16 ਮਈ (ਗਗਨਦੀਪ ਸਿੰਘ) ਬਰਨਾਲਾ: ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਤਪਿੰਦਰਜੋਤ ਕੌਸ਼ਲ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਬਰਨਾਲਾ ਦੀ ਯੋਗ ਅਗਵਾਈ ਅਧੀਨ ਟ੍ਰੇਨਿੰਗ ਅਨੈਕਸੀ ਹਾਲ ਵਿਖੇ ਸਮੂਹ ਆਸ਼ਾ ਨੂੰ ਲੂ ਲੱਗਣ ਤੋਂ ਬਚਾਅ ਸਬੰਧੀ ਟ੍ਰੇਨਿੰਗ ਦਿੱਤੀ ਗਈ।
ਇਸ ਮੌਕੇ ਡਾ. ਹਰਿੰਦਰ ਸ਼ਰਮਾ ਸਿਵਲ ਸਰਜਨ ਬਰਨਾਲਾ ਨੇ ਕਿਹਾ ਕਿ ਵੱਧ ਰਹੀ ਗਰਮੀ ਤੇ ਤਾਪਮਾਨ ਵਿੱਚ ਰੋਜ਼ਾਨਾ ਹੋ ਰਹੇ ਵਾਧੇ ਨੂੰ ਧਿਆਨ ਵਿਚ ਰੱਖਦਿਆਂ ਲੋਕਾਂ ਨੂੰ ਗਰਮੀ ਤੇ ਲੂ ਭਾਵ ਹੀਟਵੇਵ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ 40 ਡਿਗਰੀ ਤੋਂ ਵੱਧ ਤਾਪਮਾਨ ਹੋ ਜਾਣ ਕਾਰਨ ਲੂ ਦੀ ਸਥਿਤੀ ਬਣ ਜਾਂਦੀ ਹੈ ਜੋ ਕਿ ਸਰੀਰ ਦੇ ਤਾਪਮਾਨ ਨਿਯਮ ਪ੍ਰਣਾਲੀ ਨੂੰ ਵਿਗਾੜ ਦਿੰਦੀ ਹੈ ਤੇ ਗਰਮੀ ਨਾਲ ਸਬੰਧਿਤ ਬੀਮਾਰੀਆਂ ਦਾ ਕਾਰਨ ਬਣਦੀ ਹੈ
ਸੀਨੀਅਰ ਮੈਡੀਕਲ ਅਫ਼ਸਰ ਡਾ. ਤਪਿੰਦਰਜੋਤ ਕੌਸ਼ਲ ਨੇ ਦੱਸਿਆ ਕਿ ਨਵਜੰਮੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਵਿਅਕਤੀ, ਮਜ਼ਦੂਰੀ ਕਰਨ ਵਾਲੇ ਅਤੇ ਉਹ ਲੋਕ ਜੋ ਕਿ ਸਰੀਰਕ ਤੌਰ ‘ਤੇ ਬਿਮਾਰ ਹਨ, ਖ਼ਾਸ ਕਰ ਦਿਲ ਦੀ ਬੀਮਾਰੀ ਜਾਂ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ ਉਨ੍ਹਾਂ ਨੂੰ ਲੂ ਲੱਗਣ ਦਾ ਵਧੇਰੇ ਜੋਖਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੂ ਦੌਰਾਨ ਸਾਨੂੰ ਆਪਣੇ ਖਾਣ ਪੀਣ ਦਾ ਵਧੇਰੇ ਧਿਆਨ ਰੱਖਣਾ ਚਾਹੀਦਾ ਹੈ। ਹਰੀਆਂ ਸਬਜ਼ੀਆਂ ਅਤੇ ਮੌਸਮੀ ਫ਼ਲ ਜਿਵੇਂ ਖਰਬੂਜ਼ਾ, ਤਰਬੂਜ਼, ਅੰਗੂਰ, ਲੀਚੀ, ਖੀਰਾ, ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਵਿੱਚ ਪਾਣੀ ਦੀ ਵਧੇਰੇ ਮਾਤਰਾ ਹੁੰਦੀ ਹੈ।
ਇਸ ਮੌਕੇ ਡਾ. ਦੀਪ ਲੇਖ ਬਾਜਵਾ ਮੈਡੀਸਨ ਮਾਹਿਰ ਨੇ ਲੂ ਤੋਂ ਬਚਾਅ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਸੰਭਵ ਹੋਵੇ ਤਾਂ ਬਾਹਰਲੇ ਕੰਮ ਸਵੇਰੇ ਅਤੇ ਸ਼ਾਮ ਨੂੰ ਹੀ ਕੀਤੇ ਜਾਣ, ਧੁੱਪ ਵਿੱਚ ਖਾਸ ਕਰ ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਨਾ ਜਾਇਆ ਜਾਵੇ, ਜੇਕਰ ਜਾਣਾ ਜ਼ਿਆਦਾ ਜ਼ਰੂਰੀ ਹੋਵੇ ਤਾਂ ਪਾਣੀ ਨਾਲ ਲੈ ਕੇ ਜ਼ਰੂਰ ਜਾਓ ਤੇ ਥੋੜ੍ਹੇ- ਥੋੜ੍ਹੇ ਵਕਫ਼ੇ ਬਾਅਦ ਪਾਣੀ ਜ਼ਰੂਰ ਪੀਓ। ਉਨ੍ਹਾਂ ਕਿਹਾ ਕਿ ਧੁੱਪ ਤੋਂ ਬਚਾਅ ਲਈ ਛੱਤਰੀ, ਟੋਪੀ, ਕਾਲੀਆਂ ਐਨਕਾਂ ਅਤੇ ਤੌਲੀਏ ਆਦਿ ਦੀ ਵਰਤੋਂ ਕੀਤੀ ਜਾਵੇ ਅਤੇ ਹਲਕੇ ਰੰਗ ਦੇ ਸੂਤੀ ਤੇ ਢਿੱਲੇ ਕੱਪੜੇ ਪਾਏ ਜਾਣ। ਸ਼ਰਾਬ, ਚਾਹ, ਕੈਫੀ, ਤਲੀਆਂ ਹੋਈਆਂ ਚੀਜ਼ਾਂ ਆਦਿ ਤੋਂ ਗੁਰੇਜ਼ ਕੀਤਾ ਜਾਵੇ।
ਇਸ ਮੌਕੇ ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ , ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੇ ਕਿਹਾ ਕਿ ਸਰੀਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋਣਾ, ਬਹੁਤ ਤੇਜ਼ ਸਿਰ ਦਰਦ, ਬੇਚੈਨੀ, ਚੱਕਰ ਆਉਣਾ, ਮਾਸਪੇਸ਼ੀਆਂ ਦੀ ਕਮਜ਼ੋਰੀ, ਦਿਲ ਦੀ ਧੜਕਣ ਦਾ ਤੇਜ਼ ਹੋਣਾ, ਜੀਅ ਕੱਚਾ ਹੋਣਾ ਅਤੇ ਉਲਟੀ ਆਉਣਾ ਆਦਿ ਲੂ ਲੱਗਣ ਦੇ ਲੱਛਣ ਹਨ। ਅਜਿਹੇ ਲੱਛਣ ਦਿਖਾਈ ਦੇਣ ‘ਤੇ ਪ੍ਰਭਾਵਿਤ ਵਿਅਕਤੀ ਨੂੰ ਤੁਰੰਤ ਨਜ਼ਦੀਕੀ ਸਿਹਤ ਕੇਂਦਰ ‘ਤੇ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਆਸ਼ਾ ਨੂੰ ਕਿਹਾ ਉਹ ਆਪਣੇ ਆਪਣੇ ਏਰੀਏ ਵਿੱਚ ਇਹ ਜਾਣਕਾਰੀ ਸਾਂਝੀ ਜ਼ਰੂਰ ਕਰਨ ਤਾਂ ਜੋ ਲੂ ਤੋਂ ਲੋਕਾਂ ਦਾ ਬਚਾਅ ਕੀਤਾ ਜਾ ਸਕੇ। ਇਸ ਮੌਕੇ ਸਮੂਹ ਅਰਬਨ ਆਸ਼ਾ ਤੇ ਸਿਹਤ ਕਰਮੀ ਹਾਜ਼ਰ ਸਨ