ਆਖਿਰ ਕਿਉਂ ਰੋਕ ਦਿੱਤਾ ਗਿਆ ਸੀ ਚੱਲਦਾ ਕੰਮ…..?
14 ਅਪ੍ਰੈਲ, ਬਠਿੰਡਾ (ਗਗਨਦੀਪ ਸਿੰਘ) ਫੂਲ ਟਾਊਨ: ਫੂਲਕੀਆਂ ਮਿਸਲ ਦੀ ਮਾਣਮੱਤੀ ਵਿਰਾਸਤ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ ਪਿੰਡ ਫੂਲ ਟਾਊਨ ਦਾ ਇਹ ਪੁਰਾਤਨ ਇਤਿਹਾਸਿਕ ਕਿਲਾ। ਅਲੋਪ ਹੋ ਰਹੀ ਵਿਰਾਸਤ ਨੂੰ ਸਾਂਭਣ ਲਈ ਪਿਛਲੇ ਸਮੇਂ 2021 ਵਿੱਚ ਪੰਜਾਬ ਸਰਕਾਰ ਵੱਲੋਂ 25 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਸੀ। ਜਿਸ ਵਿੱਚੋਂ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ 8 ਕਰੋੜ ਰੁਪਏ ਜਾਰੀ ਕਰ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ। ਇਹ ਕੰਮ ਤਕਰੀਬਨ ਅੱਠ ਨੌਂ ਮਹੀਨਿਆਂ ਤੱਕ ਜਾਰੀ ਰਿਹਾ। ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਪੁਰਾਤਨ ਵਿਭਾਗ ਵੱਲੋਂ ਇਹ ਕੰਮ ਕਰਵਾਇਆ ਜਾ ਰਿਹਾ ਸੀ। ਦੱਸ ਦਈਏ ਕਿ ਜਦੋਂ ਇਸ ਦੀ ਹਾਲਤ ਨੂੰ ਸੁਧਾਰਨ ਲਈ ਕਾਮੇ ਲੱਗੇ ਹੋਏ ਸਨ ਤਾਂ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵਿੱਚ ਇੱਕ ਖੁਸ਼ੀ ਦੀ ਲਹਿਰ ਬਣੀ ਨਜ਼ਰ ਆ ਰਹੀ ਸੀ। ਕਿਲੇ ਦੀਆਂ ਚਾਰ ਦਵਾਰੀ ਦੀਆਂ ਕੰਧਾਂ ਆਸ ਪਾਸ ਦੀ ਵਸੋਂ ਉੱਪਰ ਖ਼ਤਰਾ ਬਣੀਆਂ ਹੋਈਆਂ ਸਨ। ਕਿਸੇ ਵੀ ਸਮੇਂ ਡਿੱਗਣ ਦਾ ਡਰ ਬਣਿਆਂ ਰਹਿੰਦਾ ਸੀ, ਜਦੋਂ ਮੀਂਹ ਹਨੇਰੀ ਆਉਂਦਾ ਤਾਂ ਆਸ ਪਾਸ ਵਸਦੇ ਲੋਕ ਸਹਿਮ ਜਾਂਦੇ। ਪਰ ਕੰਮ ਸ਼ੁਰੂ ਹੋਣ ਬਾਅਦ ਇਹ ਕੰਧਾਂ ਤਾਂ ਕੁਝ ਪ੍ਰਤੀਸ਼ਤ ਸੁਧਾਰ ਦਿੱਤੀਆਂ ਗਈਆਂ ਪਰ ਅਜੇ ਵੀ ਇਸ ਇਤਿਹਾਸਿਕ ਇਮਾਰਤ ਦੀ ਹਾਲਤ ਨਾ ਵੇਖਣਯੋਗ ਅਤੇ ਖੰਡਰ ਅਖਵਾਉਂਦੀ ਹੈ। ਜਦੋਂ ਹੀ ਸਰਕਾਰ ਬਦਲੀ ਹੈ, ਉਦੋਂ ਤੋਂ ਇਸਦਾ ਕੰਮ ਬਿਲਕੁਲ ਹੀ ਬੰਦ ਹੈ। ਪਿੰਡ ਦੇ ਨੌਜਵਾਨਾਂ ਵੱਲੋਂ ਸਰਕਾਰ ਨੂੰ ਅਪੀਲ ਹੈ ਕਿ ਇਸ ਇਤਿਹਾਸਿਕ ਇਮਾਰਤ ਦੀ ਰਹਿੰਦੀ ਮੁਰੰਮਤ ਜਲਦੀ ਤੋਂ ਜਲਦੀ ਸ਼ੁਰੂ ਕਰਵਾਈ ਜਾਵੇ ਅਤੇ ਬਾਕੀ ਦੀਆਂ ਇਤਿਹਾਸਿਕ ਇਮਾਰਤਾਂ ਵਾਂਗੂੰ ਅਸੀਂ ਇਸ ਨੂੰ ਗਵਾ ਨਾ ਲਾਈਏ। ਪੰਜਾਬ ਦੀਆਂ ਹੋਰ ਬਹੁਤ ਸਾਰੀਆਂ ਅਜਿਹੀਆਂ ਇਮਾਰਤਾਂ ਹਨ, ਜੋ ਮੁਰੰਮਤ ਅਤੇ ਦੇਖਭਾਲ ਨਾ ਹੋਣ ਕਾਰਨ ਸਾਡੀ ਵਿਰਾਸਤ ਵਿੱਚੋਂ ਅਲੋਪ ਹੋ ਚੁੱਕੀਆਂ ਹਨ।