ਜੋਗਾ
ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਜ਼ਾਦੀ ਦਾ ਅੰਮ੍ਰਿਤ ਮਹਾਂ-ਉਸਤਵ ਤਹਿਤ ਅੰਮ੍ਰਿਤ ਕਲਸ਼ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਨਹਿਰੂ ਯੁਵਾ ਕੇਂਦਰ, ਮਾਨਸਾ ਵੱਲੋੰ ਜ਼ਿਲਾ ਯੂਥ ਅਫ਼ਸਰ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਜਿਲੇ ਦੇ ਵੱਖ ਵੱਖ ਪਿੰਡਾਂ ਵਿਚ ਯੂਥ ਕਲੱਬਾਂ ਅਤੇ ਰਾਸ਼ਟਰੀ ਯੁਵਾ ਵਲੰਟੀਅਰ ਦੇ ਸਹਿਯੋਗ ਨਾਲ ਅੰਮ੍ਰਿਤ ਕਲਸ਼ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੇ ਤਹਿਤ ਮਾਈ ਭਾਗੋ ਡਿਗਰੀ ਕਾਲਜ, ਰੱਲਾ ਦੀਆਂ ਕੌਮੀ ਸੇਵਾ ਯੋਜਨਾ ਇਕਾਈਆਂ ਦੇ ਸਹਿਯੋਗ ਦੁਆਰਾ ਮਿੱਟੀ ਇਕੱਠੀ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਨੇ ਇਸ ਕਾਰਜ ਨੂੰ ਸੰਪੰਨ ਕਰਦੇ ਹੋਏ ਇਸ ਮੁਹਿੰਮ ਤਹਿਤ ਯੋਗਦਾਨ ਪਾਇਆ। ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਸਾਰੇ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤੇ ਵਧ ਚੜਕੇ ਬਣਦਾ ਹਿੱਸਾ ਪਾਉਣਾ ਚਾਹੀਦਾ ਹੈ। ਉਨਾ ਕਿਹਾ ਦੇਸ਼ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਮਹਾਨ ਸ਼ਹੀਦਾਂ ਦੀ ਸਿਮਰਤੀ ਵਿਚ ਭਾਰਤ ਸਰਕਾਰ ਦੁਆਰਾ ਕੀਤਾ ਜਾ ਰਿਹਾ ਇਹ ਸ਼ਲਾਘਾਯੋਗ ਕਾਰਜ ਹੈ। ਪ੍ਰੋਗਰਾਮ ਅਫਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਮਿੱਟੀ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚੋੰ ਇਕੱਤਰ ਕੀਤਾ ਜਾ ਰਿਹਾ ਹੈ ਅਤੇ ਇਸ ਮਿੱਟੀ ਨੂੰ ਦਿੱਲੀ ਵਿਖੇ ਭੇਜਿਆ ਜਾਵੇਗਾ ਜਿਥੇ ਕਿ ਦੇਸ਼ ਭਰ ਤੋਂ ਆਈ ਮਿੱਟੀ ਨੂੰ ਰਲਾ ਕੇ ਅੰਮ੍ਰਿਤ ਵਾਟਿਕਾ ਦਾ ਨਿਰਮਾਣ ਕੀਤਾ ਜਾਣਾ ਹੈ। ਅੰਮ੍ਰਿਤ ਵਾਟਿਕਾ ਦੇ ਨਿਰਮਾਣ ਨਾਲ ਸਾਡੇ ਦੇਸ਼ ਦੀ ਸੁਰੱਖਿਆ ਦੀ ਖਾਤਰ ਆਪਣੀ ਜਾਨ ਗਵਾਉਣ ਵਾਲੇ ਸੂਰਬੀਰਾਂ ਨੂੰ ਯਾਦ ਕੀਤਾ ਜਾਵੇਗਾ ਅਤੇ ਓਹਨਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। ਕੋਆਰਡੀਨੇਟਰ ਰਾਜਵਿੰਦਰ ਸਿੰਘ ਨੇ ਇਸ ਮੌਕੇ ਮਹਾਨ ਸੂਰਬੀਰਾਂ ਦੀ ਘਟਨਾਵਾਂ ਨੂੰ ਦੇਸ਼ ਪ੍ਰਤੀ ਪਾਏ ਯੋਗਦਾਨ ਤਹਿਤ ਯਾਦ ਕੀਤਾ ਅਤੇ ਨਮਨ ਹੁੰਦੇ ਹਮੇਸ਼ਾਂ ਉਨਾਂ ਦੇ ਪਾਏ ਪੂਰਨਿਆਂ ਦੇ ਚੱਲਣ ਦੀ ਗੱਲ ਦੁਹਰਾਈ। ਇਸ ਮੌਕੇ ਸੰਸਥਾ ਚੇਅਰਪਰਸਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਸ੍ਰ. ਕੁਲਦੀਪ ਸਿੰਘ ਖਿਆਲਾ, ਸਕੱਤਰ ਸ੍ਰ. ਮਨਜੀਤ ਸਿੰਘ ਅਤੇ ਉਪ-ਚੇਅਰਪਰਸਨ ਸ੍ਰ. ਪਰਮਜੀਤ ਸਿੰਘ ਬੁਰਜ ਹਰੀ ਨੇ ਇਸ ਵਿਸ਼ੇਸ਼ ਮੌਕੇ ਵਲੰਟੀਅਰਜ਼ ਦੁਆਰਾ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਵਿਸ਼ੇਸ਼ ਮੌਕੇ ਨਹਿਰੂ ਯੁਵਾ ਕੇਂਦਰ ,ਮਾਨਸਾ ਦੀ ਵਲੰਟੀਅਰ ਗੁਰਪ੍ਰੀਤ ਕੌਰ ਅਕਲੀਆ, ਰਜਨੀ ਕੌਰ ਅਤੇ ਸਮੂਹ ਵਲੰਟੀਅਰਜ਼ ਹਾਜ਼ਰ ਸਨ।