2 ਅਪ੍ਰੈਲ (ਰਿੰਪਲ ਗੋਲਣ) ਭਿੱਖੀਵਿੰਡ: ਖੇਮਕਰਨ ਪੁਲਸ ਨੇ 110 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਦਿੱਤੀ ਜਾਣਕਾਰੀ ਵਿੱਚ ਐੱਸਐੱਚਓ ਖੇਮਕਰਨ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਸਾਹਿਬ ਸਿੰਘ ਸਮੇਤ ਪੁਲਸ ਪਾਰਟੀ ਖੇਮਕਰਨ ਸ਼ਹਿਰ ‘ਚ ਗਸ਼ਤ ਕਰ ਰਹੇ ਸਨ। ਜਦੋਂ ਉਹ ਮੇਨ ਬਾਜ਼ਾਰ ‘ਚੋਂ ਹੁੰਦਿਆਂ ਹੋਇਆਂ ਫਿਰਨੀ ‘ਤੇ ਪੁੱਜੇ ਤਾਂ ਸਮਾਧ ਬਾਬਾ ਕਾਲਾ ਸ਼ਾਹ ਵਾਲੇ ਪਾਸਿਓਂ ਆ ਰਿਹਾ ਇੱਕ ਨੌਜਵਾਨ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਉਸ ਨੇ ਆਪਣੇ ਪਜਾਮੇ ਦੀ ਸੱਜੀ ਜੇਬ ‘ਚੋਂ ਇੱਕ ਵਜ਼ਨਦਾਰ ਮੋਮੀ ਲਿਫ਼ਾਫ਼ਾ ਕੱਢ ਕੇ ਸੜਕ ਦੇ ਖੱਬੇ ਪਾਸੇ ਘਾਹ-ਬੂਟੀ ‘ਚ ਸੁੱਟ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਨੇ ਸੜਕ ਕਿਨਾਰੇ ਸੁੱਟੇ ਲਿਫਾਫੇ ਨੂੰ ਕਬਜੇ ਵਿੱਚ ਲੈ ਕੇ ਜਾਂਚ ਕੀਤੀ ਤਾਂ ਉਸ ਵਿੱਚੋਂ 110 ਗ੍ਰਾਮ ਹੈਰੋਇਨ ਬਰਾਮਦ ਹੋਈ। ਐੱਸਐੱਚੳ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਗੁਰਚੇਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਖੇਮਕਰਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਵਿਰੁੱਧ ਐਫ਼ਆਈਆਰ ਨੰਬਰ 35 ਮਿਤੀ 1/4/24 ਧਾਰਾ 21(ਬੀ)/61/85 ਐਨਡੀਪੀਐੱਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੇ ਅਗਲੇ-ਪਿਛਲੇ ਲਿੰਕਾਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।