*ਆਪ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਅਣਗੌਲੇ ਕਰਨ ਸਬੰਧੀ ਤਜਾਇਆ ਰੋਸ
*21 ਅਗਸਤ ਤੋਂ ਮੰਤਰੀ ਦੇ ਘਰ ਅੱਗੇ ਲਗਾਤਾਰ ਧਰਨਾ ਦੇਣ ਦਾ ਐਲਾਨ ।
10 ਅਗਸਤ (ਰਾਜਦੀਪ ਜੋੋਸ਼ੀ) ਸੰਗਤ ਮੰਡੀ: ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦੀ ਅਗਵਾਈ ਹੇਠ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਜਨਤਕ ਵਫ਼ਦ ਮਿਲਿਆ ਗਿਆ। ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ, ਗੁਰਜੰਟ ਸਿੰਘ ਸਾਉਂਕੇ ਤੇ ਮਨਦੀਪ ਸਿੰਘ ਸਿਵੀਆਂ ਨੇ ਖੇਤੀਬਾੜੀ ਮੰਤਰੀ ਕੋਲ ਸਖ਼ਤ ਇਤਰਾਜ਼ ਜ਼ਾਹਰ ਕੀਤਾ ਕਿ ਆਪ ਸਰਕਾਰ ਵੱਲੋਂ ਅੱਧਾ ਕਾਰਜਕਾਲ ਲੰਘਣ ਦੇ ਬਾਵਜੂਦ ਵੀ ਨਾਂ ਤਾਂ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦੀ ਗਰੰਟੀ ਪੂਰੀ ਕੀਤੀ ਗਈ, ਨਾਂ ਪੈਨਸ਼ਨਾਂ ਦੀ ਰਾਸ਼ੀ ਚ ਕੋਈ ਵਾਧਾ ਕੀਤਾ ਅਤੇ ਨਾਂ ਹੀ ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਲਾਗੂ ਕੀਤੀ ਗਈ ਜਿਸ ਕਾਰਨ ਮਜ਼ਦੂਰ ਵਰਗ ‘ਚ ਸਰਕਾਰ ਪ੍ਰਤੀ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਖੇਤ ਮਜ਼ਦੂਰ ਆਗੂਆਂ ਨੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਦਿਉਣ ਵਿਖੇ 1988 ਤੋਂ ਘਰ ਬਣਾ ਕੇ ਰਹਿ ਰਹੇ ਇੱਕ ਦਰਜਨ ਪਰਿਵਾਰਾਂ ਨੂੰ ਬਦਲਵੀਂ ਥਾਂ ਦਾ ਪ੍ਰਬੰਧ ਕੀਤੇ ਬਿਨਾਂ ਉਜਾੜੇ ਜਾਣ ਤੋਂ ਰੋਕਣ ਦੀ ਵੀ ਮੰਗ ਕੀਤੀ । ਮਜ਼ਦੂਰ ਆਗੂਆਂ ਵੱਲੋਂ ਮੁੱਖ ਮੰਤਰੀ ਵੱਲੋਂ ਅੰਦੋਲਨਾਂ ਦੌਰਾਨ ਬਣੇ ਕੇਸ ਵਾਪਸ ਲੈਣ ਦਾ ਕੀਤਾ ਵਾਅਦਾ ਪੂਰਾ ਕਰਨ ਦੀ ਮੰਗ ਵੀ ਕੀਤੀ।ਉਨ੍ਹਾਂ ਆਪ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਅਧੀਨ ਕੰਟਸੀਟੀਚਿਊ ਕਾਲਜਾਂ ‘ਚ ਦਾਖਲਾ ਲੈਣ ਵਾਲੇ ਐਸ ਸੀ ਵਿਦਿਆਰਥੀਆਂ ਤੋਂ ਪੀ ਟੀ ਏ ਫੰਡ ਵਸੂਲਣ ਦੇ ਨਵੇਂ ਫੁਰਮਾਨ ਜ਼ਾਰੀ ਕਰਕੇ ਗਰੀਬ ਵਰਗ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਤੋਂ ਵਾਂਝੇ ਰੱਖਣ ਦਾ ਮੁੱਦਾ ਵੀ ਉਠਾਇਆ। ਮਨਰੇਗਾ ਦਾ ਕੰਮ ਸ਼ੁਰੂ ਕਰਨ ਵਾਲੀ ਫਸਟ ਲੁਕੇਸ਼ਨ ਵਾਲੀ ਥਾਂ ਤੋਂ ਹੀ ਹਰ ਰੋਜ਼ ਦੋ ਵਾਰ ਹਾਜ਼ਰੀ ਲਾਉਣ ਦੇ ਫੁਰਮਾਨ ਨੂੰ ਰੋਕਣ ਦੀ ਵੀ ਮੰਗ ਕੀਤੀ । ਰੁਜ਼ਗਾਰ ਗਰੰਟੀ, ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਤੇ ਮਕਾਨ ਉਸਾਰੀ ਲਈ ਗ੍ਰਾਂਟਾਂ ਦੇਣ ਤੇ ,ਜਨਤਕ ਵੰਡ ਪ੍ਰਣਾਲੀ ਤਹਿਤ ਰਸੋਈ ਵਰਤੋਂ ਦੀਆਂ ਵਸਤਾਂ ਸਸਤੇ ਭਾਅ ਡਿੱਪੂਆਂ ‘ਤੇ ਦੇਣ ਦਾ ਮੰਗ ਵੀ ਉਠਾਈ। ਖੇਤੀਬਾੜੀ ਮੰਤਰੀ ਵੱਲੋਂ ਲੱਗਭਗ ਇੱਕ ਘੰਟਾ ਮਜ਼ਦੂਰ ਮਸਲਿਆਂ ਸਬੰਧੀ ਚਰਚਾ ਕਰਦਿਆਂ ਛੇਤੀ ਹੀ ਮੂੱਖ ਮੰਤਰੀ ਨਾਲ਼ ਮੀਟਿੰਗ ਕਰਵਾਕੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਮਜ਼ਦੂਰ ਆਗੂ ਕਾਲਾ ਸਿੰਘ ਤੇ ਰਾਜਾ ਸਿੰਘ ਖੂਨਣ ਖ਼ੁਰਦ, ਕਿਰਸ਼ਨਾ ਦੇਵੀ,ਤਾਰਾਵੰਤੀ ਗੁਰਪ੍ਰੀਤ ਕੌਰ ਦਿਉਣ, ਬਾਜ਼ ਸਿੰਘ ਭੁੱਟੀਵਾਲਾ ਕਾਕਾ ਸਿੰਘ ਖੁੰਡੇ ਹਲਾਲ, ਗੁਰਮੀਤ ਸਿੰਘ ਕੋਟਗੁਰੂ ਤੋਂ ਇਲਾਵਾ ਪੀ ਐਸ ਯੂ ਸ਼ਹੀਦ ਰੰਧਾਵਾ ਦੇ ਗੁਰਵਿੰਦਰ ਸਿੰਘ, ਨੌਜਵਾਨ ਭਾਰਤ ਸਭਾ ਜਸਕਰਨ ਸਿੰਘ ਕੋਟਗੁਰੂ ਤੇ ਬੀਕੇਯੂ ਏਕਤਾ ਉਗਰਾਹਾਂ ਦੇ ਗੁਰਤੇਜ ਸਿੰਘ ਖੁੱਡੀਆਂ ਵੀ ਮੌਜੂਦ ਸਨ। ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਤੇ ਹੱਕੀ ਮਜ਼ਦੂਰ ਮੰਗਾਂ ਨੂੰ ਲੈ ਕੇ 21 ਅਗਸਤ ਤੋਂ ਖੇਤੀਬਾੜੀ ਮੰਤਰੀ ਦੇ ਘਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਲਾਉਣ ਦਾ ਐਲਾਨ ਵੀ ਕੀਤਾ।
ਡੱਬੀ – ਵਫ਼ਦ ‘ਚ ਸ਼ਾਮਲ ਬਲਾਕ ਸੰਗਤ ਬਲਾਕ ਨਾਲ਼ ਸਬੰਧਤ ਆਗੂਆਂ ਨੇ ਵੱਖ ਵੱਖ ਹਸਪਤਾਲਾਂ ‘ਚ ਖਾਲੀ ਅਸਾਮੀਆਂ ਦਾ ਮੂੱਦਾ ਉਠਾਉਣ ਦੇ ਨਾਲ ਘੁੱਦਾ ਦੇ ਸਰਕਾਰੀ ਹਸਪਤਾਲ ‘ਚ ਇੱਕ ਬਾਹਰੀ ਵਿਅਕਤੀ ਵੱਲੋਂ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਵੀ ਮੰਤਰੀ ਦੇ ਧਿਆਨ ‘ਚ ਲਿਆਂਦਾ ਗਿਆ । ਉਹਨਾਂ ਮੰਤਰੀ ਦੇ ਧਿਆਨ ‘ਚ ਲਿਆਂਦਾ ਕਿ ਕੁਝ ਸਮਾਂ ਪਹਿਲਾਂ ਹੀ ਇਸ ਵਿਅਕਤੀ ਵੱਲੋਂ ਮਹਿਲਾ ਸਟਾਫ਼ ਨਾਲ਼ ਦੁਰਵਿਹਾਰ ਕਰਨ ਤੇ ਹਸਪਤਾਲ ਦੇ ਕੰਮਾਂ ‘ਚ ਨਜਾਇਜ਼ ਦਖਲਅੰਦਾਜ਼ੀ ਕਾਰਨ ਸਬੰਧੀ ਲਿਖਤੀ ਮੁਆਫੀ ਮੰਗ ਕੇ ਅੱਗੇ ਤੋਂ ਹਸਪਤਾਲ ‘ਚ ਸਿੱਧੀ ਜਾਂ ਅਸਿੱਧੀ ਦਖਲ ਦਖਲਅੰਦਾਜ਼ੀ ਨਾਂ ਕਰਨ ਦਾ ਲਿਖਤੀ ਭਰੋਸਾ ਦਿੱਤਾ ਸੀ ਪਰ ਇਸਦੇ ਬਾਵਜੂਦ ਉਹ ਵੀ ਬਾਜ਼ ਨਹੀਂ ਆਇਆ। ਮੰਤਰੀ ਵੱਲੋਂ ਤੁਰੰਤ ਇਸ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।