ਗੁਰਿੰਦਰ ਔਲਖ
ਭੀਖੀ, 11 ਅਗਸਤ
ਇੱਥੇ ਨਵਯੁਗ ਸਾਹਿਤ ਕਲਾ ਮੰਚ ਵੱਲੋਂ ਪੰਜਾਬੀ ਵਿਭਾਗ ਗੁਰੂ ਨਾਨਕ ਕਾਲਜ ਬੁਢਲਾਡਾ ਅਤੇ ਸਾਹਿਬਦੀਪ ਪਬਲੀਕੇਸ਼ਨ ਦੇ ਸਹਿਯੋਗ ਸਦਕਾ ਨੌਜਵਾਨ ਸ਼ਾਇਰ ਗੁਲਜ਼ਾਰ ਡੋਗਰਾ ਦਾ ਪਲੇਠਾ ਕਾਵਿ ਸੰਗ੍ਰਹਿ ਪਰ-ਪਰਾਰ ਦੀ ਗੱਲ, ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਵਿਖੇ ਲੋਕ ਅਪਰਣ ਕੀਤਾ ਗਿਆ।
ਇਸ ਸਮੇਂ ਕਹਾਣੀਕਾਰ ਤੇ ਅਲੋਚਕ ਨਰੰਜਣ ਬੋਹਾ ਨੇ ਬੋਲਦਿਆਂ ਕਿਹਾ ਕਿ ਗੁਲਜ਼ਾਰ ਡੋਗਰਾ ਦੀ ਲੇਖਣੀ ਤੋਂ ਭਵਿੱਖ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ, ਉਹਨਾਂ ਡੋਗਰਾ ਦੇ ਕਾਵਿ ਸੰਗ੍ਰਹਿ ਨੂੰ ਖੁਸ਼ਾਮਦੀਦ ਕਿਹਾ। ਡਾ. ਰਾਜਨਦੀਪ ਕੌਰ ਨੇ ਗੱਲ ਕਰਦਿਆਂ ਕਿਹਾ ਕਿ ਗੁਲਜ਼ਾਰ ਦੀ ਲੇਖਣੀ ਵਿੱਚ ਬਹੁਤ ਕੋਮਲਤਾ ਹੈ, ਪੇਂਡੂ ਭਾਸ਼ਾਈ ਰਚਨਾਵਾਂ ਹਰ ਆਮ-ਖਾਸ਼ ਦੇ ਮਨ ਨੂੰ ਟੁੰਬਦੀਆਂ ਹਨ। ਸ਼ਾਇਰ ਦਿਲਬਾਗ ਰਿਉਂਦ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੁਲਜ਼ਾਰ ਦੀਆਂ ਰਚਨਾਵਾਂ ਹੱਡੀਂ ਹੰਢਾਈਆਂ ਪੀੜਾਂ, ਤੰਗੀਆਂ-ਤੁਰਸ਼ੀਆਂ ਨੂੰ ਬਿਆਨ ਕਰਦੀਆਂ ਹਨ, ਆਉਣ ਵਾਲੇ ਸਮੇਂ ਵਿੱਚ ਗੁਲਜ਼ਾਰ ਤੋਂ ਇੱਕ ਚੰਗਾ ਸਾਹਿਤ ਰਚਨ ਦੀ ਆਸ ਕੀਤੀ ਜਾ ਸਕਦੀ ਹੈ।
ਮੰਚ ਪ੍ਰਧਾਨ ਭੁਪਿੰਦਰ ਫੌਜੀ ਨੇ ਕਿਹਾ ਕਿ ਇੱਕ ਚੰਗਾ ਲੇਖਕ ਬਣਨ ਲਈ ਸਭ ਪਹਿਲਾਂ ਇੱਕ ਚੰਗਾ ਪਾਠਕ ਹੋਣਾ ਬਹੁਤ ਜਰੂਰੀ ਹੈ, ਉਹਨਾਂ ਸਮਾਗਮ ਵਿੱਚ ਆਏ ਨੌਜਵਾਨਾਂ ਨੂੰ ਪੁਸਤਕਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਮੰਚ ਸਰਪ੍ਰਸਤ ਐਸਡੀਓ ਰਜਿੰਦਰ ਸਿੰਘ ਰੋਹੀ ਨੇ ਸਮਾਗਮ ਵਿੱਚ ਆਏ ਲੇਖਕ ਤੇ ਪਾਠਕਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਕਰਨ ਭੀਖੀ ਤੇ ਗੁਰਿੰਦਰ ਔਲਖ ਵੱਲੋਂ ਕੀਤਾ ਗਿਆ।
ਸਮਾਗਮ ਦੌਰਾਨ ਅਮਨਦੀਪ ਗੁਰਨੇ, ਮਾ. ਬਲਕਰਨ ਸਿੰਘ ਨੇ ਆਪਣੀ ਰਚਨਾਵਾਂ ਪੇਸ਼ ਕੀਤੀਆਂ।
ਇਸ ਮੌਕੇ ਜਸਪਾਲ ਅਤਲਾ, ਹਰਵਿੰਦਰ ਭੀਖੀ, ਧਰਮਪਾਲ ਨੀਟਾ, ਜਸਵੰਤ ਚਹਿਲ ਮੱਤੀ, ਨਾਵਲਕਾਰ ਅਜ਼ੀਜ ਸਰੋਏ, ਗੁਲਾਬ ਰਿਉਂਦ, ਰਮੇਸ਼ ਸਿੰਘ ਡੋਗਰਾ, ਕੁਲਦੀਪ ਬੁਢਲਾਡਾ, ਪ੍ਰੋ. ਵੀਰਪਾਲ ਕੌਰ, ਮੇਜਰ ਕਲੇਰ, ਨਵਨੀਤ ਰਿਸ਼ੀ ਆਦਿ ਹਾਜ਼ਰ ਸਨ।
ਗੁਲਜ਼ਾਰ ਡੋਗਰਾ ਦਾ ਪਲੇਠਾ ਕਾਵਿ ਸੰਗ੍ਰਹਿ ਪਰ-ਪਰਾਰ ਦੀ ਗੱਲ ਲੋਕ ਅਰਪਣ
Leave a comment