….ਤੇ ਫਿਰ ਸਭ ਕੁੱਝ ਚੁੱਪ ਹੋ ਗਿਆ ਸੀ । ਚੌਂਕ ‘ਚ ਲਗੇ ਸਪੀਕਰ ਬੰਦ ਹੋ ਗਏ ਸਨ । ਚਾਹ ਵਾਲੀਆਂ ਦੁਕਾਨਾਂ ਤੇ ਬੈਠੀਆਂ ਢਾਣੀਆਂ ਖਿੰਡ ਗਈਆਂ ਸਨ ਤੇ ਅਮਲੀ ਪਰੇ ਦੂਰ ਸਾਧ ਦੇ ਡੇਰੇ ਨੂੰ ਤੁਰ ਗਿਆ ਸੀ ਜਿਥੇ ਸ਼ਰਾਬ ਅਫੀਮ ਦੀ ਥਾਂ ਉਸ ਨੇ ਫਿਰ ਤੋਂ ਭੰਗ ਦੇ ਪੱਤਿਆਂ ਨੂੰ ਤਲੀਆਂ ਤੇ ਮਲਣਾ ਸ਼ੁਰੂ ਕਰ ਦਿਤਾ ਸੀ।
ਕੰਧਾਂ ਤੇ ਲਗੇ ਪੋਸਟਰ ਫਾਲਤੂ ਹੋ ਕੇ ਰਹਿ ਗਏ ਸਨ । ਝੰਡਿਆਂ ਦਾ ਰਵਾਬ ਮੰਦ ਪੈ ਗਿਆ ਸੀ । ਖੈਰ ਉਹ ਬਹੁਤ ਦੇਰ ਰਿਹਾ ਸੀ ।
ਪਰ ਅੱਜ ਇਵੇਂ ਹੀ ਲੋਕ ਜਾਗੇ ਸਪੀਕਰ ਫਿਰ ਤੋਂ ਬੋਲਣ ਲਗੇ ਹੋਏ ਸਨ –
– ਵੋਟ ਫਾਰ ਚਿੱਟਾ ਕੁੱਤਾ । ਵੋਟ ਫਾਰ ਕਾਲਾ ਕੁੱਤਾ । ਚਿੱਟਾ ਕੁੱਤਾ ਮੁਰਦਾਬਾਦ। ਕਾਲਾ ਕੁੱਤਾ ਜ਼ਿੰਦਾਬਾਦ । ਕਾਲਾ ਕੁੱਤਾ ਮੁਰਦਾਬਾਦ ਚਿੱਟਾ ਕੁੱਤਾ ਜ਼ਿੰਦਾਬਾਦ..
– ਇੰਝ ਜਦੋਂ ਬੋਲਣ ਵਾਲੇ ਤੈਸ਼ ‘ਚ ਆ ਜਾਂਦੇ ਤਾਂ ਇਉਂ ਲਗਦਾ ਜਿਵੇਂ ਸੱਚੀ ਮੁੱਚੀ ਦੇ ਕੁੱਤੇ ਭੌਂਕ ਰਹੇ ਹੋਣ—ਇਕੋ ਸਾਹੇ ।
ਲੋਕ ਇਕ ਪਲ ਹੈਰਾਨ ਹੋ ਕੇ ਰਹਿ ਗਏ । ਜਿਵੇਂ ਪਿਛਲੇ ਦਿਨਾਂ ਦੇ ਸਾਰੇ ਜਾਨ ਲੇਵਾ ਰੌਲੇ ਤੋਂ ਲੋਕ ਅੱਕ ਚੁਕੇ ਸਨ । ਪਰ ਇਹ ਵੀ ਸੀ ਕਿ ਕੁੱਝ ਲੋਕ ਖੁਸ਼ ਵੀ ਸਨ- ਮਾਹੌਲ ‘ਚ ਜਿਵੇਂ ਫਿਰ ਤੋਂ ਜ਼ਿੰਦਗੀ ਪਰਤ ਆਈ ਸੀ ।
ਤੇ ਫਿਰ ਲੋਕਾਂ ਵੇਖਿਆ ਅਮਲੀ ਦੁਪਹਿਰ ਤਕ ਚੌਂਕ ‘ਚ ਮੁੜ ਆਇਆ ਸੀ । ਉਸ ਨੇ ਦਾੜ੍ਹੀ ਦੇ ਖਤ ਨਵੇਂ ਸਿਰੇ ਤੋਂ ਕਢਵਾਏ ਸਨ ਤੇ ਉਸ ਦੀਆਂ ਅੱਖਾਂ ਵਿਚ ਫਿਰ ਤੋਂ ਕੁੱਝ ਜਗ ਪਿਆ ਸੀ ।
ਤੇ ਫਿਰ ਉਹ ਚਿੱਟੇ ਕੁੱਤੇ ਵਾਲੇ ਚੋਣ ਨਿਸ਼ਾਨ ਵਾਲੀ ਪਾਰਟੀ ਦੇ ਦਫਤਰ ‘ਚ ਵੜ ਗਿਆ ਸੀ ਤੇ ਸ਼ਾਮ ਨੂੰ ਲੋਕਾਂ ਉਸ ਨੂੰ ਵੇਖਿਆ ਉਹ ਰਜਿੱਆ ਹੋਇਆ ਚੌਂਕ ‘ਚ ਖੜਾ ਸੀ ਉਸ ਨੇ ਕੰਨ ਤੇ ਹੱਥ ਰਖਿਆ ਤੇ ਸੱਦ ਲਾਈ…
ਜਿਵੇਂ ਲਾਡਲੇ ਪੁਤਾਂ ਨੂੰ ਮਾਵਾਂ, ਕਬਰਾਂ ਉਡੀਕਦੀਆਂ ਪੂਰਨਾ ।
ਅੱਖੀਆਂ ‘ਚ ਰੱਬ ਵੱਸਦਾ ਕੋਈ ਦੂਰ ਨਾ… ਗੱਲ ਇਸ ਤਰ੍ਹਾਂ ਹੋਈ ਕਿ ਚੋਣਾਂ ਤੋਂ ਬਾਅਦ ਚੁਬਾਰੇ ਵਾਲਿਆਂ ਤੇ ਹਵੇਲੀ ਵਾਲਿਆਂ ‘ਚ ਇਕ ਚੰਗੀ ਝੜਪ ਹੋਈ ਸੀ । ਓਧਰੋਂ ਓਧਰੀ ਗੋਲੀਆਂ ਚਲ ਗਈਆਂ ਤਾਂ ਉਨ੍ਹਾਂ ਦੇ ਬੱਚਿਆਂ ‘ਚ ਵੀ ਜਿਵੇਂ ਕਿ ਕੁਦਰਤੀ ਹੀ ਤੈਸ਼ ਆ ਗਿਆ ਸੀ ।
ਤੇ ਫਿਰ ਪਤਾ ਨਹੀਂ ਕਦੋਂ ਤੇ ਕਿਵੇਂ ਨੰਬਰਦਾਰ ਤੇ ਸੂਬੇਦਾਰ ਦੇ ਦੋਹਾਂ ਮੁੰਡਿਆ ਨੇ ਇਲੈਕਸ਼ਨ ਲੜਨ ਦਾ ਫੈਸਲਾ ਕਰ ਲਿਆ ਸੀ । ਪਹਿਲੀ ਚੋਣ ਦੇ ਝੰਡੇ ਬਚੇ ਪਏ ਸਨ ਤੇ ਪੋਸਟਰ ਵੀ। ਤੇ ਉਨ੍ਹਾਂ ਦੋਹਾਂ ਦੇ ਘਰਦਿਆਂ ਨੇ ਕਿਹਾ ਸੀ ਕਿ ਉਹ ਉਹੀ ਵਰਤ ਕੇ ਚੋਣ ਲੜ ਲੈਣ ਪਰ ਬੱਚੇ ਆਖਿਰ ਬੱਚੇ ਹੁੰਦੇ ਹਨ ਤੇ ਉਹ ਜਿੱਦ ‘ਚ ਆ ਗਏ ਸਨ।
ਸਾਰੇ ਪਿੰਡ ਦੇ ਮੁੰਡੇ ਕੁਝ ਇਧਰ ਆ ਜੁੜੇ ਸਨ ਕੁਝ ਉਧਰ…
ਉਨ੍ਹਾਂ ਨੇ ਇਹ ਵੀ ਫੈਸਲਾ ਕੀਤਾ ਸੀ ਕਿ ਕਿਉਂਕਿ ਕਈ ਬੱਚੇ ਬਹੁਤੇ ਛੋਟੇ ਹੋਣਗੇ ਇਸ ਲਈ ਚੋਣ ਨਿਸ਼ਾਨ ਇਕ ਹੀ ਹੋਵੇ ਸਿਰਫ ਉਸ ਦੇ ਰੰਗ ਵੱਖ ਵੱਖ ਹੋਣ ਤਾਂ ਕਿ ਸਾਰਿਆਂ ਨੂੰ ਅਸਾਨੀ ਨਾਲ ਪਤਾ ਲਗ ਜਾਵੇ ਤੇ ਫਿਰ ਉਨ੍ਹਾਂ ਨੇ ਚੋਣ ਨਿਸ਼ਾਨ ਕੁੱਤਾ ਚੁਣ ਲਿਆ ਸੀ ।
ਨੰਬਰਦਾਰ ਦੇ ਮੁੰਡੇ ਦਾ ਚੋਣ ਨਿਸ਼ਾਨ ਚਿੱਟਾ ਕੁੱਤਾ ਸੀ, ਸੂਬੇਦਾਰ ਦੇ ਮੁੰਡੇ ਦਾ ਕਾਲਾ । ਉਂਝ ਉਮੀਦਵਾਰ ਤਾਂ ਲਾਲ, ਨੀਲੇ, ਹਰੇ ਤੇ ਪੀਲੇ ਕੁੱਤੇ ਵਾਲੇ ਵੀ ਸਨ ਉਨ੍ਹਾਂ ਨੇ ਵੀ ਆਪਣੇ ਆਪਣੇ ਇਸ਼ਤਿਹਾਰ ਲਾਏ ਸਨ ਪਰ ਮੁੱਖ ਮੁਕਾਬਲਾ ਚਿੱਟੇ ਤੇ ਕਾਲੇ ਕੁੱਤੇ ਵਿਚਕਾਰ ਹੀ ਸੀ ।
ਤੇ ਫਿਰ ਉਨ੍ਹਾਂ ਦੇ ਹਮੈਤੀਆਂ ਨੇ ਡਰਾਇੰਗ ਦੀਆਂ ਕਾਪੀਆਂ ਚੋਂ ਕਾਗਜ਼ ਪਾੜ ਪਾੜ ਕੇ ਪੋਸਟਰ ਬਨਾਉਣੇ ਸ਼ੁਰੂ ਕਰ ਦਿਤੇ ਸਨ । ਚੋਣ ਮੁਹਿੰਮ ਜ਼ੋਰਾਂ ਤੇ ਚਲ ਪਈ ਸੀ ।
ਮੁੰਡਿਆਂ ਦੀ ਇਕ ਢਾਣੀ ਚਿੱਟਾ ਕੁੱਤਾ ਜ਼ਿੰਦਾਬਾਦ ਆਖਦੀ ਇਧਰ ਨੂੰ ਹੋ ਲੈਂਦੀ ਤੇ ਦੂਸਰੀ ਕਾਲਾ ਕੁੱਤਾ ਜ਼ਿੰਦਾਬਾਦ ਆਖਦੀ ਉਧਰ ਨੂੰ ।
ਅਮਲੀ ਫਿਰ ਤੋਂ ਗੁਟ ਹੋ ਢੋਲੇ ਗਾਉਣ ਲਗਾ ਸੀ —
ਵਿਚੋਂ ਕੋਈ ਪੁਛਦਾ- ਅਮਲੀਆ ਫੇਰ ਇਹ ਕੀ ਕਰ ਦਿਤਾ ਈ ।
—ਇਲੈਕਸ਼ਨ ਐ ਵੀਰ ਤੈਨੂੰ ਨਹੀਂ ਦੀਹਦਾ ।
ਪਿਛਲੀ ਵਾਰ ਵੀ ਚੌਂਕ ‘ਚ ਅਮਲੀ ਛਾਇਆ ਰਿਹਾ ਸੀ । ਉਹ ਦੋ ਦਿਨ ਇਕ ਪਾਰਟੀ ਦੇ ਦਫਤਰ ‘ਚ ਹੁੰਦਾ ਦੋ ਦਿਨ ਦੂਸਰੀ ਦੇ । ਦੋ ਦਿਨ ਇਕ ਪਾਰਟੀ ਦੇ ਹੱਕ ‘ਚ ਨਾਹਰੇ ਮਾਰ ਲੈਣ ਤੋਂ ਬਾਦ ਉਹ ਸੜਕ ਦੇ ਦੂਸਰੇ ਪਾਸੇ ਚਲਾ ਜਾਂਦਾ ਤੇ ਦੂਸਰੀ ਪਾਰਟੀ ਦੇ ਸਪੀਕਰ ਅਗੇ ਜਾ ਬਹਿੰਦਾ ਤੇ ਉਸ ਦੇ ਹੱਕ ‘ਚ ਬੋਲਣ ਲਗਦਾ ।
ਕੋਈ ਪੁੱਛਦਾ ਤਾਂ ਆਖਦਾ -_
-ਇਕ ਨਾਲ ਰਈ ਕਰ ਕੇ ਭਾਊ ਪਾਪ ਲੈਣੇ ਅਸਾਂ ਆਪਣੇ ਸਿਰ ਤੇ,ਹਿਸਾਬ ਕਿਤਾਬ ਬਰਾਬਰ ਕਰ ਦੇਣੇ ਆਪਾਂ ਤੇ । ਉਹ ਆਖਦਾ ।
ਤੇ ਫਿਰ ਜਦੋਂ ਕੋਈ ਪੁੱਛਦਾਂ-
-ਅਮਲੀਆ ਕਿਸ ਨੂੰ ਜਿਤਾ ਰਿਹੈਂ ਫਿਰ ਐਤਕਾਂ ।
-ਜਨਤਾ ਨੇ ਜਿਤਾਉਣੈ, ਭਾਊ ਆਪਾਂ ਕੌਣ ਹੁਨੇਂ ਆਂ ਕਿਸੇ ਨੂੰ ਜਿਤਾਉਣ ਹਰਾਉਣ ਵਾਲੇ।
-ਤਾਂ ਵੀ ਅਮਲੀਆ । ਅਗਲਾ ਫਿਰ ਪੁੱਛਦਾ ।
-ਭੈਣ ਦੇਣਾ ਕੋਈ ਜਿੱਤ ਜੇ,ਆਪਣਾ ਨਸ਼ਾ ਪਾਣੀ ਉਸੇ ਦਿਨ ਤੋਂ ਬੰਦ ਹੋ ਜਾਣੈ ।
ਅੱਜ ਸ਼ਾਮ ਨੂੰ ਅਮਲੀ ਚਿੱਟੇ ਕੁੱਤੇ ਵਾਲਿਆਂ ਦੇ ਦਫਤਰ ਵਿਚ ਸੀ । ਅੱਜ ਉਹ ਫਿਰ ਦਾਰੂ ਨਾਲ ਗੁੱਟ ਸੀ ।
ਕਹਿਣ ਨੂੰ ਤਾਂ ਇਹ ਬੱਚਿਆਂ ਦੀ ਖੇਡ ਸੀ ਪਰ ਕੋਈ ਵੀ ਥੋੜਾ ਹੋਸ਼ਮੰਦ ਆਦਮੀ ਜਾਣ ਸਕਦਾ ਸੀ ਕਿ ਇਸ ਪਿੱਛੇ ਨੰਬਰਦਾਰ ਤੇ ਸੂਬੇਦਾਰ ਦਾ ਹੱਥ ਪ੍ਰਤੱਖ ਸੀ ।
ਅਸਲ ‘ਚ ਲੜਾਈ ਵੀ ਉਨ੍ਹਾਂ ਦੋਹਾਂ ਵਿਚਕਾਰ ਹੀ ਸੀ ਨਹੀਂ ਤਾਂ ਬੱਚਿਆਂ ਨੇ…..।
ਉੱਝ ਨੰਬਰਦਾਰ ਆਪਣੀਆਂ ਮੁੱਛਾਂ ਤੇ ਹੱਥ ਫੇਰਦਾ ਪਰੇ ‘ਚ ਆਖਦਾ-
-ਬਾਬਾ ਵਾਰੇ ਵਾਰੇ ਜਾਈਏ ਅੱਜ ਕੱਲ੍ਹ ਦੇ ਅੰਞਾਣਿਆਂ ਦੇ । ਤੇ ਸੂਬੇਦਾਰ ਵੀ ਕੁੱਝ ਇੰਝ ਹੀ ਆਖਦਾ-
-ਮੁਲਕ ਆਜ਼ਾਦ ਐ ਭਾਈ…।
ਤਾਂ ਹੀ ਮੁੰਡਿਆਂ ਦੀ ਕੋਈ ਢਾਣੀ ਕੋਲੋਂ ਦੀ ਨਾਹਰੇ ਮਾਰਦੀ ਲੰਘ ਜਾਂਦੀ। ਕਦੀ ਨੰਬਰਦਾਰ ਦਾ ਮੂੰਹ ਮਸੋਸਿਆ ਜਾਂਦਾ ਤੇ ਸੂਬੇਦਾਰ ਦਾ ਖਿੜ ਉਠਦਾ ਤੇ ਕਦੀ ਇਸ ਦੇ ਉਲਟ।
ਅਮਲੀ ਕੰਨ ਤੇ ਹੱਥ ਰੱਖਦਾ ਤੇ ਹੇਕ ਲਾਉਂਦਾ –
-ਮਾਵਾਂ ਰੋਂਦੀਆਂ ਢਿੱਡਾਂ ਤੇ ਹੱਥ ਧਰ ਕੇ ਓ ਮਾਵਾਂ ਰੋਂਦੀਆਂ,
ਜਿਨ੍ਹਾਂ ਦੇ ਪੁੱਤ ਖੇਡਦੇ ਮਰੇ ਪੂਰਨਾ
ਅੱਖੀਆਂ ‘ਚ ਰੱਬ ਵੱਸਦਾ ਕੋਈ ਦੂਰ ਨਾ
ਦੋ ਦਿਨ ਬਾਦ ਅਮਲੀ ਸੜਕ ਦੇ ਦੂਸਰੇ ਪਾਸੇ ਕਾਲੇ ਕੁੱਤੇ ਵਾਲਿਆਂ ਦੇ ਦਫਤਰ ‘ਚ ਜਾ ਵੜਿਆ ਸੀ ।
ਕਿਸੇ ਨੇ ਪੁੱਛਿਆ ਤਾਂ ਆਖਣ ਲਗਾ—ਜ਼ਰਾ ਮੂੰਹ ਦਾ ਸੁਆਦ ਬਦਲਣ ਚਲਿਆਂ ।
ਤੇ ਫਿਰ ਸਪੀਕਰ ਬੋਲ ਰਿਹਾ ਸੀ-
-ਚਿੱਟੇ ਕੁੱਤੇ ਵਾਲਿਆਂ ਨੂੰ ਬਿਲਕੁਲ ਵੋਟ ਨਾ ਦੇਣਾ । ਇਨ੍ਹਾਂ ਨੂੰ ਪੁੱਛੋ, ਇਹਨਾਂ ਨੂੰ ਕਹੋ,ਦਸੋ ਕਦੀ ਇਨਾਂ ਦੀ ਦਾਦੀ ਨੇ ਕਦੀ ਵੀ ਝਾੜੇ ਬਹਿਣ ਪਿੱਛੋਂ ਹੱਥ ਪਾਣੀ ਕੀਤਾ ਸੀ ।
-ਭਰਾਓ ਧੋਖੇ ‘ਚ ਨਾ ਆਉਣਾ…..।
ਸੜਕ ਦੇ ਦੂਸਰੇ ਪਾਸਿਓਂ ਆਵਾਜ਼ ਆ ਰਹੀ ਸੀ-
–ਕਾਲੇ ਕੁੱਤੇ ਵਾਲਿਆਂ ਨੂੰ ਬਿਲਕੁਲ ਵੋਟ ਨਾ ਦਿਓ ਇਸ ਦਾ ਰੰਗ ਬਿਲਕੁਲ ਕੱਚਾ ਜੇ…
ਤੇ ਇਨ੍ਹਾਂ ਆਪ ਕੀਤਾ ਜੇ ਇਹ, ਬਿਲਕੁਲ ਅਸਲੀ ਨਹੀਂ ਜੇ ਵੀਰੋ ਭੁਲਣਾ ਨਹੀਂ। ਇਨ੍ਹਾਂ ਕਦੀ ਸਕੂਲ ਦਾ ਕੰਮ ਨਹੀਂ ਕੀਤਾ,ਕਦੀ ਫੱਟੀਆਂ ਨਹੀਂ ਲਿੱਖੀਆਂ ਤੇ ਹੁਣ ਬਚੀ ਸਿਆਹੀ ਇਨ੍ਹਾਂ ਆਪਣੇ ਉਤੇ ਮਲ ਲਈ ਜੇ…।
ਅਮਲੀ ਰੱਜਿਆ ਹੁੰਦਾ ਤਾਂ ਸੰਭਲ ਨਾ ਸਕਦਾ ।
– – ਆਪਣੇ ਹਲਕੇ ਦੇ ਹਲਕੇ ਉਮੀਦਵਾਰ ਜਿਨ੍ਹਾਂ ਦਾ ਚੋਣ ਨਿਸ਼ਾਨ ਕਾਲਾ ਕੁੱਤਾ ਹੈ ਨੂੰ , ਵੋਟ ਪਾ ਕੇ ਕਾਮਯਾਬ ਕਰੋ।
– -ਆਪਣਾ ਕੀਮਤੀ ਵੋਟ ਕਾਲੇ ਕੁੱਤੇ ਨੂੰ ਦਿਓ,ਭਰਾਓ ਕਾਲਾ ਕੁੱਤਾ ਰਾਤ ਨੂੰ ਬਿਲਕੁਲ ਨਹੀਂ ਦਿਸਦਾ ਤੇ ਚੋਰਾਂ ਨੂੰ ਅਸਾਨੀ ਨਾਲ ਫੜ ਸਕਦਾ ਜੇ ।
ਤੇ ਫਿਰ ਉਹ ਆਪਣੇ ਮੂੰਹ ਦਾ ਸੁਆਦ ਬਦਲਣ ਲਈ ਜਾਂ ਕਿਸੇ ਦਾ ਵੀ ਬੁਰਾ ਨਾ ਕਰਨ ਦੇ ਆਪਣੇ ਵਿਚਾਰ ਅਧੀਨ ਜਾਂ ਸਾਨੂੰ ਕਿਸੇ ਭੈਣ ਦੇਣੇ ਨੇ ਖੂਹ ਲਵਾ ਦੇਣੈ ਆਖਦਾ ਹੋਇਆ ਚਿੱਟੇ ਕੁੱਤੇ ਵਾਲਿਆਂ ਦੇ ਦਫਤਰ ਜਾ ਵੜਿਆ।
ਪਿੰਡ ਦੇ ਸਾਰੇ ਮੁੰਡੇ ਇਕ ਅਜੀਬ ਜਿਹੀ ਉਤੇਜਨਾ ‘ਚ ਘਿਰ ਕੇ ਰਹਿ ਗਏ ਸਨ। ਸਕੂਲ ਦਾ ਕੰਮ ਠੱਪ ਹੋ ਗਿਆ ਸੀ । ਆਥੜੀ,ਸੇਪੀ, ਮਜ਼ਦੂਰ ਸਭ ਕੁੱਝ ਥੋੜਾ ਜਾਂ ਬਹੁਤਾ ਚੌੜ ਹੋ ਕੇ ਰਹਿ ਗਿਆ ਸੀ ।
ਤਾਂ ਹੀ ਪਿੰਡ ਦਾ ਇਕ ਟਰੈਕਟਰ ਉਲਟ ਗਿਆ। ਉਸ ਦਾ ਡਰਾਈਵਰ ਲਹੂ ਲੁਹਾਣ ਘੱਟੇ ‘ਚ ਪਿਆ ਸੀ । ਕੋਲੋਂ ਦੀ ਲੰਘਦੀ ਟੋਲੀ ‘ਚੋਂ ਮੁੰਡੇ ਰੁਕ ਗਏ ਸਨ-
–ਭਾਨਿਆ ਫੜੀਂ ਵਿਚਾਰੇ ਨੂੰ,ਤੂੰ ਮੁਖਿਆ ਜਾ ਡਾਕਟਰ ਵਲ ।
ਤਾਂ ਹੀ ਅੱਗੇ ਅੱਗੇ ਝੰਡਾ ਚੁਕੀ ਜਾਂਦਾ ਨੰਬਰਦਾਰ ਦਾ ਮੁੰਡਾ ਉਹਨਾਂ ਨੂੰ ਖਿਚ ਕੇ ਲੈ ਤੁਰਿਆ ।
-ਘੱਟਿਓ ਇਹਦੀ ਉਮਰ ਨਹੀਂ ਵੇਂਹਦੇ ,40 ਸਾਲ ਦਾ ਹੋਉ । ਇਹਦੀ ਕਿਹੜਾ ਵੋਟ ਐ,ਮਰਨ ਦਿਓ ਸਾਲੇ ਨੂੰ…। ਉਸ ਤੋਂ ਅਗਲੇ ਦਿਨ ਕਾਲੇ ਕੁੱਤੇ ਵਾਲਿਆਂ ਦਾ ਇਕ ਵਰਕਰ ਹੈਜ਼ੇ ਨਾਲ ਮਰ ਗਿਆ । ਉਸ ਨੇ ਮੁਫ਼ਤ ਦੇ ਖਰਬੂਜ਼ੇ ਵੇਖ ਕੇ ਬਹੁਤੇ ਖਾ ਲਏ ਸਨ ।
ਸੂਬੇਦਾਰ ਦਾ ਮੁੰਡਾ ਸਾਰਾ ਦਿਨ ਸੋਗ ‘ਚ ਡੁੱਬਿਆ ਰਿਹਾ ਸੀ।
-ਕੰਜਰ ਦਾ ਚਾਰ ਦਿਨ ਠਹਿਰ ਕੇ ਮਰ ਜਾਂਦਾ ਵੋਟ ਤੇ ਪਾ ਜਾਂਦਾ…।
ਅਮਲੀ ਗਾਉਂਦਾ।
ਲੋਕ ਉਸਦੇ ਦੁਆਲੇ ਆ ਜੁੜਦੇ ਤਾਂ ਉਹ ਫਿਰ ਗਾਉਣ ਲਗਦਾ।
ਵਿਚਕਾਰ ਕੋਈ ਨੀਲੇ, ਹਰੇ, ਲਾਲ ਜਾਂ ਪੀਲੇ ਕੁੱਤੇ ਵਾਲਾ ਵੀ ਆਪਣਾ ਚੋਣ ਪ੍ਰਚਾਰ ਕਰਦਾ ਲੰਘ ਜਾਂਦਾ । ਜਿਵੇਂ ਪਿਛਲੀ ਵਾਰ ਵੀ ਚੋਣ ਵਿਚ ਇਕ ਆਜ਼ਾਦ ਉਮੀਦਵਾਰ ਸੀ-ਭਗਤ ਰਾਮ ਸੂਤਰ ਵਾਲਾ । ਉਹ ਆਪ ਹੀ ਰਿਕਸ਼ੇ ਤੇ ਚੜ੍ਹਿਆ ਸਪੀਕਰ ‘ਚ ਬੋਲਦਾ ਫਿਰਦਾ ਹੁੰਦਾ ਸੀ–ਆਪਣਾ ਕੀਮਤੀ ਵੋਟ ਭਗਤ ਰਾਮ ਸੂਤਰ ਵਾਲੇ ਨੂੰ ਪਾ ਕੇ ਕਾਮਯਾਬ ਕਰੋ । ਮੇਰੀ ਜਿਤ ਦੁਨੀਆਂ ਦੇ ਸਾਰੇ ਜੁਲਾਹਿਆਂ ਦੀ ਜਿੱਤ ਹੈ ।
ਪਿਛੋਂ ਉਸ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਤਾਂ ਉਹ ਰਾਤ ਨੂੰ ਰੱਜ ਕੇ ਸ਼ਰਾਬ ਪੀ ਕੇ ਬਹੁਤ ਰੋਇਆ ਸੀ।
-ਹਰਾਮੀ ਜੁਲਾਹਿਆਂ ‘ਚ ਕਦੀ ਜਾਗ੍ਰਤੀ ਨਹੀਂ ਆਉਣੀ।
ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਮੁੱਖ ਟੱਕਰ ਚਿੱਟੇ ਕੁੱਤੇ ਵਾਲਿਆਂ ਤੇ ਕਾਲੇ ਕੁੱਤੇ ਵਾਲਿਆਂ ਵਿਚਕਾਰ ਸੀ । ਹਰੇ ਕੁੱਤੇ ਵਾਲੇ ਨੂੰ ਨੰਬਰਦਾਰ ਨੇ ਨਵੇਂ ਬੂਟ ਲੈ ਦਿਤੇ ਸਨ ਤੇ ਉਹ ਬੈਠ ਗਿਆ ਸੀ । ਨੀਲੇ ਕੁੱਤੇ ਵਾਲੇ ਨੂੰ ਸੂਬੇਦਾਰ ਨੇ ਇਹ ਕਹਿ ਕੇ ਸਮਝਾ ਲਿਆ ਸੀ ਕਿ ਚਾਰ ਪੰਜ ਪੀੜੀਆਂ ਪਹਿਲਾਂ ਉਹਨਾਂ ਦੀਆਂ ਦਾਦੀਆਂ ਤਾਏ ਚਾਚੇ ਦੀਆਂ ਧੀਆਂ, ਭੈਣਾਂ ਸਨ ।
ਚਾਹ ਦੀ ਦੁਕਾਨ ਤੇ ਚੰਗੀ ਭੀੜ ਸੀ । ਦੁਕਾਨ ਦੇ ਛੱਜੇ ਤੇ ਬੱਧਾ ਸਪੀਕਰ ਲਗਾਤਾਰ ਚਿੱਟੇ ਕੁੱਤੇ ਦੇ ਹੱਕ ‘ਚ ਪ੍ਰਚਾਰ ਕਰ ਰਿਹਾ ਸੀ । ਚਾਹ ਦਾ ਸਾਰਾ ਖਰਚ ਨੰਬਰਦਾਰ ਦੇ ਸਿਰ ਸੀ ।
ਚਾਹ ਦਾ ਸੁਰਕੜਾ ਮਾਰਦਾ ਕੋਈ ਕਹਿ ਰਿਹਾ ਸੀ ।
-ਆਪਾਂ ਤਾਂ ਵੋਟ ਚਿੱਟੇ ਕੁੱਤੇ ਨੂੰ ਈ ਪਾਵਾਂਗੇ ।
ਤਾਂ ਅਮਲੀ ਨੇ ਗੁੱਸੇ ‘ਚ ਆਪਣਾ ਚਾਹ ਦਾ ਕੱਪ ਮੇਜ਼ ਤੇ ਦੇ ਮਾਰਿਆ-
-ਚਿੱਟੇ ਕੁੱਤੇ ਵਾਲੇ ਤੈਨੂੰ ਲੌਢਾ ਵੇਲਾ ਦੇ ਜਾਂਦੇ ਹੋਣੇ ਨੇ, ਕੰਜਰ ਦਾ । ਜਾਹ ਜਾ ਕੇ ਵੇਲੇ ਸਿਰ ਪੱਠੇ ਲਿਆ ਜਿਹੜਾ ਤੇਰਾ ਕੰਮ ਏ…।
ਅਗਲੇ ਦਿਨ ਸਵੇਰੇ ਹੀ ਨੰਬਰਦਾਰ ਨੇ ਅਪਣੇ ਮੁੰਡੇ ਨੂੰ ਬੂੜੇ ਖੱਤਰੀ ਦੀ ਦੁਕਾਨ ਖੁਲ੍ਹਵਾ ਕੇ ਰੰਗਦਾਰ ਬਟਨਾਂ ਦੀਆਂ ਡੱਬੀਆਂ ਲੈ ਦਿਤੀਆਂ ਸਨ। ਤੇ ਉਹ ਸਾਰੇ ਠੱਠੀ ਵਲ ਤੁਰ ਪਏ ਸਨ । ਉਨ੍ਹਾਂ ਨੇ ਠੱਠੀ ਦੇ ਸਾਰੇ ਮੁੰਡਿਆਂ ਨੂੰ ਛੇ ਛੇ ਬਟਨ ਦਿਤੇ—ਲਾਲ, ਪੀਲੇ, ਹਰੇ, ਨੀਲੇ ਗੁਲਾਬੀ, ਸੰਗਤਰੀ ।
-ਲਾਓ ਕਮੀਜ਼ਾਂ ਤੇ ਮਿੱਤਰੋ ਤੇ ਕੱਢੋ ਟੌਰਾਂ,ਬਟਨੋਂ ਬਗੈਰ ਕਮੀਜ਼ਾਂ ਭਲਾ ਕੀ ਲਗਦੀਆਂ ਨੇ । ਵੇਖਿਓ ਜਿੱਤ ਗਏ ਤਾਂ ਕੀ ਕਰਦੇ ਹਾਂ । ਅਪਣਾ ਵੋਟ ਸਾਨੂੰ ਦੇਣਾ ।
ਉਸੇ ਦਿਨ ਸ਼ਾਮ ਨੂੰ ਸੂਬੇਦਾਰ ਨੇ ਆਪਣੇ ਮੁੰਡੇ ਨੂੰ ਦੋ ਕਿਲੋ ਨਿਕੇ ਪਤਾਸੇ ਲੈ ਦਿਤੇ। ਪਤਾਸੇ ਲੈ ਕੇ ਉਹ ਪਿੰਡ ਨੂੰ ਹੋ ਤੁਰੇ…।
-ਭਾਊ ਸ਼ਕੀਨੀ ਛਡੋ, ਢਿੱਡ ਭੁੱਖਾ ਹੋਵੇ ਤਾਂ ਭਲਾ ਰੰਗ-ਬਰੰਗੇ ਭਾਵੇਂ ਵੀਹ ਹੋਣ ਖਾਂ ਬਟਨ ਕੀ ਆਂਹਦੇ ਨੇ । ਰੱਜੋ ਤੁਸੀਂ ਖਾਓ ਪਤਾਸੇ…
ਅਗਲੇ ਦਿਨ ਚਿੱਟੇ ਕੁੱਤੇ ਵਾਲਿਆਂ ਦਾ ਸਪੀਕਰ ਬੋਲ ਰਿਹਾ ਸੀ-
-ਗੋਰਾ ਰੰਗ ਨਾ ਕਿਸੇ ਦਾ ਹੋਵੇ,
ਸਾਰਾ ਪਿੰਡ ਵੈਰ ਪੈ ਗਿਆ।
ਸੜਕ ਦੇ ਦੂਸਰੇ ਪਾਸਿਓਂ ਆਵਾਜ ਆ ਰਹੀ ਸੀ-
-ਮੇਰਾ ਕਾਲਾ ਨੀ ਸਰਦਾਰ ਅੜੀਓ ਸ਼ਾਹ ਕਾਲਾ……।
ਅਗਲੇ ਦਿਨ ਨੰਬਰਦਾਰ ਦੀ ਟਰਾਲੀ ਭੱਠੇ ਤੇ ਕੰਮ ਕਰਨ ਵਾਲੇ ਮੁੰਡੇ ਕੁੜੀਆਂ ਨੇ ਰੋਕ ਲਈ-
-ਭੱਠੇ ਤਕ ਬੈਠ ਜਾਈਏ ਸਰਦਾਰਾ ਅਸੀਂ ।
-ਬਹਿਜੋ ਬਹਿਜੋ,ਆਪਣੀ ਟਰਾਲੀ ਏ ਤੁਹਾਡੀ…..।
ਨੰਬਰਦਾਰ ਦੇ ਮੁੰਡੇ ਨੇ ਉਨ੍ਹਾਂ ਨੂੰ ਟਰਾਲੀ ਤੇ ਚੜਾ ਲਿਆ ਸੀ ।
ਕੱਲ੍ਹ ਇਹੀ ਮਜ਼ਦੂਰ ਉਸ ਨੇ ਸੂਬੇਦਾਰ ਦੀ ਟਰਾਲੀ ਤੇ ਚੜ੍ਹੇ ਵੇਖੇ ਸਨ । ਥੋੜ੍ਹੀ ਦੂਰ ਜਾ ਕੇ ਉਸ ਨੇ ਉਨ੍ਹਾਂ ਨੂੰ ਪੁਛਿੱਆ ਸੀ-
-ਤੁਸੀਂ ਕਿਸ ਨੂੰ ਪਾਉਣੀਆਂ ਨੇ ਆਪਣੀਆਂ ਵੋਟਾਂ-
-ਤੈਨੂੰ ਪਾ ਦਿਆਂਗੇ ਸਰਦਾਰਾ ।
-ਕੱਲ੍ਹ ਤਾਂ ਤੁਸੀਂ ਸੂਬੇਦਾਰ ਦੀ ਟਰਾਲੀ ਤੇ ਚੜ੍ਹੇ ਹੋਏ ਸੋ ।
-ਅਸੀਂ ਭੱਠੇ ਤੇ ਜੁ ਜਾਣਾ ਹੋਇਆ, ਚਾਰ ਕੋਹ ਹੈ ਏਥੋਂ, ਬੱਸ ਦਾ ਭਾੜਾ ਤੇ ਸਾਥੋਂ ਸਰ ਨਹੀਂ ਹੁੰਦਾ -ਜ਼ਰਾ ਛੇਤੀ ਚਲੇ ਜਾਈਏ, ਚਾਰ ਇੱਟਾਂ ਵੱਧ ਪੱਥ ਲਾਗੇਂ ਹੋਰ ਕੀ..।
ਭੱਠੇ ਤੇ ਪੁੱਜ ਕੇ ਉਹ ਮੁੰਡੇ ਕੁੜੀਆਂ ਚੁੱਪ ਚਾਪ ਟਰਾਲੀ ‘ਚੋਂ ਉਤਰ ਗਏ ।
ਟਰਾਲੀ ਤੁਰ ਪਈ ਸੀ । ਘੱਟਾ ਉੱਡ ਕੇ ਉਨ੍ਹਾਂ ਦੇ ਸਿਰਾਂ ਉਪਰ ਖਿੰਡਰ ਗਿਆ ਸੀ । ਕੱਲ੍ਹ ਸੂਬੇਦਾਰ ਦੀ ਟਰਾਲੀ ਨਾਲ ਵੀ ਇੰਝ ਹੀ ਘੱਟਾ ਉਡਿਆ ਸੀ ਤੇ ਉਨ੍ਹਾਂ ਦੇ ਸਿਰ ਭਰ ਗਏ ਸਨ । ਜਦੋਂ ਉਹ ਏਥੇ ਆ ਕੇ ਉਤਰੇ ਸਨ ।
ਸ਼ਾਮ ਨੂੰ ਅਮਲੀ ਫਿਰ ਚੌਂਕ ਵਿਚ ਸੀ, ਰੱਜਿਆ ਹੋਇਆ । ਕਿਸੇ ਨੇ ਪੁਛਿੱਆ-
-ਅਮਲੀਆ ਕੌਣ ਜਿੱਤ ਰਿਹੈ ਫਿਰ ਇਸ ਵਾਰ ? ਕਾਲਾ ਕੁੱਤਾ ਕਿ ਚਿੱਟਾ ।
ਆਪਣੀ ਮੈਲੀ ਪੱਗ ਹੇਠੋਂ ਜਟੂਰੀਆਂ ਖੁਰਕਦੇ ਅਮਲੀ ਨੇ ਆਖਿਆ –
-ਕੋਈ ਜਿੱਤ ਜੇ ਭੈਣ ਦੇਣਾ,ਹੈਣ ਤਾਂ ਦੋਵੇਂ ਈ ਕੁੱਤੇ ਨਾ ।
ਤੇ ਰਾਤੀਂ ਪਤਾ ਨਹੀਂ ਰੱਬ ਦੀ ਕਰਨੀ ਕੀ ਹੋਈ ਜ਼ੋਰ ਦਾ ਮੀਂਹ ਆ ਪਿਆ ।
ਸਾਰੇ ਪੋਸਟਰਾਂ ਦੇ ਰੰਗ ਖੁਰ ਗਏ—ਲਾਲ, ਪੀਲੇ, ਹਰੇ, ਕਾਲੇ । ਹਰ ਕੁੱਤਾ ਇਕ ਹੀ ਰੰਗ ਦਾ ਹੋ ਗਿਆ ।
ਕਿਸੇ ਨੇ ਇਸ ਨੂੰ ਕਿਸੇ ਦੀ ਸਾਜ਼ਿਸ਼ ਦੱਸਿਆ ਕਿਸੇ ਨੇ ਸ਼ਰਾਰਤ, ਕਿਸੇ ਨੇ ਕਿਸਮਤ…