7 ਮਾਰਚ (ਗਗਨਦੀਪ ਸਿੰਘ) ਬਠਿੰਡਾ: ਡਿਪਟੀ ਡਾਇਰੈਕਟਰ ਖੇਤੀਬਾੜੀ (ਦਾਲਾਂ) ਬਠਿੰਡਾ ਡਾ. ਜੋਗਰਾਜਬੀਰ ਸਿੰਘ ਗਿੱਲ ਨੇ ਕਿਸਾਨ ਵੀਰਾਂ ਨੂੰ ਸਮਰ ਮੂੰਗ ਅਤੇ ਸਮਰ ਮਾਂਹ ਦੀ ਬਿਜਾਈ ਸਮੇਂ-ਸਿਰ ਕਰਨ ਦੀ ਸਲਾਹ ਦਿੰਦਿਆਂ ਦੱਸਿਆ ਕਿ ਸਮਰ ਮੂੰਗ ਦੀ ਬਿਜਾਈ ਦੀ ਢੁੱਕਵਾਂ ਸਮਾਂ 20 ਮਾਰਚ ਤੋਂ 10 ਅਪ੍ਰੈਲ ਤੱਕ ਹੈ ਅਤੇ ਬਿਜਾਈ ਅਪ੍ਰੈਲ ਦੇ ਤੀਜੇ ਹਫਤੇ ਤੱਕ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਮਰ ਮਾਂਹ ਦੀ ਬਿਜਾਈ ਦਾ ਢੁੱਕਵਾਂ ਸਮਾਂ 15 ਮਾਰਚ ਤੋਂ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਮਰ ਮੂੰਗ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਐਸ.ਐਮ.ਐਲ-832, ਐਸ.ਐਮ.ਐਲ.-668,ਟੀ.ਐਮ.ਬੀ.-37, ਐਸ.ਐਮ.ਐਲ-1827 ਅਤੇ ਸਮਰ ਮਾਂਹ ਦੀਆਂ ਕਿਸਮਾਂ ਮਾਂਹ 1008 ਅਤੇ ਮਾਂਹ 1137 ਹਨ। ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੇਵਲ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਕਿਸਮਾਂ ਹੀ ਬੀਜੀਆਂ ਜਾਣ। ਸਮੇਂ-ਸਿਰ ਬੀਜੀਆਂ ਇਨ੍ਹਾਂ ਦਾਲਾਂ ਨੂੰ ਬਿਮਾਰੀਆਂ ਘੱਟ ਲੱਗਦੀਆਂ ਹਨ। ਸਮਰ ਮੂੰਗ ਦੀ ਫਸਲ ਤਕਰੀਬਨ 60 ਦਿਨਾਂ ਵਿੱਚ ਅਤੇ ਸਮਰ ਮਾਂਹ ਦੀ ਫਸਲ ਤਕਰੀਬਨ 75 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਕਿਸਾਨ ਆਲੂ ਦੀ ਫਸਲ ਤੋਂ ਬਾਅਦ ਝੋਨੇ ਦੀ ਬਿਜਾਈ ਤੋਂ ਪਹਿਲਾਂ ਵਿਚਲੇ ਸਮੇਂ ਦੌਰਾਨ ਇਨ੍ਹਾਂ ਫਸਲਾਂ ਨੂੰ ਬੀਜ ਕੇ ਆਪਣੀ ਕਮਾਈ ਵਿੱਚ ਵਾਧਾ ਕਰ ਸਕਦੇ ਹਨ। ਭਾਰਤ ਸਰਕਾਰ ਵੱਲੋਂ ਵੀ ਫੂਡ ਐਂਡ ਨਿਊਟਰੀਸ਼ਨ ਸਕਿਓਰਟੀ ਪਹਿਲਾਂ ਨੈਸ਼ਨਲ ਫੂਡ ਸਕਿਓਰਟੀ ਮਿਸ਼ਤ ਤਹਿਤ ਫਸਲੀ ਵਿਭਿੰਨਤਾ ਦੌਰਾਨ ਦਾਲਾਂ ਦੀ ਬਿਜਾਈ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਦਾਲਾਂ ਆਮਦਨੀ ਵਿੱਚ ਵਾਧੇ ਦੇ ਨਾਲ-ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਾਉਂਦੀਆਂ ਹਨ।
ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ (ਦਾਲਾਂ) ਸ਼੍ਰੀ ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਕਿ ਦਾਲਾਂ ਦੀ ਫਸਲਾਂ ਦੇ ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਗਾ ਕੇ ਬੀਜਣ ਨਾਲ ਝਾੜ ਵਿੱਚ ਕਾਫੀ ਵਾਧਾ ਹੁੰਦਾ ਹੈ। ਉਹਨਾਂ ਨੇ ਦੱਸਿਆ ਕਿ ਬੀਜਾਂ ਨੂੰ ਥੋੜ੍ਹੇ ਜਿਹੇ ਪਾਣੀ ਨਾਲ ਗਿੱਲਾ ਕਰਨ ਉਪਰੰਤ ਟੀਕਾ ਮਿਲਾਇਆ ਜਾਵੇ ਅਤੇ ਟੀਕਾ ਲਾਉਣ ਤੋਂ ਬਾਅਦ ਛਾਵੇਂ ਸੁੱਕਾ ਕੇ ਇੱਕ ਘੰਟੇ ਦੇ ਅੰਦਰ-ਅੰਦਰ ਬਿਜਾਈ ਕਰ ਦੇਣੀ ਚਾਹੀਦੀ ਹੈ।