ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ
ਚੰਡੀਗੜ੍ਹ, 19 ਅਗਸਤ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਯਤਨਸ਼ੀਲ ਹੈ।
ਇਸੇ ਲੜੀ ਤਹਿਤ ਮਲੋਟ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਵੱਲੋਂ ਮਲੋਟ ਹਲਕੇ ਦੇ ਵਿਕਾਸ ਲਈ ਸਿਰਤੋੜ ਯਤਨ ਜਾਰੀ ਹਨ। ਕੈਬਨਿਟ ਮੰਤਰੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਲੋਟ ਵਿਧਾਨ ਸਭਾ ਹਲਕਾ ਮੇਰਾ ਅਪਣਾ ਪਰਿਵਾਰ ਹੈ। ਕੋਈ ਵੀ ਵਿਅਕਤੀ ਆਪਣੇ ਪਰਿਵਾਰ ਨੂੰ ਕਿਸੇ ਵੀ ਪੱਖੋਂ ਪਿੱਛੇ ਨਹੀਂ ਦੇਖਣਾ ਚਾਹੁੰਦਾ ਅਤੇ ਮੇਰੇ ਮਲੋਟ ਪਰਿਵਾਰ ਵਾਲੇ ਆਉਣ ਵਾਲੇ ਸਮੇਂ ਵਿੱਚ ਹਰ ਖੇਤਰ ਵਿੱਚ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣਗੇ। ਉਨ੍ਹਾਂ ਕਿਹਾ ਕਿ ਉਹ ਮਲੋਟ ਮੁਕਤਸਰ ਸੜਕ ਨੂੰ ਬਣਵਾਉਣ ਲਈ ਬਹੁਤ ਹੀ ਸੰਜੀਦਾ ਹਨ। ਪਿਛਲੇ ਸਮੇਂ ਦੌਰਾਨ ਉਨ੍ਹਾਂ ਦਰੱਖਤ ਕੱਟਣ ਦਾ ਕੰਮ ਸ਼ੁਰੂ ਕਰਵਾਇਆ ਸੀ ਪਰ ਕੁੱਝ ਟੈਕਨੀਕਲ ਮੁਸ਼ਕਿਲਾਂ ਕਾਰਨ ਕੁੱਝ ਸਮਾਂ ਦਰੱਖਤ ਕੱਟਣ ਦਾ ਕੰਮ ਰੁਕ ਗਿਆ ਸੀ। ਉਨ੍ਹਾਂ ਇਹ ਮਸਲਾ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ , ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਧਿਆਨ ਵਿੱਚ ਲਿਆਂਦਾ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਇਹਨਾਂ ਤਰੁੱਟੀਆਂ ਨੂੰ ਦੂਰ ਕਰਦਿਆ ਆਉਣ ਵਾਲੇ ਸਮੇਂ ਵਿੱਚ ਛੇਤੀ ਦੁਬਾਰਾ ਦਰੱਖਤ ਕੱਟਣ ਦਾ ਕੰਮ ਸ਼ੁਰੂ ਕਰ ਰਹੇ ਹਾਂ। ਜਿਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਦਰੱਖਤ ਕੱਟਣ ਤੋਂ ਬਾਅਦ ਬਹੁਤ ਹੀ ਜਲਦੀ ਦੂਸਰੀਆਂ ਪ੍ਰਕਿਰਿਆਵਾਂ ਨੂੰ ਅਮਲ ਵਿਚ ਲਿਆ ਕੇ ਸੜਕ ਦੀ ਉਸਾਰੀ ਸ਼ੁਰੂ ਕਰਵਾਈ ਜਾਵੇਗੀ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਲੋਕਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਸੂਬੇ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਬੁਨਿਆਦੀ ਸਹੂਲਤਾਵਾਂ ਦਾ ਲਾਭ ਮਿਲ ਸਕੇ। ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਬਣਨ ਨਾਲ ਇਲਾਕਾ ਨਿਵਾਸੀਆਂ ਨੂੰ ਬਹੁਤ ਫਾਇਦਾ ਹੋਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਸਨ।