ਸੁਣ ਸਖੀਏ
ਬੋਲ ਸਖੀਏ
“ਸੁਣ ਸਖੀਏ” ਕਿਤਾਬ ਜਹਾਜ਼ ਚੜ੍ਹਨ ਵੇਲ਼ੇ ਮੇਰੇ ਹੱਥਾਂ ਚ ਸੀ, ਹੁਣ ਮੇਰੀ ਛਾਤੀ ਦੇ ਖੱਬੇ ਪਾਸੇ ਧੜਕ ਰਹੀ ਐ..ਸਖੀ ਬੋਲ ਰਹੀ ਹੈ, ਮੇਰਾ ਦਿਲ ਸੁਣ ਰਿਹਾ ਹੈ..ਸੁਣ ਕੇ ਦਿਮਾਗ਼ ਨੂੰ ਹੁਕਮ ਚਾੜ੍ਹ ਰਿਹਾ ਹੈ,” ਸੋਚ,ਵੀਚਾਰ ਕਰ…ਇਹ ਕੀ ਐ..ਕਿਉਂ ਐ..ਕਿਹਨੇ ਕੀਤਾ..ਕੌਣ ਠੀਕ ਕਰੂ!”..
ਦਿਮਾਗ਼ ਸੁੰਨ ਨਹੀਂ ਹੋਇਆ, ਏਹੀ ਇਸ ਕਿਤਾਬ ਦੀ ਪ੍ਰਾਪਤੀ ਹੈ…ਦਿਮਾਗ਼ ਦਿਲ ਦੀ ਸੁਣ ਰਿਹਾ ਹੈ…ਜਵਾਬ ਲੱਭਣ ਲਈ ਤੜਪਣ ਲੱਗਾ ਹੈ…ਏਹ ਇਸ ਕਿਤਾਬ ਦੀ ਪ੍ਰਾਪਤੀ ਐ..ਜੇ ਤੁਸੀਂ ਨਾਰੀਵਾਦ ਦੇ ਸਮਰਥਕ ਓ , ਇਹ ਕਿਤਾਬ ਪੜ੍ਹੋ…ਬਲ ਮਿਲੇਗਾ!…ਜੇ ਤੁਸੀਂ ਨਾਰੀਵਾਦ ਦੇ ਵਿਰੋਧੀ ਓ , ਇਹ ਕਿਤਾਬ ਪੜ੍ਹੋ…ਰਾਹ ਮਿਲੇਗਾ…ਜੇ ਤੁਸੀਂ ਨਾਰੀਵਾਦ ਬਾਰੇ ਚਲਮੀਂ ਜਿਹੀ ਜਾਣਕਾਰੀ ਰੱਖਦੇ ਓ, ਇਹ ਕਿਤਾਬ ਪੜ੍ਹੋ…ਪੁਖ਼ਤਗੀ ਮਿਲੇਗੀ…ਜੇ ਤੁਸੀਂ ਨਾਰੀਵਾਦ ਨੂੰ ਸਿਰਫ ਨਾਰੀ ਮਸਲਾ ਜਾਂ ਸਿਧਾਂਤ ਸਮਝਦੇ ਓ, ਇਹ ਕਿਤਾਬ ਪੜ੍ਹੋ…ਵਿਆਪਕਤਾ ਦਿਸੇਗੀ!
ਕਿਤਾਬ ਦੇ ਕਵਰ ‘ਤੇ ਇੱਕ ਘੁਮਾਊ ਰਾਹ ਬਣਿਆ ਹੋਇਆ ਐ…ਰਾਹ ਦੇ ਚਾਰੇ ਪਾਸੇ ਉਪਜ ਦੀਂਹਦੀ ਐ..ਰਾਹ ਦੇ ਵਿਚ ਵਿਚਾਲ਼ੇ ਸੱਤ ਨਾਰਾਂ ਤੁਰੀਆਂ ਜਾ ਰਹੀਆਂ ਨੇ…ਵਿਚਾਲ਼ੇ ਇੱਕ ਮਰਦ ਜੁਆਕ ਵੀ ਐ…ਉਹ ਵੀ ਉਪਜ ਐ…ਦੋਵੇਂ ਉਪਜਾਂ ਨੂੰ ਪੈਦਾ ਕਰਨ ਵਾਲ਼ੀ ਜੰਮਣ ਭੋਂ ਦੇ ਦੋ ਰੂਪ…ਦੋਵਾਂ ਦੀ ਹੋਂਦ ਨੂੰ ਸਤਿਕਾਰ ਦੇਣਾ ਤੇ ਸਮਾਨਤਾ ਦਾ ਦਰਜਾ ਦੇਣਾ ਨਾਰੀਵਾਦ ਦੇ ਰਾਹ ਨੂੰ ਜਾਂਦੀ ਇਕ ਪਗਡੰਡੀ ਸਮਾਨ ਐਂ..ਅੜਚਨਾਂ ਤਾਂ ਹੋਰ ਕਿਤੇ ਨੇ…ਇਹ ਕਿਤਾਬ ਉਹਨਾਂ ਅੜਚਨਾਂ ਨੂੰ ਪੇਸ਼ ਕਰਦੀ ਐ!
ਕਿਤਾਬ ਦੀ ਲੇਖਕ ਨਾਈਜੀਰੀਅਨ ਔਰਤ ਚਿਮਾਮਾਂਡਾ ਙੋਜ਼ੀ ਅਡੀਚੇ ਹੈ…ਜਸ਼ਨਪ੍ਰੀਤ ਕੌਰ ਨੇ ਅਨੁਵਾਦ ਕੀਤੈ…ਸ਼ਬਦਾਂ ਦਾ ਨਹੀਂ ,ਅਰਥ ਬੋਧ ਅਨੁਵਾਦਿਆ ਹੈ..ਨਾਈਜੀਰੀਆ ਦੀ ਔਰਤ ਦੀ ਕਹਾਣੀ ਦੱਸਦੀ ਜਸ਼ਨ ਚੁੱਪ ਚੁਪੀਤੇ ਤੁਹਾਡੀ ਉਂਗਲ ਫੜ ਤੁਹਾਨੂੰ ਤੁਹਾਡੇ ਸ਼ਹਿਰ ਗਰਾਂ ਲੈ ਜਾਂਦੀ ਐ…ਤੁਸੀਂ ਰੁਕਦੇ ਓ..ਅੱਖਾਂ ਝਮੱਕਦੇ ਓ..ਬੇਯਕੀਨੀ ਨਾਲ ਫਿਰ ਪੜ੍ਹਦੇ ਓ..ਇਹ ਦੇਖਣ ਲਈ ਕਿ ਚਿਮਾਮਾਂਡਾ ਨਾਈਜੀਰੀਆ ਦੇ ਸ਼ਹਿਰ ਲਾਗੋਸ ਦੀਆਂ ਗੱਲਾਂ ਕਰ ਰਹੀ ਹੈ ਯਾ ਭੁੱਚੋਂ ਮੰਡੀ ਯਾ ਮਾਹਿਲਪੁਰ ਜਾਂ ਪੱਟੀ ਚ ਤੁਰੀ ਫਿਰ ਰਹੀ ਐ!..ਚਿਮਾਮਾਂਡਾ ਲਾਗੋਸ ਵਿਚ ਹੀ ਖੜ੍ਹੀ ਐ ਪਰ ਹਾਲਾਤ ਦੀ ਸਮਾਨਤਾ ਅਤੇ ਜਸ਼ਨਪ੍ਰੀਤ ਦੇ ਸ਼ਬਦਕੋਸ਼ ਚੋਂ ਫੁੱਟ ਰਹੇ ਪੰਜਾਬੀ ਸ਼ਬਦ ਪਾਠਕ ਨੂੰ ਪੰਜਾਬ ਦੇ ਕਿਸੇ ਚੌਰਾਹੇ ‘ਚ ਲਿਆ ਖੜ੍ਹਾ ਕਰਦੇ ਹਨ,ਉਹ ਚੌਰਾਹਾ ਜਿਸ ਤੋਂ ਫੁੱਟਦੇ ਰਾਹਾਂ ਦਾ ਸਿਰਾ ਕਿਤਾਬ ਦੇ ਕਵਰ ‘ਤੇ ਲੱਗੀ ਤਸਵੀਰ ਵਾਂਗ ਦੀਂਹਦਾ ਨਹੀਂ ….ਉਹ ਸਿਰਾ ਹੀ ਤਾਂ ਲੱਭਣਾ ਹੈ…ਉਹਦੇ ਲਈ ਇਹ ਕਿਤਾਬ ਪੜ੍ਹਨੀ ਪਊ!
ਚਿਮਾਮਾਂਡਾ ਦੀ ਉਮਰ ਜਦੋਂ ਚੌਦਾਂ ਸਾਲ ਐ ਤਾਂ ਦੋਸਤ ਓਕੋਲੋਮਾ ਨਾਲ ਕਿਸੇ ਕਿਤਾਬ ਬਾਰੇ ਬਹਿਸ ਕਰਦੀ ਹੋਈ ਦਲੀਲਾਂ ਦਿੰਦੀ ਹੈ..ਓਕੋਲੋਮਾ ਕਹਿੰਦਾ ਹੈ,” ਤੈਨੂੰ ਪਤੈ,ਤੂੰ ਨਾ ਨਾਰੀਵਾਦੀ ਐਂ!”..ਦਲੀਲਾਂ ਪੇਸ਼ ਕਰਦੀ ਕੋਈ ਪੰਜਾਬੀ ਔਰਤ ਵੀ ਸਾਨੂੰ ਏਦਾਂ ਹੀ ਲਗਦੀ ਐ…ਚਿਮਾਮਾਂਡਾ ਨੇ ਜੁ ਪ੍ਰਭਾਵ ਗ੍ਰਹਿਣ ਕੀਤਾ,ਦਿਲਚਸਪ ਤੇ ਕਾਬਲ ਏ ਗ਼ੌਰ ਹੈ, ਉਹ ਲਿਖਦੀ ਹੈ,”ਉਹਨੇ ਇਹ ਗੱਲ ਇਸ ਤਰਾਂ ਕਹੀ ਜਿਵੇਂ ਕੋਈ ਆਖੇ ਕਿ ਤੂੰ ਅੱਤਵਾਦੀ ਹੈਂ!”…ਅੱਗੇ ਜਾ ਕੇ ਉਹ ਖੁਦ ਨੂੰ ਖੁਸ਼ ਨਾਰੀਵਾਦੀ ਕਹਿਣ ਦਾ ਫੈਸਲਾ ਕਰਦੀ ਹੈ, ਕਿਉਂ?..ਸੁਣ ਸਖੀਏ ਇਸ ਸਵਾਲ ਦੇ ਆਰ ਪਾਰ ਫੈਲੀ ਹੋਈ ਹੈ।
ਨਾਰੀਵਾਦ ਕਿਉਂ …ਕੁਝ ਗੱਲਾਂ ਬਹੁਤ ਹੀ ਨਿੱਕੀਆਂ ਪਰ ਰੁੱਗ ਭਰਦੀਆਂ ਕਲ਼ੇਜੇ ਦਾ…ਪਤਾ ਨਹੀਂ ਕਿਤਾਬ ਪੜ੍ਹਦਿਆਂ ਕਿੰਨੀ ਵਾਰ ਮੇਰੇ ਦਿਲੋਂ ਨਿਕਲਿਆ ਇੱਕ ਲਫ਼ਜ਼ “ਹਾਇ”….ਉਦਾਹਰਣਾਂ ਦੇਖੋ:
ਚਿਮਾਮਾਂਡਾ ਦੋਸਤ ਲੂਈਸ ਨਾਲ ਬਾਜ਼ਾਰ ਗਈ ਹੈ..ਪਾਰਕਿੰਗ ਲੌਟ ‘ਚ ਗੱਡੀਆਂ ਦੀ ਦੇਖਰੇਖ ਕਰਨ ਵਾਲੇ ਆਦਮੀ ਨੂੰ ਆਪਣੇ ਪਰਸ ਚੋਂ ਕੱਢ ਕੇ ਪੈਸੇ ਦਿੰਦੀ ਹੈ, ਆਦਮੀ ਲੂਈਸ ਵੱਲ ਵੇਖ ਕਹਿੰਦਾ ਹੈ,”ਧੰਨਵਾਦ ਸਾਹਬ ਜੀ”….ਹਾਇ!….
ਇਕ ਔਰਤ ਨੂੰ ਪ੍ਰਬੰਧਕੀ ਅਹੁਦਾ ਮਿਲਿਆ..ਉਸਤੋਂ ਪਹਿਲਾਂ ਵਾਲਾ ਅਫਸਰ ਮਰਦ ਸੀ ਤੇ ਖਰ੍ਹਵੇਂ ਸੁਭਾਅ ਦਾ ਸੀ..ਥੋੜ੍ਹੇ ਦਿਨ ਬਾਅਦ ਇਕ ਕਰਮਚਾਰੀ ਨੇ ਟਾਈਮ ਸ਼ੀਟ ਦੀ ਹੇਰਾਫੇਰੀ ਕੀਤੀ, ਅਫ਼ਸਰ ਔਰਤ ਨੇ ਕਾਰਵਾਈ ਕੀਤੀ ਜਿਵੇਂ ਸਾਬਕਾ ਅਫ਼ਸਰ ਕਰਦਾ ਸੀ…ਕਰਮਚਾਰੀਆਂ ਨੇ ਟਿੱਪਣੀ ਪਤਾ ਕੀ ਕੀਤੀ,” ਇਹਦੇ ਵਿਹਾਰ ‘ਚ ਔਰਤ ਜਿਹਾ ਸਲੀਕਾ ਹੋਣ ਦੀ ਉਮੀਦ ਸੀ ਪਰ ਐਸਾ ਹੋਇਆ ਨਹੀਂ!”….ਹਾਇ!…ਕਿਸੇ ਨੇ ਨਾ ਸੋਚਿਆ ਕਿ ਏਹੋ ਜਿਹੀ ਕਾਰਵਾਈ ਲਈ ਸਾਬਕਾ ਅਫ਼ਸਰ ਦੀ ਤਾਰੀਫ ਹੁੰਦੀ ਸੀ!
ਸਮਾਜਕ ਲਿੰਗ ਦੀ ਗੱਲ ਹੋਣੀ ਜ਼ਰੂਰੀ ਐ,ਜੁ ਸਮਾਜ ਨੇ ਤੈਅ ਕੀਤਾ ਹੈ..ਬਹੁਤ ਮਹੱਤਵਪੂਰਣ ਟਿੱਪਣੀਆਂ ਇਸ ਕਿਤਾਬ ਦਾ ਸ਼ਿੰਗਾਰ ਹਨ…ਜਿਵੇਂ :
“ ਜਦੋਂ ਅਸੀਂ ਮੁੰਡਿਆਂ ਨੂੰ ਵੱਡੇ ਕਰਦੇ ਹਾਂ ਤਾਂ ਉਹਨਾਂ ਦਾ ਭਾਰੀ ਨੁਕਸਾਨ ਕਰਦੇ ਹਾਂ …ਉਹਨਾਂ ਦੀ ਮਨੁੱਖਤਾ ਨੂੰ ਦਬਾ ਦਿੰਦੇ ਹਾਂ …ਮਰਦਾਨਗੀ ਦੀ ਬਹੁਤ ਤੰਗ ਪਰਿਭਾਸ਼ਾ ਤੈਅ ਕਰਦੇ ਹਾਂ …ਮਰਦਾਨਗੀ ਕਰੜਾ ਤੰਗ ਪਿੰਜਰਾ ਹੈ ਤੇ ਅਸੀਂ ਮੁੰਡਿਆਂ ਨੂੰ ਇਸ ਪਿੰਜਰੇ ਵਿਚ ਸੁੱਟ ਦਿੰਦੇ ਹਾਂ ।”
“ ਜਦੋਂ ਸੈਕੰਡਰੀ ਸਕੂਲ ਵਿਚ ਮੁੰਡਾ ਕੁੜੀ ਬਾਹਰ ਜਾਂਦੇ ਹਨ ਤਾਂ ਚੜ੍ਹਦੀ ਉਮਰੇ ਉਹਨਾਂ ਦੋਵਾਂ ਕੋਲ ਥੋੜ੍ਹਾ ਬਹੁਤ ਜੇਬ ਖਰਚ ਹੁੰਦਾ ਹੈ,ਫਿਰ ਵੀ ਆਪਣੀ ਮਰਦਾਨਗੀ ਸਾਬਤ ਕਰਨ ਲਈ ਬਿੱਲ ਹਮੇਸ਼ਾਂ ਮੁੰਡੇ ਨੂੰ ਹੀ ਦੇਣਾ ਪੈਂਦਾ ਹੈ (ਤੇ ਅਸੀਂ ਹੈਰਾਨ ਹੁੰਦੇ ਹਾਂ ਕਿ ਮੁੰਡੇ ਹੀ ਮਾਪਿਆਂ ਦੇ ਪੈਸੇ ਕਿਉਂ ਚੁਰਾਉਂਦੇ ਹਨ)!”
ਅਸੀਂ ਅਕਸਰ ਕੁੱਝ ਗੱਲਾਂ ‘ਚ ਸੱਭਿਆਚਾਰ ਦਾ ਬਹਾਨਾ ਘੜ ਲੈਂਦੇ ਹਾਂ ,ਇਹ ਕਹਿ ਕੇ ਕਿ ਇਹ ਸਾਡਾ ਸੱਭਿਆਚਾਰ ਐ…ਪਰ ਸੱਭਿਆਚਾਰ ਸਿਰਜਿਆ ਕਿਸ ਨੇ ਹੈ…ਇਨਸਾਨ ਨੇ! ਚਿਮਾਮਾਂਡਾ ਨੂੰ ਬਿਹਤਰੀਨ ਨਾਰੀਵਾਦੀ ਆਪਣਾ ਭਰਾ ਕੀਨ ਲੱਗਦਾ ਹੈ ਜੋ ਭਲਮਾਣਸ ਤੇ ਸੁਹਣੀ ਦਿੱਖ ਵਾਲਾ ਭਰ ਜੁਆਨ ਹੈ….ਉਹਦਾ ਬਿਆਨ ਧਿਆਨ ਮੰਗਦਾ ਹੈ,” ਹਰ ਉਹ ਮਰਦ ਤੇ ਔਰਤ ਨਾਰੀਵਾਦੀ ਹੈ ਜੋ ਇਹ ਕਹਿੰਦੇ ਹਨ ਕਿ ‘ਹਾਂ ,ਅੱਜ ਵੀ ਸਮਾਜਕ ਲਿੰਗ social gender ਅਧਾਰਿਤ ਵਿਤਕਰਾ ਹੈ ,ਸਾਨੂੰ ਇਹ ਠੱਲ੍ਹਣਾ ਚਾਹੀਦਾ ਹੈ ਤੇ ਭਵਿੱਖ ਨੂੰ ਬਿਹਤਰ ਬਣਾਉਣਾ ਚਾਹੀਦਾ ਹੈ।”
ਚਿਮਾਮਾਂਡਾ ਵੱਲੋਂ ਬਿਆਨੇ ਪੰਦਰਾਂ ਗੁਰ ਧਿਆਨ ਮੰਗਦੇ ਹਨ….ਇਕੋ ਇੱਕ ਕਹਾਣੀ ਦਾ ਨੁਕਸਾਨ ਵਿਕਾਸ ਪ੍ਰਕਿਰਿਆ ਦਾ ਨੁਕਸਾਨ ਐ…ਕਹਾਣੀ ਕਹਿਣੀ ਜ਼ਰੂਰੀ ਐ,ਤਾਂ ਕਿ ਗੱਲ ਅੱਗੇ ਤੁਰੇ….ਠੰਡਾ ਪਾਣੀ ਪੀ ਮਰਨ ਵਾਲ਼ੀ “ਵਿਚਾਰੀ ਚਿੜੀ” ਆਪਣੀ ਕਹਾਣੀ ਕਹੇ…ਆਪਣੇ ਅੰਦਾਜ਼ ਵਿਚ ਕਹੇ…ਮਹੱਤਵਪੂਰਨ ਹੈ ਕਿ ਕਹਾਣੀ ਕੌਣ ਕਹਿ ਰਿਹਾ ਹੈ,ਕਿਵੇਂ ਕਹਿ ਰਿਹਾ ਹੈ!
ਜਸ਼ਨਪ੍ਰੀਤ ਕੌਰ ਨੂੰ ਵਧਾਈ ਦੇਣ ਨਾਲੋਂ ਧੰਨਵਾਦ ਕਰਨਾ ਕਿਤੇ ਬਿਹਤਰ ਹੈ…ਅੰਤਿਕਾ ਵਿਚ ਉਹ ਗੱਲਾਂ ਕਰਦੀ ਐ ਜੋ ਕਰਨੀਆਂ ਜ਼ਰੂਰੀ ਹਨ…ਉਹ ਸਿੱਟਾ ਕੁਝ ਇਵੇਂ ਕੱਢਦੀ ਐ:
“ਨਾਰੀਵਾਦ ਸ਼ਬਦ ਨੂੰ ਖ਼ਿਆਲੀ ਖੌਫ਼ ਜਾਂ ਨਕਾਰਾਤਮਕ ਅਰਥਾਂ ਦੇ ਸਮੇਤ ਪ੍ਰਵਾਨ ਕੀਤਾ ਗਿਆ ਹੈ। ਇਹਦੀ ਬੜੀ ਸਿੱਧ ਪੱਧਰੀ ਵਿਆਖਿਆ ਹੁੰਦੀ ਹੈ ਕਿ ਔਰਤਾਂ ਕਿਸੇ ਬਰਾਬਰੀ ਨੂੰ ਪਹੁੰਚਣਾ ਚਾਹੁੰਦੀਆਂ ਨੇ ਤੇ ਮੁਕਾਬਲੇ ਚ ਖੜ੍ਹੀਆਂ ਨੇ। ਪਰ ਹੱਕ ਮੰਗਦੀਆਂ ਔਰਤਾਂ ‘ਦੂਜੇ ਲਿੰਗ’ ਭਾਵ ਮਰਦ ਦੇ ਵਿਰੋਧ ਚ ਨਹੀਂ ਖੜ੍ਹੀਆਂ ।ਉਹ ਅਸਲ ਵਿਚ ਗਲਬੇ ਵਾਲ਼ੇ ਰਿਸ਼ਤਿਆਂ ਤੇ ਸਮੀਕਰਨਾਂ ਦਾ ਵਿਰੋਧ ਕਰ ਰਹੀਆਂ ਨੇ।”
ਅਜੋਕੇ ਸਮਿਆਂ ‘ਚ ਜਦੋਂ ਨਾਰੀਵਾਦ ਦੀ ਖਿੱਲੀ ਉੜਾਉਣੀ ਫੈਸ਼ਨ ਬਣ ਗਿਆ ਹੈ, ਬਹੁਤ ਲੋਕ ਉਤਰ ਨਾਰੀਵਾਦ ਦਾ ਜ਼ਿਕਰ ਕਰਦਿਆਂ ਨਾਰੀਵਾਦ ਦੀ ਭੂਮਿਕਾ ਨੂੰ ਨਿਗੂਣੀ ਕਰ ਦਿੰਦੇ ਹਨ ਤਾਂ ਜਸ਼ਨਪ੍ਰੀਤ ਕੌਰ ਵੱਲੋਂ ਪੰਜਾਬੀ ਵਿਚ ਇਸ ਕਿਤਾਬ ਨੂੰ ਸਾਹਮਣੇ ਲਿਆਉਣਾ ਸਵਾਗਤਯੋਗ ਕਦਮ ਹੈ…ਇਹ ਕਿਤਾਬ ਸੰਵਾਦ ਰਚਾ ਰਹੀ ਹੈ…ਸਹਿਜ ਸਿਆਣਾ ਪਿਆਰਾ ਸੰਵਾਦ ਜਿਸਦੀ ਪ੍ਰਸਤਾਵਨਾ ਇਵੇਂ ਪੇਸ਼ ਹੈ:
ਸਖੀ ਨਾਲਿ ਵਸਾ ਅਪੁਨੇ ਨਾਹ ਪਿਆਰੇ
ਮੇਰਾ ਮਨੁ ਤਨੁ ਹਰਿ ਸੰਗ ਹਿਲਿਆ
ਸੁਣਿ ਸਖੀਏ ਮੇਰੀ ਨੀਦ ਭਲੀ
ਮੈਂ ਆਪਨੜਾ ਪਿਰੁ ਮਿਲਿਆ
ਭ੍ਰਮੁ ਖੋਇਓ ਸਾਂਤ ਸਹਿਜ ਸੁਆਮੀ
ਪਰਗਾਸੁ ਭਇਆ ਕਉਲੁ ਖਿਲਿਆ
ਵਰੁ ਪਾਇਆ ਪ੍ਰਭੁ ਅੰਤਰਜਾਮੀ
ਨਾਨਕ ਸੋਹਾਗ ਨ ਟਲਿਆ
ਗਉੜੀ ਮਹਲਾ ੫
ਇਸ ਕਿਤਾਬ ਨੂੰ ਕਿਵੇਂ ਵੀ ਹਾਸਲ ਕਰੋ, ਪੜ੍ਹੋ…ਸੁਣ ਸਖੀਏ ਜਸ਼ਨਪ੍ਰੀਤ ਕੌਰ ਵੱਲੋਂ ਦਿੱਤਾ ਤੋਹਫ਼ਾ ਹੈ।
ਚਿਮਾਮਾਂਡਾ ਤੇ ਜਸ਼ਨਪ੍ਰੀਤ ਨੂੰ ਸਲਾਮ ਕਰਦਾ
ਸਾਹਿਬ ਸਿੰਘ
ਸੁਣ ਸਖੀਏ, ਬੋਲ ਸਖੀਏ/ਚਿਮਾਮਾਂਡਾ ਤੇ ਜਸ਼ਨਪ੍ਰੀਤ ਨੂੰ ਸਲਾਮ ਕਰਦਾ-:ਸਾਹਿਬ ਸਿੰਘ
Leave a comment