24 ਅਪ੍ਰੈਲ (ਰਿੰਪਲ ਗੋਲਣ) ਭਿੱਖੀਵਿੰਡ: ਖਾਲੜਾ ਪੁਲਸ ਵੱਲੋਂ 3 ਕਿੱਲੋ 166 ਗ੍ਰਾਮ ਹੈਰੋਇਨ ਤੇ ਡਰੋਨ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਸਾਹਮਣੇ ਆਈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਰਾਣਾ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀ ਪਿੰਡ ਡੱਲ ਵਜੋਂ ਹੋਈ ਹੈ ਤੇ ਫ਼ਰਾਰ ਹੋਏ ਦੋ ਨੌਜਵਾਨਾਂ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਡੱਲ ਤੇ ਅਰਸ਼ਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਡੱਲ ਵਜੋਂ ਹੋਈ ਹੈ। ਪ੍ਰੈਸ ਕਾਨਫਰੰਸ ਦੌਰਾਨ ਐੱਸਐੱਸਪੀ ਤਰਨ ਤਾਰਨ ਅਸ਼ਵਨੀ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਡੱਲ ‘ਚ ਡਰੋਨ ਦੀਆਂ ਗਤੀਵਿਧੀਆਂ ਸੰਬੰਧੀ ਗੁਪਤ ਜਾਣਕਾਰੀ ਮਿਲੀ ਸੀ। ਐੱਸਐੱਸਪੀ ਨੇ ਦੱਸਿਆ ਕਿ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਮਕਸਦ ਨਾਲ ਜਦੋਂ ਥਾਣਾ ਮੁਖੀ ਖਾਲੜਾ ਵਿਨੋਦ ਸ਼ਰਮਾ ਪੁਲਸ ਪਾਰਟੀ ਸਮੇਤ ਡੱਲ ਤੋਂ ਮਾੜੀ ਕੰਬੋਕੇ ਨੂੰ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਸਾਹਮਣੇ ਵਾਲੇ ਪਾਸਿਓਂ ਤਿੰਨ ਮੋਨੇ ਨੌਜਵਾਨ ਜਿਨ੍ਹਾਂ ‘ਚੋਂ ਇੱਕ ਜਣੇ ਨੇ ਡਰੋਨ ਤੇ ਦੂਜੇ ਨੇ ਪੀਲੇ ਰੰਗ ਦਾ ਲਿਫ਼ਾਫ਼ਾ ਫੜਿਆ ਹੋਇਆ ਸੀ,ਪੈਦਲ ਆਉਂਦੇ ਦਿਖਾਈ ਦਿੱਤੇ। ਉਨ੍ਹਾਂ ਦੱਸਿਆ ਕਿ ਉਪਰੋਕਤ ਤਿੰਨੇ ਨੌਜਵਾਨ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਤੇ ਉਨ੍ਹਾਂ ‘ਚੋਂ ਅਰਸ਼ਦੀਪ ਸਿੰਘ ਤੇ ਲਵਪ੍ਰੀਤ ਸਿੰਘ ਨਾਮਕ ਦੋ ਨੌਜਵਾਨ ਹਨੇਰੇ ਦਾ ਫਾਇਦਾ ਚੁੱਕਦਿਆਂ ਡਰੋਨ ਸੁੱਟ ਕੇ ਭੱਜ ਗਏ ਤੇ ਉਨ੍ਹਾਂ ਦੇ ਤੀਜੇ ਸਾਥੀ ਰਾਣਾ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀ ਡੱਲ ਨੂੰ ਖਾਲੜਾ ਪੁਲਸ ਨੇ ਮੌਕੇ ‘ਤੇ ਕਾਬੂ ਕਰਕੇ ਉਸ ਪਾਸੋਂ 3 ਕਿੱਲੋ 166 ਗ੍ਰਾਮ ਹੈਰੋਇਨ ਤੇ ਇੱਕ ਡਰੋਨ ਬਰਾਮਦ ਕੀਤਾ ਹੈ। ਐੱਸਐੱਸਪੀ ਨੇ ਦੱਸਿਆ ਕਿ ਉਪਰੋਕਤ ਮਾਮਲੇ ਸੰਬੰਧੀ ਪੁਲਸ ਸਟੇਸ਼ਨ ਖਾਲੜਾ ਵਿਖੇ ਐਫਆਈਆਰ ਨੰਬਰ 45 ਤਹਿਤ ਉਪਰੋਕਤ ਤਿੰਨਾਂ ਨੌਜਵਾਨਾਂ ਵਿਰੁੱਧ ਸੰਬੰਧਤ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਮੌਕੇ ਐੱਸਐੱਸਪੀ ਨੇ ਦੱਸਿਆ ਕਿ ਮੁੱਢਲੀ ਇਨਵੈਸਟੀਗੇਸ਼ਨ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਉਪਰੋਕਤ ਨੌਜਵਾਨਾਂ ਨੇ ਜ਼ਬਤ ਕੀਤਾ ਗਿਆ ਡਰੋਨ ਪਿੰਡ ਕਲਸੀਆਂ ਜੋ ਬੀਐੱਸਐੱਫ ਦੀ 71 ਬਟਾਲੀਅਨ ਅਧੀਨ ਪੈਂਦਾ ਹੈ,’ਚ ਮੰਗਵਾਇਆ ਗਿਆ ਸੀ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।