ਰਾਸ਼ਟਰੀ ਸੁਰੱਖਿਆ ਸਪਤਾਹ
3 ਮਾਰਚ (ਗਗਨਦੀਪ ਸਿੰਘ) ਬਠਿੰਡਾ: ਕਿਸੇ ਵੀ ਕੰਪਨੀ, ਫੈਕਟਰੀ ਆਦਿ ਵਿੱਚ ਕੰਮ ਕਰਨ ਵਾਲੇ ਹਰੇਕ ਕਰਮਚਾਰੀ ਨੂੰ ਸੁਰੱਖਿਆ ਨਿਯਮਾ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਪੋਰਟਕਿੰਗ ਇੰਡਸਟਰੀ ਜੀਦਾ (ਬਠਿੰਡਾ) ਵਿੱਚ ਰਾਸ਼ਟਰੀ ਸੁਰੱਖਿਆ ਦਿਵਸ ਦੇ ਮੱਦੇਨਜ਼ਰ 27 ਫ਼ਰਵਰੀ ਤੋਂ ਸ਼ੁਰੂ ਹੋਏ ਰਾਸ਼ਟਰੀ ਸੁਰੱਖਿਆ ਹਫ਼ਤੇ ਮੌਕੇ ਪਹੁੰਚੇ ਜ਼ਿਲ੍ਹਾ ਉਦਯੋਗ ਕੇਂਦਰ ਬਠਿੰਡਾ ਦੇ ਜਨਰਲ ਮੈਨੇਜਰ ਸ਼੍ਰੀ ਪ੍ਰੀਤਮਹਿੰਦਰ ਬਰਾੜ ਨੇ ਕੀਤਾ।
ਇਸ ਮੌਕੇ ਉਨ੍ਹਾਂ ਸਪੋਰਟਕਿੰਗ ਇੰਡਸਟਰੀ ਜੀਦਾ (ਬਠਿੰਡਾ) ਵੱਲੋਂ ਸ਼ੁਰੂ ਕੀਤੇ ਗਏ ਰਾਸ਼ਟਰੀ ਸੁਰੱਖਿਆ ਹਫ਼ਤੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੰਪਨੀ ਵੱਲੋਂ ਵੱਖ-ਵੱਖ ਤਰ੍ਹਾਂ ਦੀ ਦਿੱਤੀ ਜਾ ਰਹੀ ਸਿਖਲਾਈ ਅਤੇ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਨਾਲ ਕਰਮਚਾਰੀਆਂ ਤੋਂ ਇਲਾਵਾ ਹੋਰਨਾਂ ਨੂੰ ਵਧੀਆ ਜਾਣਕਾਰੀ ਪ੍ਰਾਪਤ ਹੋਵੇਗੀ।
ਇਸ ਦੌਰਾਨ ਸਪੋਰਟਕਿੰਗ ਇੰਡਸਟਰੀ ਕੰਪਨੀ ਦੇ ਪ੍ਰਧਾਨ ਸ੍ਰੀ ਸ਼ਿਵਕੁਮਾਰ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਮੌਜੂਦ ਕਰਮਚਾਰੀਆਂ ਨੂੰ ਸੁਰੱਖਿਆ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਅਜਿਹੇ ਜਾਗਰੂਕਤਾ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਮੌਕੇ ਤੇ ਮੌਜੂਦ ਕਰਮਚਾਰੀਆਂ ਨਾਲ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਉਦਯੋਗਿਕ ਖੇਤਰ ਵਿੱਚ ਸੁਰੱਖਿਆ ਦੇ ਮਹੱਤਵ ਬਾਰੇ ਵਿਸਥਾਰ ਨਾਲ ਚਰਚਾ ਕਰਦਿਆਂ ਸਾਰਿਆਂ ਨੂੰ ਉਪਕਰਨ ਅਪਣਾਉਣ ਅਤੇ ਸੁਰੱਖਿਆ ਸਬੰਧੀ ਨਿਯਮਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ।
ਕੰਪਨੀ ਦੇ ਏ.ਵੀ.ਪੀ (ਐੱਚ.ਆਰ.ਐਂਡ ਐਡਮਿਨ) ਸ੍ਰੀ ਰਜਿੰਦਰ ਪਾਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸੁਰੱਖਿਆ ਜਾਗਰੂਕਤਾ ਕੈਂਪ ਦੇ ਮਹੱਤਵ ਅਤੇ ਚੱਲ ਰਹੇ ਰਾਸ਼ਟਰੀ ਸੁਰੱਖਿਆ ਹਫ਼ਤੇ ਦੇ ਪ੍ਰੋਗਰਾਮਾਂ ਬਾਰੇ ਵਿਸਥਾਰ ਪੂਰਵਕ ਦੱਸਿਆ।
ਪ੍ਰੋਗਰਾਮ ਵਿੱਚ ਕੰਪਨੀ ਦੇ ਅਧਿਕਾਰੀਆਂ ਦੇ ਨਾਲ-ਨਾਲ ਸੁਰੱਖਿਆ ਸੇਫਟੀ, ਫਾਇਰ ਅਤੇ ਵੈੱਲਫੇਅਰ ਵਿਭਾਗ ਦੇ ਅਧਿਕਾਰੀ ਆਦਿ ਮੌਜੂਦ ਰਹੇ।