨ ਸੀਜ਼ਰ ਮਨੈਜ਼ਮੈਂਟ ਸਿਸਟਮ (ਈਐਸਐਮਐਸ) ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਸਮੂਹ ਅਧਿਕਾਰੀਆਂ ਨੂੰ ਸਟੈਟਿਕ ਸਰਵੇਲੈਂਸ ਅਤੇ ਉੱਡਣ ਦਸਤਾ ਟੀਮਾਂ ਨੂੰ ਸਿਖਲਾਈ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਸੀ ਵਿਜਲ ਐਪ ਦੇ ਨਾਲ-ਨਾਲ ਵੱਖ-ਵੱਖ ਨਾਕਿਆਂ ਤੇ ਹੋਣ ਵਾਲੀ ਜ਼ਬਤੀ ਦੀ ਪ੍ਰਕਿਰਿਆ ਬਾਰੇ ਵੀ ਪੂਰਨ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਟੀਮ ਦੇ ਇੰਚਾਰਜ ਨੂੰ ਚੋਣਾਂ ਸਬੰਧੀ ਮੋਬਾਇਲ ਐਪ ਚਲਾਉਣ ਚ ਸਮੱਸਿਆ ਦਰਪੇਸ਼ ਆਉਂਦੀ ਹੈ ਤਾਂ ਉਹ ਡੀਆਈਓ ਜਾਂ ਡੀਸੀਐਫ਼ਏ ਨਾਲ ਰਾਬਤਾ ਕਰ ਸਕਦੇ ਹਨ ਤਾਂ ਜੋ ਲੋਕ ਸਭਾ ਚੋਣਾਂ-2024 ਦੇ ਕੰਮ ਚ ਕੋਈ ਦਿੱਕਤ ਨਾ ਆਵੇ।
ਉਨ੍ਹਾਂ ਸਮੂਹ ਨੋਡਲ ਅਧਿਕਾਰੀਆਂ ਨੂੰ ਕਿਹਾ ਕਿ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਚੋਣ ਪ੍ਰਕ੍ਰਿਆ ਮੁਕੰਮਲ ਕਰਨ ਲਈ ਸਾਨੂੰ ਹਰ ਤਰ੍ਹਾਂ ਦੇ ਸੰਭਵ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਲਈ ਸਮੇਂ-ਸਮੇਂ ’ਤੇ ਆਉਣ ਵਾਲੀਆਂ ਹਦਾਇਤਾਂ ਪੜ੍ਹਦੇ ਰਹਿਣ ਤਾਂ ਜੋ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਹੋਣ ਤੋਂ ਬਚਿਆ ਜਾ ਸਕੇ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਮਨਦੀਪ ਕੌਰ, ਡੀਸੀਐਫ਼ਏ ਸ਼੍ਰੀ ਅਸ਼ਵਨੀ ਕੁਮਾਰ, ਡੀਆਈਓ ਸ਼੍ਰੀ ਸੰਦੀਪ ਗੁਪਤਾ, ਤਹਿਸੀਲਦਾਰ ਚੋਣਾਂ ਸ਼੍ਰੀ ਭੂਸ਼ਣ ਕੁਮਾਰ, ਸਹਾਇਕ ਟ੍ਰੇਨਿੰਗ ਇੰਚਾਰਜ ਸ. ਗੁਰਦੀਪ ਸਿੰਘ ਮਾਨ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।