*ਖਿਡਾਰੀਆਂ ਨੂੰ ਖੇਡਾਂ ਵਿਚ ਮਿਹਨਤ ਨਾਲ ਅੱਗੇ ਵਧਣ ਦਾ ਸੁਨੇਹਾ
ਮਾਨਸਾ, 01 ਸਤੰਬਰ :
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਸ਼ੀਜ਼ਨ-2 ਤਹਿਤ ਜ਼ਿਲ੍ਹੇ ਵਿੱਚ ਹੋਣ ਵਾਲੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ਼ ਦੇ ਖੇਡ ਮੈਦਾਨ ਤੋਂ ਆਗਾਜ਼ ਕੀਤਾ। ਡਿਪਟੀ ਕਮਿਸ਼ਨਰ ਨੇ ਸਮੂਹ ਖਿਡਾਰੀਆਂ ਨੂੰ ਖੇਡਾਂ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਖੇਡਾਂ ਅੰਦਰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਖੇਡ ਸੱਭਿਆਚਾਰ ਨੂੰ ਘਰ-ਘਰ ਪਹੁੰਚਾਉਣ ਲਈ ਪੰਜਾਬ ਸਰਕਾਰ ਦੇ ਉਪਰਾਲੇ ਦੀ ਜਿੱਥੇ ਸ਼ਲਾਘਾ ਕੀਤੀ, ਉੱਥੇ ਹੀ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਪੂਰੀ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਦਾ ਸੁਨੇਹਾ ਦਿੱਤਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 5 ਬਲਾਕਾਂ ਅੰਦਰ ਹੋਣ ਵਾਲੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ, ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਅੰਦਰ ਚੁਣੇ ਗਏ ਖਿਡਾਰੀਆਂ ਨੂੰ ਰਾਜ ਪੱਧਰੀ ਖੇਡ ਮੁਕਾਬਲਿਆਂ ’ਚ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡ ਮੁਕਾਬਲਿਆਂ ’ਚ 10 ਹਜ਼ਾਰ ਤੋਂ ਵਧੇਰੇ ਖਿਡਾਰੀ ਹਿੱਸਾ ਲੈ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਮਾਨਸਾ, ਬੁਢਲਾਡਾ, ਸਰਦੂਲਗੜ੍ਹ, ਝੁਨੀਰ ਅਤੇ ਭੀਖੀ ਵਿਖੇ ਹੋਣ ਵਾਲੇ ਖੇਡ ਮੁਕਾਬਲਿਆਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਗੁਣਵੱਤਾ ਭਰਪੂਰ ਖਾਣਾ ਮੁਹੱਈਆ ਕਰਵਾਉਣ ਲਈ ਕੋਆਪਰੇਟਿਵ ਮੈੱਸ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖਾਣਾ ਤਿਆਰ ਕਰਨ ਲਈ ਮਾਰਕਫੈੱਡ ਅਤੇ ਵੇਰਕਾ ਤੋਂ ਮਟੀਰੀਅਲ ਲੈ ਕੇ ਸੈਲਫ ਹੈਲਪ ਗਰੁੱਪਾਂ ਰਾਹੀਂ ਖਾਣਾ ਤਿਆਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਆਪਰੇਟਿਵ ਮੈੱਸ ਨਾਲ ਜਿੱਥੇ ਖਿਡਾਰੀਆਂ ਨੂੰ ਤਾਜ਼ਾ ਤੇ ਸ਼ੁੱਧ ਖਾਣਾ ਮਿਲੇਗਾ ਉੱਥੇ ਹੀ ਸੈਲਫ ਹੈਲਪ ਗਰੁੱਪਾਂ ਵਿਚ ਕੰਮ ਕਰ ਰਹੀਆਂ ਮਹਿਲਾਵਾਂ ਨੂੰ ਰੁਜ਼ਗਾਰ ਮਿਲੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਬਲਾਕ ਪੱਧਰੀ ਟੂਰਨਾਂਮੈਟ ਵਿਚ ਅਥਲੈਟਿਕਸ, ਵਾਲੀਬਾਲ (ਸਮੈਸਿੰਗ ਤੇ ਸੂਟਿੰਗ), ਫੁੱਟਬਾਲ, ਖੋਹ-ਖੋਹ, ਕਬੱਡੀ (ਨੈਸ਼ਨਲ ਸਟਾਇਲ ਤੇੇ ਸਰਕਲ ਸਟਾਇਲ), ਰੱਸਾ ਕੱਸੀ (ਲੜਕੇ/ਲੜਕੀਆਂ) ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਂਮੈਟ ਬਲਾਕ ਮਾਨਸਾ ਦਾ ਬਹੁਮੰਤਵੀ ਖੇਡ ਸਟੇਡੀਅਮ ਮਾਨਸਾ, ਬਲਾਕ ਭੀਖੀ ਦਾ ਰੋੋਇਲ ਕਾਲਜ ਬੋੜਾਵਾਲ ਵਿਖੇ, ਬਲਾਕ ਸਰਦੂਲਗੜ੍ਹ ਪਿੰਡ ਖਹਿਰਾ ਖੁਰਦ ਬਲਾਕ ਝੂਨੀਰ ਦਾ ਇਨਲਾਈਟਡ ਫਿਜ਼ੀਕਲ ਕਾਲਜ ਵਿਖੇ ਅਤੇ ਬਲਾਕ ਬੁਢਲਾਡਾ ਦਾ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ, ਬੁਢਲਾਡਾ ਵਿਖੇ 01 ਸਤੰਬਰ ਤੋਂ 09 ਸਤੰਬਰ ਤੱਕ ਕਰਵਾਏ ਜਾ ਰਹੇ ਹਨ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਨਵਜੋਤ ਸਿੰਘ ਧਾਲੀਵਾਲ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਰਘਬੀਰ ਸਿੰਘ ਮਾਨ, ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਸੈਲਫ ਹੈਲਪ ਗਰੁੱਪ ਜਸਵਿੰਦਰ ਕੌਰ, ਰਾਜਦੀਪ ਸਿੰਘ ਅਤੇ ਭੋਲਾ ਸਿੰਘ ਪੀ.ਟੀ.ਆਈ. ਮੌਜੂਦ ਸਨ।
ਖਿਡਾਰੀਆਂ ਨੂੰ ਗੁਣਵੱਤਾ ਭਰਪੂਰ ਖਾਣਾ ਮੁਹੱਈਆ ਕਰਵਾਉਣ ਲਈ ਕੋਆਪਰੇਟਿਵ ਮੈੱਸ ਦਾ ਪ੍ਰਬੰਧ-ਪਰਮਵੀਰ ਸਿੰਘ
Leave a comment