ਚੰਡੀਗੜ੍ਹ, 5 ਫਰਵਰੀ: ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿਖੇ ਪ੍ਰਸਿੱਧ ਕਿਲਾ ਰਾਏਪੁਰ ਰੂਰਲ ਓਲੰਪਿਕ-2024 ਦਾ ਪੋਸਟਰ ਜਾਰੀ ਕੀਤਾ ਗਿਆ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਕਿਲਾ ਰਾਏਪੁਰ ਵਿਖੇ 12 ਤੋਂ 14 ਫਰਵਰੀ ਤੱਕ ਵਿਸ਼ਵ ਪ੍ਰਸਿੱਧ ਪੇਂਡੂ ਓਲੰਪਿਕ ਖੇਡਾਂ ਕਰਵਾਈਆਂ ਜਾਣਗੀਆਂ। ਇਸ ਵਾਰ ਪੇਂਡੂ ਓਲੰਪਿਕ ਖੇਡਾਂ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾਣਗੀਆਂ।
ਪੋਸਟਰ ਜਾਰੀ ਕਰਦਿਆਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਲਈ ਵਚਨਬੱਧ ਹੈ ਅਤੇ ਇਨ੍ਹਾਂ ਖੇਡਾਂ ਦੀ ਪ੍ਰਬੰਧਕੀ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਆਉਣ ਵਾਲੇ ਸਾਲਾਂ ਵਿੱਚ ਹੋਰ ਚੈਂਪੀਅਨ ਖਿਡਾਰੀ ਪੈਦਾ ਕੀਤੇ ਜਾਣ।
ਕੈਬਨਿਟ ਮੰਤਰੀ ਮਾਨ ਨੇ ਦੱਸਿਆ ਕਿ ਤਿੰਨ ਰੋਜ਼ਾ ਮੈਗਾ ਖੇਡ ਮੁਕਾਬਲਿਆਂ ਦੌਰਾਨ ਹਾਕੀ, ਕਬੱਡੀ, ਕੁਸ਼ਤੀ, ਸਾਈਕਲਿੰਗ, ਦੌੜ, ਰੱਸਾਕਸ਼ੀ ਆਦਿ ਦੇ ਮੈਚ ਕਰਵਾਏ ਜਾਣਗੇ ਅਤੇ ਨਾਮਵਰ ਗਾਇਕਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਇਨ੍ਹਾਂ ਖੇਡਾਂ ਦੀ ਲੋਕਪ੍ਰਿਅਤਾ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਣ ਲਈ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨਮੋਲ ਸਿੰਘ ਧਾਲੀਵਾਲ ਤੇ ਹੋਰ ਹਾਜ਼ਰ ਸਨ।