13 ਅਗਸਤ (ਗਗਨਦੀਪ ਸਿੰਘ) ਬਰਨਾਲਾ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਬਰਾਨਾਲਾ ਸ੍ਰੀਮਤੀ ਪੂਨਮਦੀਪ ਕੌਰ ਅਤੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਜਗਦੀਸ਼ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਸੁਖਪਾਲ ਸਿੰਘ ਦੀ ਅਗਵਾਈ ਹੇਠ ਬਲਾਕ ਬਰਨਾਲਾ ਦੇ ਪਿੰਡ ਕਰਮਗੜ ਵਿਖੇ ਸੀ.ਆਰ.ਐਮ ਸਕੀਮ ਅਧੀਨ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਜਿਸ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਯੋਗ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਹੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਲਈ ਸਰਕਾਰ ਵੱਲੋਂ ਸਬਸਿਡੀ ਤੇ ਦਿੱਤੀ ਗਈ ਮਸ਼ੀਨਰੀ ਦੀ ਵਰਤੋਂ ਵਧਾਉਣ ਲ਼ਈ ਕਿਸਾਨਾਂ ਨੂੰ ਜਾਗਰੂਕ ਕੀਤਾ। ਇਸ ਤੋਂ ਇਲਾਵਾ ਕਿਸਾਨਾਂ ਨੂੰ ਮੌਜੂਦਾ ਫਸਲਾਂ ਝੋਨਾ,ਨਰਮਾ ਆਦਿ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਵਿਭਾਗ ਵੱਲੋਂ ਕਿਸਾਨਾਂ ਨੂੰ ਬਾਸਮਤੀ ਉਪਰ ਪਾਬੰਦੀਸ਼ੁਦਾ 10 ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ।
ਕੈਂਪ ਦੌਰਾਨ ਪੀ.ਐਮ. ਕਿਸਾਨ ਸਕੀਮ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਮੌਕੇ ਤੇ ਹਾਜਰ ਕਿਸਾਨਾਂ ਦੀ ਈ-ਕੇ.ਵਾਈ.ਸੀ ਵੀ ਕੀਤੀ ਗਈ। ਇਸ ਕੈਂਪ ਵਿੱਚ ਲਗਪਗ 55 ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਖੇਤੀਬਾੜੀ ਵਿਸਥਾਰ ਅਫ਼ਸਰ ਮਨਦੀਪ ਸਿੰਘ, ਤਰਸੇਮ ਸਿੰਘ, ਏ.ਟੀ.ਐਮ ਹਰਜਿੰਦਰ ਸਿੰਘ ਅਤੇ ਬੇਲਦਾਰ ਸਿਮਰਜੀਤ ਸਿੰਘ ਮੌਜੂਦ ਸਨ।