04 ਅਪ੍ਰੈਲ (ਗਗਨਦੀਪ ਸਿੰਘ) ਬਠਿੰਡਾ: ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਉਣੀ 2024 ਦੌਰਾਨ ਨਰਮੇ ਦੀ ਫਸਲ ਨੂੰ ਪ੍ਰਫੁਲਿਤ ਕਰਨ ਲਈ ਵੱਖ-ਵੱਖ ਪਿੰਡਾਂ ਵਿੱਚ ਖੇਤੀਬਾੜੀ ਵਿਭਾਗ ਬਠਿੰਡਾ ਦੀਆਂ ਗਠਿਤ ਟੀਮਾਂ ਵੱਲੋ ਲਗਾਤਾਰ ਦੌਰੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ, ਬਲਾਕ ਖੇਤੀਬਾੜੀ ਅਫਸਰ ਬਠਿੰਡਾ ਡਾ. ਬਲਜਿੰਦਰ ਸਿੰਘ, ਡਾ. ਸਰਬਜੀਤ ਸਿੰਘ, ਡਾ. ਜਸਵਿੰਦਰ ਕੁਮਾਰ ਅਤੇ ਡਾ. ਅਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ ਬਠਿੰਡਾ ਵੱਲੋ ਪਿੰਡ ਜੀਦਾ, ਹਰਰਾਏਪੁਰ, ਭੋਖੜਾ ਅਤੇ ਗਿੱਲ ਪੱਤੀ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਮਿਲ ਕੇ ਛਿਟੀਆਂ ਦੇ ਢੇਰਾਂ ਨੂੰ ਨਸ਼ਟ ਕਰਨ ਸਬੰਧੀ ਜਾਗਰੂਕ ਕੀਤਾ।
ਇਸ ਮੌਕੇ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਆਉਣ ਵਾਲੀ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋ ਬਚਾਉਣ ਲਈ ਛਿਟੀਆਂ ਦੇ ਢੇਰਾਂ ਨੂੰ ਨਸ਼ਟ ਕਰਨਾ ਬਹੁਤ ਜ਼ਰੂਰੀ ਹੈ। ਨਰਮੇ ਦੀਆਂ ਛਿਟੀਆਂ ਦੇ ਢੇਰਾਂ ਵਿੱਚ ਅਣਖਿੜੇ ਟੀਡਿਆਂ ਅਤੇ ਸਿੱਕਰੀਆਂ ਨੂੰ ਝਾੜਿਆ ਜਾਵੇ ਅਤੇ ਰਹਿੰਦ ਖੂੰਹਦ ਨੂੰ ਨਸ਼ਟ ਕੀਤਾ ਜਾਵੇ ਕਿਉਕਿ ਗੁਲਾਬੀ ਸੁੰਡੀਆਂ ਦੇ ਲਾਰਵੇ ਢੇਰਾਂ ਵਿੱਚ ਮੌਜੂਦ ਹੁੰਦੇ ਹਨ। ਇਹ ਲਾਰਵੇ ਪਤੰਗੇ ਬਣ ਕੇ ਫਿਰ ਤੋਂ ਨਰਮੇ ਦੀ ਫਸਲ ਤੇ ਅੰਡੇ ਦਿੰਦੇ ਹਨ ਜੋ ਗੁਲਾਬੀ ਸੁੰਡੀ ਬਣ ਕੇ ਨਰਮੇ ਦੀ ਫਸਲ ਦਾ ਨੁਕਸਾਨ ਕਰਦੇ ਹਨ।ਇਸ ਲਈ ਨਰਮੇ ਦੀ ਅਗੇਤੀ ਬਿਜਾਈ ਨਾ ਕੀਤੀ ਜਾਵੇ ਤਾਂ ਜੋ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ, ਗੋਨਿਆਣਾ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਚਿੱਟੀ ਮੱਖੀ ਦੇ ਹਮਲੇ ਨੂੰ ਰੋਕਣ ਲਈ ਖਾਲੀ ਥਾਵਾਂ, ਪਹੀਆਂ ਅਤੇ ਖਾਲਿਆਂ ਉਤੇ ਉਘੇ ਨਦੀਨ ਜਿਵੇ :- ਪੀਲੀ ਬੂਟੀ, ਕੰਘੀ ਬੂਟੀ, ਗੁੱਤ-ਪੁੱਟਣਾ, ਭੰਗ, ਪੁੱਠਕੰਡਾ, ਕਾਂਗਰਸ ਘਾਹ ਆਦਿ ਨੂੰ ਨਸ਼ਟ ਕੀਤਾ ਜਾਵੇ ਕਿਉਂਕਿ ਇਹ ਚਿੱਟੀ ਮੱਖੀ ਦੇ ਪਨਾਹਗਾਰ ਨਦੀਨ ਹਨ ਜੋ ਕਿ ਨਰਮੇ ਦੀ ਫਸਲ ਲਈ ਬਹੁਤ ਨੁਕਸਾਨਦਾਇਕ ਹਨ।
ਇਸ ਮੌਕੇ ਖੇਤੀਬਾੜੀ ਅਫਸਰ ਡਾ. ਬਲਜਿੰਦਰ ਸਿੰਘ ਨੇ ਮੌਜੂਦ ਕਿਸਾਨਾਂ ਨੂੰ ਵੱਧ ਤੋ ਵੱਧ ਰਕਬੇ ਵਿੱਚ ਨਰਮੇ ਦੀ ਬਿਜਾਈ ਕਰਨ ਦੀ ਅਪੀਲ ਕੀਤੀ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਡੂੰਘਾ ਹੋਣ ਤੋ ਬਚਾਇਆ ਜਾ ਸਕੇ।
ਇਸ ਮੌਕੇ ਖੇਤੀਬਾੜੀ ਉਪ-ਨਿਰੀਖਕ ਸ੍ਰੀ ਸਵਰਨਜੀਤ ਸਿੰਘ ਤੇ ਅਗਾਂਹਵਧੂ ਕਿਸਾਨ ਆਦਿ ਹਾਜ਼ਰ ਸਨ।