13 ਮਾਰਚ (ਭੁਪਿੰਦਰ ਸਿੰਘ ਤੱਗੜ) ਮਾਨਸਾ: ਸਰਕਾਰੀ ਮਿਡਲ ਸਕੂਲ ਉੱਡਤ ਸੈਦੇਵਾਲਾ ਵਿਖੇ ਸ੍ਰ.ਜਗਜੀਤ ਸਿੰਘ ਪੰਜਾਬੀ ਅਧਿਆਪਕ ਦੁਆਰਾ ਬੱਚਿਆਂ ਦੀ ਲਿਖਾਈ ਵਿਚ ਸੁਧਾਰ ਕਰਨ ਲਈ ਆਪਣੇ ਪਿਤਾ ਸਵਰਗੀ ਕੈਪਟਨ ਦਿਆ ਸਿੰਘ ਦੀ ਯਾਦ ਵਿੱਚ ‘ਤਿੰਨ ਰੋਜ਼ਾ ਸੁੰਦਰ ਲਿਖਾਈ ਵਰਕਸ਼ਾਪ ਲਗਾਈ ਗਈ।ਜਿਸ ਵਿੱਚ ਪੰਜਾਬੀ ਲਿਖਾਈ ਨੂੰ ਸੁਧਾਰਨ, ਅੱਖਰਾਂ ਦੀ ਬਣਾਵਟ ਤੇ ਉਸ ਨੂੰ ਲਿਖਣ ਦੇ ਗੁਰ ਦਿੱਤੇ ਗਏ। ਜਿੱਥੇ ਜਗਜੀਤ ਸਿੰਘ ਨੇ ਪੰਜਾਬੀ ਅੱਖਰਾਂ ਨੂੰ ਲਿਖਣ ਦੀ ਜਾਣਕਾਰੀ ਦਿੱਤੀ। ਉਥੇ ਹੀ ਨਾਲੋਂ ਨਾਲ ਅੰਗਰੇਜ਼ੀ ਭਾਸ਼ਾ ਵਿਚ ਕੈਲੀਗ੍ਰਾਫੀ ਅਤੇ ਕਰਸਿਵ ਲਿਖਾਈ ਨੂੰ ਲਿਖਣ ਦੇ ਗੁਰ ਵੀ ਦਿੱਤੇ। ਇਸ ਵਰਕਸ਼ਾਪ ਵਿੱਚ ਬੱਚਿਆਂ ਅਤੇ ਸਟਾਫ ਵੱਲੋਂ ਪੂਰੀ ਰੁਚੀ ਨਾਲ ਭਾਗ ਲਿਆ। ਵਰਕਸ਼ਾਪ ਦੇ ਅਖੀਰਲੇ ਦਿਨ ਬੱਚਿਆਂ ਦੇ ਸੁੰਦਰ ਲਿਖਾਈ ਮੁਕਾਬਲੇ ਵੀ ਕਰਵਾਏ ਗਏ ਜਿੰਨਾਂ ਵਿਚੋਂ ਸੀਰਤ, ਹਰਜਿੰਦਰ ਕੌਰ ਅਤੇ ਸ਼ਗਨਪ੍ਰੀਤ ਕੌਰ ਨੇ ਪਹਿਲੀ,ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕੀਤੀ। ਮੁਕਾਬਲੇ ਵਿਚ ਪਹਿਲੀਆਂ ਦਸ ਪੁਜੀਸ਼ਨਾਂ ਵਾਲਿਆਂ ਬੱਚਿਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਸਕੂਲ ਮੁਖੀ ਧਰਮਿੰਦਰ ਸਿੰਘ ਵੱਲੋਂ ਨਿਰਸਵਾਰਥ ਵਰਕਸ਼ਾਪ ਲਗਾਉਣ ਲਈ ਸਰ ਜਗਜੀਤ ਸਿੰਘ ਦਾ ਧੰਨਵਾਦ ਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਨਾਮ ਵੰਡ ਸਮਾਰੋਹ ਵਿਚ ਸ਼ਾਮਿਲ ਸਟਾਫ ਨਿਤੇਸ਼ ਕੱਕੜ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ,ਰਜਤ ਕੁਮਾਰ, ਗੁਰਜੀਤ ਸਿੰਘ ਐਚ ਟੀ, ਮੈਡਮ ਕਿਰਨ ਬਾਲਾ, ਪੰਚਾਇਤ ਮੈਂਬਰ ਹਰਮੇਲ ਸਿੰਘ ਤੇ ਸਾਬਕਾ ਸਰਪੰਚ ਹਰਦੀਪ ਸਿੰਘ ਹਾਜਰ ਸਨ।