ਸਭਾ ਦੇ ਬਾਨੀ ਜਨਰਲ ਸਕੱਤਰ ਹਰਗੋਬਿੰਦ ਸ਼ੇਖਪੁਰੀਆ ਦਾ ਨਿਊਜ਼ੀਲੈਂਡ ਤੋਂ ਵਾਪਸੀ ਤੇ ਕੀਤਾ ਵਿਸ਼ੇਸ਼ ਸਨਮਾਨ।
ਕਵੀਸ਼ਰੀ ਵਿਕਾਸ ਮੰਚ ਦੇ ਕਵੀਸ਼ਰਾਂ ਤੇ ਹੋਰ ਕਵੀਆਂ ਨੇ ਸਮਾਗਮ ਨੂੰ ਲਾਏ ਚਾਰ ਚੰਨ ।
4 ਦਸੰਬਰ 2023 (ਗਗਨਦੀਪ ਸਿੰਘ) ਤਲਵੰਡੀ ਸਾਬੋ: ਬੀਤੇ ਦਿਨੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਨੂੰ ਸਮਰਪਿਤ ਗੁਰੂ ਕਾਸ਼ੀ ਸਾਹਿਤ ਸਭਾ ਰਜਿ: ਤਲਵੰਡੀ ਸਾਬੋ ਵੱਲੋਂ ਆਪਣਾ ਬੀਹਵਾਂ ਜਨਮ ਦਿਵਸ ਚੱਠਾ ਮਿੰਨੀ ਪੈਲੇਸ ਸੰਗਤ ਰੋਡ ਵਿਖੇ ਮਨਾਇਆ ਗਿਆ। ਜਿਸ ਦੌਰਾਨ ਸਭਾ ਅਤੇ ਕਵੀਸ਼ਰੀ ਵਿਕਾਸ ਮੰਚ ਵੱਲੋਂ ਸਭਾ ਦੇ ਬਾਨੀ ਜਨਰਲ ਸਕੱਤਰ ਡਾ ਹਰਗੋਬਿੰਦ ਸਿੰਘ ਸ਼ੇਖਪੁਰੀਆ ਕਾਰਜ ਕਰਤਾ ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਦਾ ਨਿਊਜ਼ੀਲੈਂਡ ਦੀ ਇੱਕ ਸਾਲ ਯਾਤਰਾ ਤੋਂ ਵਾਪਸ ਆਉਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮਾਗਮ ਦਾ ਸਾਂਝੇ ਤੌਰ ਤੇ ਸਟੇਜ ਸੰਚਾਲਨ ਕਰਦਿਆਂ ਸੁਖਰਾਜ ਸੰਦੋਹਾ ਤੇ ਹਰਵੰਤ ਭੁੱਲਰ ਨੇ ਸ੍ਰੀ ਸ਼ੇਖਪੁਰੀਆ ਵੱਲੋਂ ਲਗਾਤਾਰ 19 ਜਨਮ ਦਿਵਸਾਂ ਤੇ ਆਪਣੀਆਂ 19 ਪੁਸਤਕਾਂ ਸਾਹਿਤ ਦੀ ਝੋਲੀ ਪਾਉਣ ਦੀ ਸ਼ਲਾਘਾ ਕਰਦਿਆਂ ਨਿਊਜ਼ੀਲੈਂਡ ਵਰਗੇ ਮੁਲਕਾਂ ਵਿੱਚ ਵੀ ਸਾਹਿਤ ਸੱਭਿਆਚਾਰ ਦਾ ਪ੍ਰਸਾਰ ਪ੍ਰਚਾਰ ਕਰਨ ਦੀ ਤਾਰੀਫ ਕੀਤੀ ! ਇਸ ਮੌਕੇ ਡਾ ਹਰਗੋਬਿੰਦ ਸ਼ੇਖਪੁਰੀਆ ਨੇ ਜਿੱਥੇ ਉਸ ਮੁਲਕ ਵਿੱਚ ਕੀਤੀਆਂ ਸਾਹਿਤਕ, ਸਮਾਜਿਕ, ਧਾਰਮਿਕ, ਰਾਜਨੀਤਿਕ ਗਤੀ ਵਿਧੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਾਇਆ, ਉੱਥੇ ਆਪਣੀ ਸਵੈ-ਜੀਵਨੀ “ਮੇਰੀਆਂ ਪੈੜਾਂ” ਵਿੱਚੋਂ ਬੈਂਤ ਰੂਪ ਵਿੱਚ ਬੁਲੰਦ ਆਵਾਜ਼ ‘ਚ ਸ਼ੇਅਰਾਂ ਦਾ ਪਾਠ ਕੀਤਾ । ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਪੰਨੀਵਾਲੀਆ ਨੇ ਅਕਾਦਮੀ ਦੇ ਸੰਸਥਾਪਕ ਪ੍ਰਧਾਨ ਸ੍ਰੀ ਸ਼ੇਖਪੁਰੀਆ ਦੇ ਬੱਚੇ ਵਿਦੇਸ਼ ਵਿੱਚ ਪ੍ਰਵਾਸ ਕਰ ਜਾਣ ਦੀ ਤਰ੍ਹਾਂ ਪੰਜਾਬ ਦੇ ਹੋਰ ਬਹੁਤ ਸਾਰੇ ਪ੍ਰਵਾਸੀਆਂ ਦੀ ਤੜਫ ਬਿਆਨ ਕਰਦੀ ਆਪਣੀ ਨਜ਼ਮ ਕਹੀ ! ਕਵੀਸ਼ਰੀ ਵਿਕਾਸ ਮੰਚ ਦੇ ਪ੍ਰਧਾਨ ਮਾ ਰੇਵਤੀ ਪ੍ਰਸ਼ਾਦ ਤੇ ਸਾਥੀਆਂ ਨੇ ਕਵੀਸ਼ਰੀ ਦਾ ਸਿਖਰ ਪਾਠ ਕੀਤਾ ਜਦੋਂ ਕਿ ਨਛੱਤਰ ਸਿੰਘ ਮਹਿਮਾ ਸਰਜਾ ਤੇ ਸਾਥੀਆਂ ਨੇ ਬਾਬੂ ਰਜਬ ਅਲੀ ਦੀ ਕਵਿਤਾਵਾਂ ਕਵਿਸ਼ਰੀ ਗਾਇਨ ਕੀਤੀ ! ਹੋਰਨਾਂ ਤੋਂ ਇਲਾਵਾ ਕਵੀਸ਼ਰ ਦਰਸ਼ਨ ਭੰਮੇ, ਸਭਾ ਦੇ ਪ੍ਰਧਾਨ ਦਰਸ਼ਨ ਚੱਠਾ ਤੇ ਮਾਨ ਸਿੰਘ ਨੇ ‘ਕਲਗੀਧਰ ਦੀਆਂ ਫੌਜਾਂ ਚੜਦੀ ਕਲਾ ਵਿੱਚ ਰਹਿਣਗੀਆਂ’, ਗੀਤਕਾਰ ਸ਼ੇਖਰ ਤਲਵੰਡੀ ਨੇ ਆਪਣਾ ਗੀਤ, ਉੱਘੇ ਸਮਾਜ ਸੇਵੀ ਗੁਰਦੀਪ ਸਿੰਘ ਬੀਹਲਾ ਨੇ ਕਿਸਾਨਾਂ ਬਾਰੇ ਕਵਿਤਾ, ਜਗਤਾਰ ਸਿੰਘ, ਧਰਮਪਾਲ ਪਾਲੀ, ਰਵਿੰਦਰ ਚਾਓ ਕੇ, ਬਲਦੇਵ ਬੇਪਰਵਾਹ, ਭਾਈ ਮਾਨ ਸਿੰਘ ਲਿਖਾਰੀ ਬੁੱਢਾ ਦਲ ਦੀਆਂ ਬੱਚੀਆਂ ਸੁਖਮਨ ਜੋਤ ਕੌਰ, ਹਰਮਨ ਜੋਤ ਕੌਰ ਤੇ ਜਸ਼ਨਦੀਪ ਕੌਰ ਨੇ ਕਵੀਸ਼ਰੀਆਂ, ਦਮਦਮਾ ਸਾਹਿਬ ਸਾਹਿਤ ਸਭਾ ਦੇ ਸਰਪ੍ਰਸਤ ਸੁਖਮਿੰਦਰ ਭਾਗੀ ਬਾਂਦਰ ਨੇ ਸ਼ੇਅਰ ਗਾਇਨ, ਹੋਰ ਹਾਜ਼ਰ ਕਵੀ ਕਵੀਸ਼ਰਾਂ ਨੇ ਆਪਣੇ ਆਪਣੇ ਕਲਾਮ ਗਾ ਕੇ ਹਾਜ਼ਰੀਨ ਨੂੰ ਘੰਟਿਆਂ ਬੱਧੀ ਮੰਤਰ ਮੁਗਧ ਕਰੀ ਰੱਖਿਆ ਅਤੇ ਇਸ ਸਮਾਗਮ ਨੂੰ ਸਭ ਨੇ ਚਾਰ ਚੰਨ ਲਾਏ !! ਅੱਜ ਦੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਬਾਬਾ ਡੱਲ ਸਿੰਘ ਖਾਨਦਾਨ ਚੋਂ ਜੀਤ ਸਿੱਧੂ, ਵਿਸ਼ੇਸ਼ ਮਹਿਮਾਨ ਸਾਹਿਤ ਪ੍ਰੇਮੀ ਕੁਲਵੰਤ ਸਰਾਂ ਤੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਢਾਡੀ, ਸੱਭਿਆਚਾਰ ਦੀ ਤੁਰਦੀ ਫਿਰਦੀ ਮੂਰਤ ਲੀਲੂ ਸਿੰਘ ਨੱਤ ਸ਼ਮਲੇ ਵਾਲਾ ਸਮੇਤ ਹੋਰਨਾਂ ਸ਼ਖਸ਼ੀਅਤਾਂ ਦਾ ਵੀ ਸਭਾ ਤੇ ਮੰਚ ਵੱਲੋਂ ਸਨਮਾਨ ਕੀਤਾ ਗਿਆ । ਇਸ ਮੌਕੇ ਸਭਾ ਦੇ ਸਰਪ੍ਰਸਤ ਚੇਤਾ ਸਿੰਘ ਮਹਿਰਮੀਆ, ਕਵੀਸ਼ਰ ਨੱਥਾ ਸਿੰਘ ਸ਼ੌਂਕੀ, ਆਪ ਆਗੂ ਤਰਸੇਮ ਸਿੰਗਲਾ ਤੇ ਡਾ ਸੁਖਦੇਵ ਸਿੰਘ ਵਿਸ਼ੇਸ਼ ਇਨਵਾਇਟੀ ਮੈਂਬਰ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ, ਸੰਤ ਬਾਬਾ ਜੋਰਾ ਸਿੰਘ ਗੁਰਦੁਆਰਾ ਸੰਤਪੁਰੀ ਸਾਹਿਬ, ਨਛੱਤਰ ਸਿੰਘ ਭਾਗੀਵਾਂਦਰ, ਗੀਤਕਾਰ ਜਨਕ ਸੰਗਤ, ਪੱਤਰਕਾਰ ਸੁਰਿੰਦਰ ਦਮਦਮੀ, ਮਾ ਸੁਖਦੇਵ ਸਿੰਘ ਚੱਠਾ, ਬੁੱਢਾ ਦਲ ਦੇ ਭਾਈ ਹਰਵਿੰਦਰ ਸਿੰਘ ਤੇ ਸੁਖਰਾਮ ਸਿੰਘ ਸਮੇਤ ਜਥੇ, ਕਵੀ ਕਵੀਸ਼ਰਾਂ, ਸਾਹਿਤਕਾਰਾਂ ਸ਼ਾਇਰਾਂ ਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ ! ਇਸ ਸਮੁੱਚੇ ਸਮਾਗਮ ਦੀ ਐਫਐਮ ਰੇਡੀਓ ਬਠਿੰਡਾ ਲਈ ਕਵਰੇਜ ਤਰਸੇਮ ਸਿੰਘ ਬੁੱਟਰ ਨੇ ਬਾਖੂਬੀ ਕੀਤੀ ਜਿਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ! ਭਾਈ ਮਾਨ ਸਿੰਘ ਲਿਖਾਰੀ ਤੇ ਉਨਾਂ ਦੇ ਫਰਜ਼ੰਦ ਏਕਮਜੋਤ ਸਿੰਘ ਨੇ ਇਸ ਸਮੁੱਚੇ ਸਮਾਗਮ ਦੀ ਫੋਟੋਗ੍ਰਾਫੀ ਕਰਕੇ ਕਵਰੇਜ ਕੀਤੀ !