– ਸਿਰੀ ਦਮਦਮਾ ਸਾਹਿਬ ਵਿਖੇ ਤਖਤ ਸਾਹਿਬ ਅਤੇ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰ ਗੁਰਮਤਿ ਤੋਂ ਉਲਟ ਦੁਕਾਨਾਂ ਨਾ ਲਗਾਈਆਂ ਜਾਣ
– ਟਰੈਕਟਰਾਂ ‘ਤੇ ਡੈੱਕ ਅਤੇ ਲੰਗਰਾਂ ਵਿੱਚ ਸਪੀਕਰਾਂ ’ਤੇ ਵੀ ਹੋਵੇ ਪਾਬੰਦੀ
– ਬੀਤੇ ਸਾਲ ਵੀ ਇਸ ਸਬੰਧੀ ਤਖਤ ਸਾਹਿਬ ‘ਤੇ ਦਿੱਤੇ ਗਏ ਸਨ ਲਿਖਤੀ ਸੁਝਾਅ ਪੱਤਰ
08 ਅਪ੍ਰੈਲ (ਸ਼ਿਵ ਸੋਨੀ) ਬਠਿੰਡਾ: ਅੱਜ ਬਾਬਾ ਹਰਦੀਪ ਸਿੰਘ ਮਹਿਰਾਜ, ਲੱਖੀ ਜੰਗਲ ਖਾਲਸਾ ਜਥਾ ਅਤੇ ਸਿੱਖ ਜਥਾ ਮਾਲਵਾ ਵੱਲੋੰ ਬਠਿੰਡਾ ਵਿਖੇ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਵਿੱਚ ਤਖਤ ਸਿਰੀ ਦਮਦਮਾ ਸਾਹਿਬ ਵਿਖੇ ਹਰ ਸਾਲ ਗੁਰੂ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਦੌਰਾਨ ਹੁੰਦੇ ਸਮਾਗਮਾਂ ਵਿੱਚ ਮਹੌਲ ਨੂੰ ਗੁਰਮਤਿ ਅਨੁਸਾਰੀ ਕਰਨ ਸਬੰਧੀ ਕਿਹਾ ਗਿਆ।
ਮੌਜੂਦ ਜਥਿਆਂ ਅਤੇ ਸਖਸ਼ੀਅਤਾਂ ਨੇ ਕਿਹਾ ਕਿ ਇਹ ਜੋੜ ਮੇਲਾ ਹਰ ਸਾਲ ਬਹੁਤ ਚੜ੍ਹਦੀਕਲਾ ਨਾਲ ਮਨਾਇਆ ਜਾਂਦਾ ਹੈ ਜਿਥੇ ਦੂਰੋਂ ਨੇੜਿਓ ਵੱਡੀ ਗਿਣਤੀ ਵਿੱਚ ਸੰਗਤ ਇਸ ਪਵਿੱਤਰ ਦਿਹਾੜੇ ‘ਤੇ ਹਾਜਰੀ ਭਰਦੀ ਹੈ। ਪਰ ਪਿਛਲੇ ਕੁਝ ਵਰ੍ਹਿਆਂ ਤੋਂ ਸਾਡੇ ਪਵਿੱਤਰ ਜੋੜ ਮੇਲਿਆਂ ਨੂੰ ਆਮ ਮੇਲਿਆਂ ਵਜੋਂ ਜਾਣਿਆ ਜਾਣ ਲੱਗਾ ਹੈ, ਇਕਾਗਰਤਾ ਅਤੇ ਸ਼ਾਂਤੀ ਵਰਤਾਉਣ ਵਾਲੇ ਪਾਸੇ ਇਹਨਾਂ ਜੋੜ ਮੇਲਿਆਂ ਨੂੰ ਲਿਜਾਣ ਦੀ ਬਜਾਏ ਇਹਨਾਂ ਸਮਾਗਮਾਂ ਦੀ ਦਿਸ਼ਾ ਹੁਣ ਚਿੱਤ ਵਿੱਚ ਕਾਹਲ ਵਰਤਾਉਣ, ਮਨ ਨੂੰ ਭਟਕਾਉਣ ਵਾਲੇ, ਦੁਨਿਆਵੀ ਮੌਜ ਮੇਲੇ ਦੇ ਵੱਲ ਮੁੜਦੀ ਜਾ ਰਹੀ ਹੈ। ਗੁਰੂ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਜਿਸ ਤਰ੍ਹਾਂ ਯਾਦ ਕਰਨਾ ਚਾਹੀਦਾ ਹੈ ਉਸ ਦਿਸ਼ਾ ਵੱਲ ਲਿਜਾਣ ਲਈ ਉਦਮ ਵਧਾਉਣ ਦੀ ਲੋੜ ਹੁਣ ਕਾਫ਼ੀ ਬਣ ਗਈ ਹੈ। ਜੋੜ ਮੇਲਿਆਂ ਦੇ ਮਹੌਲ ਵਿੱਚ ਲੋੜੀਂਦੀ ਤਬਦੀਲੀ ਲਈ ਮਸਤੂਆਣਾ ਸਾਹਿਬ ਵਿਖੇ ਇਲਾਕੇ ਦੀ ਸੰਗਤ ਅਤੇ ਪ੍ਰਬੰਧਕਾਂ ਦੇ ਸਾਂਝੇ ਉੱਦਮ ਸਦਕਾ ਪਹਿਲਕਦਮੀ ਵੀ ਕੀਤੀ ਗਈ ਜਿਸ ਵਿੱਚ ਗੁਰਮਤਿ ਤੋਂ ਉਲਟ ਦੁਕਾਨਾਂ, ਝੂਲੇ/ਚੰਡੋਲ, ਟ੍ਰੈਕਟਰਾਂ ’ਤੇ ਡੈੱਕ, ਲੰਗਰਾਂ ’ਚ ਸਪੀਕਰ ਆਦਿ ਹੋਰ ਬਹੁਤ ਕੁਝ ਜੋ ਮਨ ਭਟਕਾਉਣ ਅਤੇ ਇਕਾਗਰਤਾ ਭੰਗ ਕਰਨ ਦਾ ਸਬੱਬ ਬਣਦਾ ਸੀ, ਉਹ ਸਭ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰੋਂ ਬੰਦ ਕਰ ਦਿੱਤਾ ਗਿਆ। ਜੋੜ ਮੇਲਿਆਂ ਅਤੇ ਆਮ ਦੁਨਿਆਵੀ ਮੇਲਿਆਂ ਦੇ ਮਹੌਲ ਵਿੱਚ ਹੋਈ ਰਲਗੱਡ ਨੂੰ ਦੂਰ ਕਰਦਿਆਂ ਮਸਤੂਆਣਾ ਸਾਹਿਬ ਨੇੜਲੇ ਪਿੰਡਾਂ ਦੀ ਸੰਗਤ ਅਤੇ ਉਥੋਂ ਦੇ ਪ੍ਰਬੰਧਕਾਂ ਦੀ ਇਹ ਕਾਰਵਾਈ ਮਿਸਾਲੀ ਹੈ।
ਇਸ ਪਹਿਲਕਦਮੀ ਤੋਂ ਬਾਅਦ ਹੁਣ ਲੋੜ ਹੈ ਕਿ ਤਖਤ ਸਿਰੀ ਦਮਦਮਾ ਸਾਹਿਬ ਵਿਖੇ ਵੀ ਅਗਲੇ ਕੁਝ ਦਿਨਾਂ ਵਿੱਚ ਹੋਣ ਜਾ ਰਹੇ ਸਮਾਗਮਾਂ ਦੌਰਾਨ ਸਿਰੀ ਦਮਦਮਾ ਸਾਹਿਬ ਵਿਖੇ ਤਖਤ ਸਾਹਿਬ ਅਤੇ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰ ਗੁਰਮਤਿ ਤੋਂ ਉਲਟ ਦੁਕਾਨਾਂ ਨਾ ਲਗਾਈਆਂ ਜਾਣ ਅਤੇ ਇਸ ਦੇ ਨਾਲ ਟਰੈਕਟਰਾਂ ‘ਤੇ ਡੈੱਕ ਅਤੇ ਲੰਗਰਾਂ ਵਿੱਚ ਸਪੀਕਰਾਂ ’ਤੇ ਵੀ ਪਾਬੰਦੀ ਲਗਾਈ ਜਾਵੇ।
ਇਸ ਸਬੰਧੀ ਬੀਤੇ ਸਾਲ ਵੀ ਤਖਤ ਸਿਰੀ ਦਮਦਮਾ ਸਾਹਿਬ ਵਿਖੇ ਲਿਖਤੀ ਸੁਝਾਅ ਪੱਤਰ ਦਿੱਤੇ ਗਏ ਸਨ ਜਿਸ ਵਿੱਚ ਕਿਹਾ ਗਿਆ ਸੀ ਕਿ ਕਿ ਉਹ ਸਾਰੀਆਂ ਦੁਕਾਨਾਂ ਜੋ ਗੁਰਮਤਿ ਅਨੁਸਾਰੀ ਨਹੀਂ ਹਨ, ਮੇਲੇ ਵਾਲੇ ਮਹੌਲ ਨਾਲ ਸਬੰਧਤ ਹਨ, ਉਹ ਨਹੀਂ ਹੋਣੀਆਂ ਚਾਹੀਦੀਆਂ ਜਾਂ ਘੱਟੋ-ਘੱਟ ਬਾਹਰ ਕਿਸੇ ਖੇਤ ਵਿੱਚ ਹੋਣ। ਇਸ ਦੇ ਨਾਲ ਹੀ ਇਹ ਵੀ ਸੁਝਾਅ ਦਿੱਤਾ ਗਿਆ ਕਿ ਲੰਗਰਾਂ ਵਿੱਚੋਂ ਸਪੀਕਰਾਂ ਰਾਹੀਂ ਲੰਗਰ ਛਕਣ ਦੀਆਂ ਅਵਾਜਾਂ ਦੇਣ ਅਤੇ ਮਾਇਆ ਭੇਟਾ ਕਰਨ ਵਾਲਿਆਂ ਸਬੰਧੀ ਸਪੀਕਰਾਂ ਵਿੱਚ ਬੋਲਣ ‘ਤੇ ਪੂਰਨ ਪਾਬੰਦੀ ਹੋਵੇ। ਜੇਕਰ ਕੋਈ ਸਪੀਕਰ ਲਾਉਣਾ ਹੈ ਤਾਂ ਸਿਰਫ ਗੁਰਬਾਣੀ ਦੇ ਪ੍ਰਵਾਹ ਹੀ ਚੱਲਣ ਉਹਨਾਂ ਦੀ ਵੀ ਅਵਾਜ ਜਿਆਦਾ ਨਾ ਹੋਵੇ।
ਬੀਤੇ ਸਾਲ ਸਾਡੇ ਵੱਲੋਂ ਤਲਵੰਡੀ ਸਾਬੋ ਦੇ ਐਸ.ਡੀ.ਐਮ ਨੂੰ ਵੀ ਇੱਕ ਲਿਖਤੀ ਸੁਝਾਵਾਂ ਦੀ ਕਾਪੀ ਦਿੱਤੀ ਗਈ ਸੀ ਜਿਸ ਵਿੱਚ ਲਿਖਿਆ ਸੀ ਕਿ ਸ਼ਹਿਰ ਵਿੱਚ ਦਾਖਲ ਹੁੰਦਿਆਂ ਹੀ ਟ੍ਰੈਕਟਰਾਂ ਦੇ ਡੈੱਕ ‘ਤੇ ਪੂਰਨ ਪਾਬੰਦੀ ਹੋਵੇ ਅਤੇ ਮੋਟਰਸਾਈਕਲਾਂ ‘ਤੇ ਵੱਡੇ ਹਾਰਨ ਅਤੇ ਬਿਨਾ ਕੰਮ ਤੋਂ ਸ਼ੋਰ ਸ਼ਰਾਬਾ ਪਾਉਣ ਵਾਲਿਆਂ ਨੂੰ ਸਖਤੀ ਨਾਲ ਤਾੜਨਾ ਕੀਤੀ ਜਾਵੇ।
ਜੇਕਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਪਾਸੇ ਕੋਈ ਸਾਰਥਿਕ ਯਤਨ ਕਰਦੀ ਹੈ ਤਾਂ ਸਾਡੇ ਵੱਲੋਂ ਹਰ ਪੱਖ ਤੋਂ ਇਸ ਕਾਰਜ ਲਈ ਓਹਨਾ ਦਾ ਸਹਿਯੋਗ ਕੀਤਾ ਜਾਵੇਗਾ। ਇਸ ਜੋੜ ਮੇਲੇ ਵਿੱਚ ਹਾਜਰੀ ਭਰਦੀ ਸੰਗਤ ਦਾ ਵੀ ਫਰਜ ਹੈ ਕਿ ਅਸੀਂ ਇਸ ਦਿਹਾੜੇ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਆਪੋ ਆਪਣੀ ਸਮਰੱਥਾ ਅਨੁਸਾਰ ਯਤਨ ਕਰੀਏ।
ਇਸ ਮੌਕੇ ਬਾਬਾ ਹਰਦੀਪ ਸਿੰਘ, ਭਾਈ ਸਵਰਨ ਸਿੰਘ ਕੋਟਧਰਮੂ, ਭਾਈ ਮਲਕੀਤ ਸਿੰਘ ਭਵਾਨੀਗੜ੍ਹ, ਗੁਰਵਿੰਦਰ ਸਿੰਘ ਬਠਿੰਡਾ, ਗਮਦੂਰ ਸਿੰਘ, ਬਾਬਾ ਸੁਖਪਾਲ ਸਿੰਘ, ਗੁਰਪਾਲ ਸਿੰਘ, ਮੱਖਣ ਸਿੰਘ ਰਾਜੋਮਾਜਰਾ, ਤਰਨਜੀਤ ਸਿੰਘ, ਪਰਵਿੰਦਰ ਸਿੰਘ, ਰਣਜੀਤ ਸਿੰਘ ਆਦਿ ਸਿੰਘ ਹਾਜਰ ਸਨ।