ਤੇਜਾ ਸਿੰਘ ਸੁਤੰਤਰ ਨੂੰ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ
12 ਅਪ੍ਰੈਲ (ਰਿੰਪਲ ਗੋਲਣ) ਭਿੱਖੀਵਿੰਡ: ਕੁੱਲ ਹਿੰਦ ਕਿਸਾਨ ਸਭਾ ਦਾ ਸਥਾਪਨਾ ਦਿਵਸ ਕਿਸਾਨ ਆਗੂ ਅਰਸਾਲ ਸਿੰਘ ਪਹੂਵਿੰਡ ਤੇ ਪੂਰਨ ਸਿੰਘ ਕੰਬੋਕੇ ਦੀ ਅਗਵਾਈ ਹੇਠ ਪਿੰਡ ਕੰਬੋਕੇ ਵਿਖੇ ਮਨਾਇਆ ਗਿਆ। ਇਸ ਮੌਕੇ ਇਕੱਤਰ ਹੋਏ ਕਿਸਾਨਾਂ ਵੱਲੋਂ 51ਵੀਂ ਬਰਸੀ ਮੌਕੇ ਮਹਾਨ ਕ੍ਰਾਂਤੀਕਾਰੀ ਆਗੂ ਤੇਜਾ ਸਿੰਘ ਸੁਤੰਤਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲ੍ਹਾ ਸਕੱਤਰ ਬਲਕਾਰ ਸਿੰਘ ਵਲਟੋਹਾ,ਦਵਿੰਦਰ ਸੋਹਲ ਤੇ ਸੂਬਾ ਕਮੇਟੀ ਮੈਂਬਰ ਮਹਾਂਬੀਰ ਸਿੰਘ ਗਿੱਲ ਨੇ ਕਿਹਾ ਕਿ ਅੱਜ ਜਦੋਂ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਗਈਆਂ ਹਨ, ਉਸ ਸਮੇਂ ਕੁੱਲ ਹਿੰਦ ਕਿਸਾਨ ਸਭਾ ਦਾ ਸ਼ਾਨਾ-ਮੱਤਾ ਇਤਿਹਾਸ ਅਤੇ ਉੱਘੇ ਦੇਸ਼ ਭਗਤ ਤੇ ਇਨਕਲਾਬੀ ਕਿਸਾਨ ਆਗੂ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਵਿੱਚ ਸ਼ੁਰੂ ਹੋਇਆ ਸੰਘਰਸ਼ ਸਾਡੇ ਲਈ ਰਾਹ ਦਸੇਰਾ ਹੈ। ਆਗੂਆਂ ਨੇ ਕਿਹਾ ਕਿ ਸਾਡੇ ਦੇਸ਼ ਦੇ ਸੱਤਰ ਫ਼ੀਸਦੀ ਲੋਕ ਜਿਹੜੇ ਅੱਜ ਵੀ ਖੇਤੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ,ਦੀ ਹਾਲਤ ਭਾਜਪਾ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁਚਾਉਣ ਖ਼ਾਤਰ ਕਿਸਾਨੀ ਨੂੰ ਖ਼ਤਮ ਕਰਨ ਵਾਲੀ ਭਾਜਪਾ ਸਰਕਾਰ ਨੂੰ ਸੱਤਾ ‘ਚੋਂ ਬਾਹਰ ਦਾ ਰਸਤਾ ਦਿਖਾਉਣਾ ਅਤਿ ਜ਼ਰੂਰੀ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਅਪ੍ਰੈਲ 1936 ‘ਚ ਕੁੱਲ ਹਿੰਦ ਕਿਸਾਨ ਸਭਾ ਦੀ ਸਥਾਪਨਾ ਮਗਰੋਂ ਹੀ ਦੇਸ਼ ਦੀ ਆਜ਼ਾਦੀ ਲਈ ਵੱਡੇ ਸੰਘਰਸ਼ ਹੋਂਦ ਵਿੱਚ ਆਏ ਤੇ ਉਨ੍ਹਾਂ ਸੰਘਰਸ਼ਾਂ ਦੀ ਬਦੌਲਤ ਰਾਜਿਆਂ ਤੇ ਜਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਕਿਸਾਨਾਂ ‘ਚ ਵੰਡੀਆਂ ਗਈਆਂ ਸਨ। ਉਪਰੋਕਤ ਆਗੂਆਂ ਨੇ ਕਿਹਾ ਕਿ ਕਿਸਾਨੀ ਨੂੰ ਬਚਾਉਣ ਲਈ ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ‘ਤੇ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਸੋਹਣ ਸਿੰਘ ਜੋਸ਼ ਤੇ ਪੀ ਅਹਿਮਦ ਵਰਗੇ ਜੁਝਾਰੂ ਆਗੂਆਂ ‘ਤੇ ਪੰਜਾਬ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਤੇਜਾ ਸਿੰਘ ਸੁਤੰਤਰ ਵਰਗੇ ਯੋਧਿਆਂ ਦੀ ਅਗਵਾਈ ਵਿੱਚ ਮੁਜ਼ਾਰਾ ਲਹਿਰ ਵਰਗੇ ਖਾੜਕੂ ਸੰਘਰਸ਼ ਲੜਕੇ ਜਿੱਤ ਪ੍ਰਾਪਤ ਕੀਤੀ ਗਈ ਤੇ 16 ਲੱਖ ਏਕੜ ਜ਼ਮੀਨ ਰਜਵਾੜਿਆਂ ਤੋਂ ਖੋਹ ਕੇ 784 ਪਿੰਡਾਂ ਦੇ ਹਲਵਾਹਕ ਕਿਸਾਨਾਂ ਨੂੰ ਵੰਡੀ ਗਈ। ਤੇਜਾ ਸਿੰਘ ਸੁਤੰਤਰ ਨੇ ਜਵਾਨੀ ਵੇਲੇ ਸੁਤੰਤਰ ਜਥਾ ਅਕਾਲੀ ਦੀ ਅਗਵਾਈ ਕਰਕੇ ਗੁਰਦੁਆਰਾ ਤੇਜਾ ਵੀਹਲਾ ਅੰਗਰੇਜ਼ ਪਿੱਠੂ ਮਹੰਤਾਂ ਤੋਂ ਆਜ਼ਾਦ ਕਰਵਾਇਆ,ਜਿਸ ਕਾਰਨ ਲੋਕਾਂ ਨੇ ਉਨ੍ਹਾਂ ਦਾ ਨਾਂਅ ਸਮੁੰਦ ਸਿੰਘ ਤੋਂ ਤੇਜਾ ਸਿੰਘ ਸੁਤੰਤਰ ਰੱਖ ਦਿੱਤਾ। ਆਗੂਆਂ ਨੇ ਕਿਹਾ ਕਿ ਅੱਜ ਫਿਰ ਅਜਿਹੇ ਮਹਾਨ ਇਨਕਲਾਬੀ ਯੋਧਿਆਂ ਨੂੰ ਯਾਦ ਕਰਦਿਆਂ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਸੈਕਟਰ ਤੋਂ ਪਰ੍ਹੇ ਕਰਨ ਲਈ ਅਤੇ ਸਾਂਝੀ ਤੇ ਸਹਿਕਾਰੀ ਖੇਤੀ ਵੱਲ ਸੰਘਰਸ਼ਸ਼ੀਲ ਹੋਣ ਦੀ ਲੋੜ ਹੈ। ਇਸ ਮੌਕੇ ਕਿਸਾਨ ਸਭਾ ਦੇ ਆਗੂ ਨਰਿੰਦਰ ਸਿੰਘ ਅਲਗੋਂ,ਸੁਖਦੇਵ ਸਿੰਘ ਕਾਲਾ, ਰਸ਼ਪਾਲ ਸਿੰਘ ਨਾਰਲੀ,ਜਸਪਾਲ ਸਿੰਘ ਭਿੱਖੀਵਿੰਡ, ਸਲਵਿੰਦਰ ਸਿੰਘ ਪੱਧਰੀ, ਰਾਜਗੋਬਿੰਦ ਸਿੰਘ,ਮਸਤਾਨ ਸਿੰਘ ਰਾਜੋਕੇ,ਦਿਲਬਾਗ ਸਿੰਘ ਪੱਟੀ, ਗੁਰਬਿੰਦਰ ਸਿੰਘ ਸੋਹਲ,ਕੰਵਲਜੀਤ ਢਿੱਲੋਂ ਨੇ ਵੀ ਆਪਣੇ ਵਿਚਾਰ ਇਕੱਤਰ ਹੋਏ ਕਿਸਾਨਾਂ ਦੇ ਸਨਮੁੱਖ ਪੇਸ਼ ਕੀਤੇ