ਕਿਸਾਨਾਂ ਨੂੰ ਨਰਮੇ ਦੀ ਕਾਸ਼ਤ ਦੌਰਾਨ ਪੇਸ਼ ਆਉਂਦੀਆਂ ਮੁਸ਼ਕਿਲਾਂ
ਦੇ ਹੱਲ ਬਾਰੇ ਜਾਣੂ ਕਰਵਾਇਆ
ਮਾਨਸਾ, 22 ਅਗਸਤ:
ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਦੇ ਮਾਹਿਰਾਂ ਵੱਲੋਂ ਜ਼ਿਲ੍ਹੇ ਦੇ ਪਿੰਡ ਜਵਾਹਰਕੇ, ਰਮਦਿੱਤੇ ਵਾਲਾ, ਮੂਸਾ ਅਤੇ ਕਰਮਗੜ੍ਹ ਔਤਾਂਵਾਲੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਨੇ ਇੰਨ੍ਹਾਂ ਪਿੰਡਾਂ ਦੇ ਕਿਸਾਨਾਂ ਨਾਲ ਨਰਮੇ ਦੀ ਕਾਸ਼ਤ ਦੌਰਾਨ ਪੇਸ਼ ਆਉਂਦੀਆਂ ਮੁਸ਼ਕਿਲਾਂ ਅਤੇ ਸਾਰਥਿਕ ਹੱਲ ਬਾਰੇ ਵਿਚਾਰ ਵਟਾਂਦਰਾ ਕੀਤਾ। ਡਾ. ਬੀ.ਐੱਸ.ਸੇਖੋਂ ਨੇ ਦੱਸਿਆ ਨਰਮੇਂ ਵਾਲੇ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਨਾ ਮਾਤਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਫਿਰ ਵੀ ਕਿਸਾਨਾਂ ਨੂੰ ਨਿਰੰਤਰ ਖੇਤਾਂ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ। ਮਾਹਿਰਾਂ ਨੇ ਕਿਸਾਨਾਂ ਨੂੰ ਲਗਾਤਾਰ ਸਰਵੇਖਣ ਤੋਂ ਬਾਅਦ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਟਨਾਸ਼ਕ 100 ਗ੍ਰਾਮ ਪਰੋਕਲੇਮ 5 ਐਸ ਜੀ (ਐਮਾ ਮੈਕਟਿਨ ਬੈਨਜੋਏਟ) ਜਾਂ 200 ਮਿਲੀਲਿਟਰ ਇੰਡੋਕਸਾਕਾਰਬ 15 ਐਸ ਸੀ (ਅਵਾਂਟ) ਅਤੇ ਪ੍ਰਫੀਨੋਫੋਸ 50 ਈ.ਸੀ (ਕਿਊਰਾਕਰਾਨ/ਕਰੀਨਾ) ਪ੍ਰਤੀ ਏਕੜ ਦਾ ਛਿੜਕਾਅ ਕਰਨ ਦੀ ਸਲਾਹ ਦਿੱਤੀ।
ਇੰਜ ਅਲੋਕ ਗੁਪਤਾ ਨੇ ਕਿਹਾ ਕਿ ਇਸ ਵਾਰ ਕਿਸਾਨ ਨਰਮੇਂ ਦੀ ਫ਼ਸਲ ਦੀ ਵਧੀਆ ਦੇਖਭਾਲ ਕਰ ਰਹੇ ਹਨ, ਅਤੇ ਭਾਵੇਂ ਕਿ ਗੁਲਾਬੀ ਸੁੰਡੀ ਦਾ ਹਮਲਾ ਘੱਟ ਹੈ ਪਰ ਚਿੱਟੇ ਮੱਛਰ ਅਤੇ ਹਰੇ ਤੇਲੇ ਦਾ ਹਮਲਾ ਕੁੱਝ ਖੇਤਾਂ ਵਿਚ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਹਰੇ ਤੇਲੇ ਅਤੇ ਚਿੱਟੇ ਮੱਛਰ ਦੀ ਰੋਕਥਾਮ ਲਈ ਲਗਾਤਾਰ ਸਰਵੇਖਣ ਤੋਂ ਬਾਅਦ ਜੇਕਰ ਹਮਲਾ ਆਰਥਿਕ ਕਗਾਰ ਤੋਂ ਉੱਪਰ ਹੋਵੇ ਤਾਂ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਟਨਾਸ਼ਕ 6੦ ਗ੍ਰਾਮ ਪ੍ਰਤੀ ਏਕੜ ਓਸ਼ੀਨ 20 ਈ.ਸੀ ਜਾਂ 80 ਗ੍ਰਾਮ ਪ੍ਰਤੀ ਏਕੜ ਉਲਾਲਾ 50 ਡਬਲਯੂ ਜੀ ਦਾ ਛਿੜਕਾਅ ਕਰ ਸਕਦੇ ਹਨ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਵੱਲੋਂ ਨਰਮੇਂ ਦੇ ਖੇਤਾਂ ਦਾ ਦੌਰਾ ਕੀਤਾ
Leave a comment