*ਜ਼ਿਲ੍ਹੇ ਦੇ 10 ਪਿੰਡਾਂ ਦੀਆਂ ਲਾਇਬ੍ਰੇਰੀਆਂ ਨੂੰ 40 ਚੈੱਸ ਬੋਰਡ ਮੁਹੱਈਆ ਕਰਵਾਏ
*ਚੈੱਸ ਖੇਡਣ ਦੇ ਚਾਹਵਾਨ ਬੱਚਿਆਂ ਨੂੰ ਮਾਹਰ ਕੋਚ ਵੱਲੋਂ ਦਿੱਤੀ ਜਾਵੇਗੀ ਚੈੱਸ ਦੀ ਸਿਖਲਾਈ-ਪਰਮਵੀਰ ਸਿੰਘ
30 ਜੁਲਾਈ (ਕਰਨ ਭੀਖੀ) ਮਾਨਸਾ: ਚੈੱਸ ਖੇਡਣ ਦੇ ਚਾਹਵਾਨ ਬੱਚਿਆਂ ਨੂੰ ਲਾਇਬ੍ਰੇਰੀਆਂ ਵਿਚ ਮਾਹਰ ਕੋਚਿਸ ਵੱਲੋਂ ਚੈੱਸ ਦੀ ਸਿਖਲਾਈ ਦਿੱਤੀ ਜਾਵੇਗੀ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਜ਼ਿਲ੍ਹੇ ਦੇ 10 ਪਿੰਡਾਂ ਦੀਆਂ ਲਾਇਬ੍ਰੇਰੀਆਂ ਨੂੰ 40 ਚੈੱਸ ਬੋਰਡ (ਪ੍ਰਤੀ ਲਾਇਬ੍ਰੇਰੀ 04) ਮੁਹੱਈਆ ਕਰਵਾਉਣ ਮੌਕੇ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੈੱਸ ਦਿਮਾਗ ਦੀ ਖੇਡ ਹੈ ਜਿਸ ਨਾਲ ਬੱਚਿਆਂ ਦਾ ਬੌਧਿਕ ਵਿਕਾਸ ਹੁੰਦਾ ਹੈ ਅਤੇ ਉਨ੍ਹਾਂ ਦੀ ਕਾਰਜਕੁਸ਼ਲਤਾ ਤੇ ਸੋਚਣ ਸ਼ਕਤੀ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੱਧ ਤੋਂ ਵੱਧ ਬੱਚਿਆਂ ਦੀ ਸ਼ਨਾਖਤ ਕਰਨ ਲਈ ਕਿਹਾ ਜੋ ਚੈੱਸ ਖੇਡਣ ਵਿਚ ਦਿਲਚਸਪੀ ਰੱਖਦੇ ਹੋਣ।
ਉਨ੍ਹਾਂ ਕਿਹਾ ਕਿ ਲਾਇਬ੍ਰੇਰੀਆਂ ਦੀ ਇਮਾਰਤ ਨੂੰ ਬਹੁਮੰਤਵ ਲਈ ਵਰਤਿਆ ਜਾ ਸਕਦਾ ਹੈ, ਜਿੱਥੇ ਸਿਰਫ ਕਿਤਾਬਾਂ ਪੜ੍ਹਨ ਤੋਂ ਇਲਾਵਾ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਚੈੱਸ ਜਿਹੀਆਂ ਖੇਡਾਂ ਤੋਂ ਇਲਾਵਾ ਜਾਣਕਾਰੀ ਭਰਪੂਰ ਡਾਕੂਮੈਂਟਰੀਜ਼ ਦਾ ਪਰਦਰਸ਼ਿਤ ਹੋਣਾ ਵੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿੱਖਲਾਈ ਲਈ ਪ੍ਰੇਰਨਾਮਈ ਮਾਹੌਲ ਦੇਣਾ ਜ਼ਰੂਰੀ ਹੈ। ਇਸ ਦੇ ਲਈ ਹਰ ਮਹੀਨੇ ਚੈੱਸ ਮੁਕਾਬਲਿਆਂ ਦਾ ਵੀ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਅੱਵਲ ਆਉਣ ਵਾਲੇ ਬੱਚਿਆਂ ਲਈ ਨਗ਼ਦ ਇਨਾਮ ਵੀ ਰੱਖੇ ਜਾਣਗੇ।
ਉਨ੍ਹਾਂ ਕਿਹਾ ਕਿ ਬੱਚਿਆਂ ਦਾ ਇਸ ਖੇਡ ਪ੍ਰਤੀ ਰੁਝਾਨ ਵਧਾਉਣਾ ਸਾਡੀ ਸਭ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀਆਂ ਅੰਦਰ ਚੈੱਸ ਸਿੱਖਣ ਲਈ ਆਉਣ ਵਾਲੇ ਬੱਚਿਆਂ ਨੂੰ ਲਗਾਤਾਰ ਸਿਖਲਾਈ ਦਿੱਤੀ ਜਾਵੇਗੀ।
ਇਸ ਮੌਕੇ ਹਾਜ਼ਰ ਚੈਂਸ ਕੋਚਿਜ਼ ਵੱਲੋਂ ਆਪਣੇ ਤਜ਼ੁਰਬੇ ਸਾਂਝੇ ਕੀਤੇ ਗਏ। ਡਿਪਟੀ ਕਮਿਸ਼ਨਰ ਨੇ ਪਿੰਡਾਂ ਦੇ ਸਰਪੰਚਾਂ, ਕੋਚ ਸਾਹਿਬਾਨ ਅਤੇ ਬੱਚਿਆਂ ਪਾਸੋਂ ਸੁਝਾਅ ਮੰਗੇ ਅਤੇ ਇਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
ਇਸ ਮੌਕੇ ਕਾਰਜਕਾਰੀ ਬੀ.ਡੀ.ਪੀ.ਓ. ਕੁਸਮ ਅਗਰਵਾਲ, ਬੀ.ਡੀ.ਓ. ਮਾਨਸਾ ਸੰਜੀਵ ਕੁਮਾਰ, ਬੀ.ਡੀ.ਓ. ਬੁਢਲਾਡਾ ਮੇਜਰ ਸਿੰਘ, ਬੀ.ਡੀ.ਓ. ਸਰਦੂਲਗੜ੍ਹ ਪਰਮਜੀਤ ਸਿੰਘ, ਚੈੱਸ ਦੇ ਕੋਚ ਅਤੇ ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ ਅਤੇ ਚੈੱਸ ਦੇ ਵਿਦਿਆਰਥੀ ਮੌਜੂਦ ਸਨ।