*ਕਿਸੇ ਮੁਕਾਮ ’ਤੇ ਪੰਹੁਚਣ ਦਾ ਸਫ਼ਰ ਕਿਤਾਬਾਂ ਰਾਹੀਂ ਤੈਅ ਹੁੰਦਾ ਹੈ-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ
*ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਪਿੰਡ ਖੱਤਰੀਵਾਲਾ ਅਤੇ ਮੱਲ ਸਿੰਘ ਵਾਲਾ ਵਿਖੇ ਕੀਤਾ ਯੂਥ ਲਾਇਬ੍ਰੇਰੀਆਂ ਦਾ ਉਦਘਾਟਨ
ਬੁਢਲਾਡਾ/ਮਾਨਸਾ, 25 ਨਵੰਬਰ : Nanak Singh Khurmi
ਨੌਜਵਾਨਾਂ ਅਤੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਅਤੇ ਕਿਤਾਬਾਂ ਰਾਹੀਂ ਉਨ੍ਹਾਂ ਦੇ ਆਮ ਗਿਆਨ ਵਿੱਚ ਹੋਰ ਵਾਧਾ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਆਧੁਨਿਕ ਯੂਥ ਲਾਇਬੇ੍ਰਰੀਆਂ ਖੋਲ੍ਹੀਆਂ ਜਾ ਰਹੀਆਂ ਹਨ, ਜਿਸ ਦੀ ਲੜੀ ਤਹਿਤ ਅੱਜ ਬੁਢਲਾਡਾ ਹਲਕੇ ਦੇ ਪਿੰਡਾਂ ਖੱਤਰੀਵਾਲਾ ਅਤੇ ਮੱਲ ਸਿੰਘ ਵਾਲਾ ਵਿਖੇ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ਼੍ਰੀ ਬੁੱਧ ਰਾਮ ਅਤੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਨੇ ਸਾਂਝੇ ਤੌਰ ’ਤੇ ਯੂਥ ਲਾਈਬ੍ਰੇਰੀਆਂ ਦਾ ਉਦਘਾਟਨ ਕਰਕੇ ਉਨ੍ਹਾਂ ਨੂੰ ਪਿੰਡ ਵਾਸੀਆਂ ਦੇ ਸਪੁਰਦ ਕੀਤਾ।
ਇਸ ਮੌਕੇ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ਼੍ਰੀ ਬੁੱਧ ਰਾਮ ਨੇ ਕਿਹਾ ਕਿ ਕਿਤਾਬਾਂ ਨਾਲ ਮਨੁੱਖ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਇਹ ਗਿਆਨ ਉਸ ਨੂੰ ਕਾਮਯਾਬੀ ਦਾ ਰਾਹ ਦਿਖਾਉਣ ਤੇ ਜੀਵਨ ਜਾਂਚ ਸਿਖਾਉਣ ਵਿੱਚ ਸਹਾਈ ਸਿੱਧ ਹੁੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੁੜਨ ਤੇ ਆਈ.ਏ.ਐਸ., ਪੀ.ਸੀ.ਐਸ. ਤੋਂ ਇਲਾਵਾ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਲਾਇਬ੍ਰੇਰੀ ਦਾ ਵੱਧ ਤੋਂ ਵੱਧ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਮਨੁੱਖ ਦੀ ਤਰੱਕੀ ਵਿੱਚ ਕਿਤਾਬਾਂ ਬਹੁਤ ਅਹਿਮ ਰੋਲ ਅਦਾ ਕਰਦੀਆਂ ਹਨ। ਇਸ ਤੋਂ ਇਲਾਵਾ ਮਾਨਸਿਕ ਅਤੇ ਬੌਧਿਕ ਵਿਕਾਸ ਵਿੱਚ ਕਿਤਾਬਾਂ ਸਹਾਈ ਸਿੱਧ ਹੁੰਦੀਆਂ ਹਨ।
ਇਸ ਦੌਰਾਨ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਕਿਹਾ ਕਿ ਕਿਸੇ ਉੱਚ ਮੁਕਾਮ ਤੱਕ ਪਹੁੰਚਣ ਦਾ ਸਫ਼ਰ ਕਿਤਾਬਾਂ ਰਾਹੀਂ ਹੀ ਤੈਅ ਹੁੰਦਾ ਹੈੇ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਸਕੂਲ ਦੀਆਂ ਕਿਤਾਬਾਂ ਦੇ ਨਾਲ-ਨਾਲ ਲਾਇਬ੍ਰੇਰੀ ਵਿੱਚ ਜਾ ਕੇ ਆਪਣੇ ਗਿਆਨ ਵਿੱਚ ਹੋਰ ਵਾਧਾ ਕਰਨ ਅਤੇ ਉੱਚ ਅਹੁਦਿਆਂ ’ਤੇ ਪਹੁੰਚ ਕੇ ਆਪਣੇ ਮਾਪਿਆਂ, ਪਿੰਡ, ਜ਼ਿਲ੍ਹੇ ਅਤੇ ਸੂਬੇ ਦਾ ਨਾਮ ਚਮਕਾਉਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲਾਇਬ੍ਰੇਰੀਆਂ ਵਿਚ ਜਿੱਥੇ ਪੰਜਾਬੀ, ਹਿੰਦੀ ਅਤੇ ਅੰਗਰੇਜੀ ਭਾਸ਼ਾ ਦੀਆਂ ਕਿਤਾਬਾਂ ਅਤੇ ਸਾਹਿਤ ਮੁਹੱਈਆ ਕਰਵਾਇਆ ਗਿਆ ਹੈ, ਉੱਥੇ ਹੀ ਕੰਪਿਊਟਰਜ਼ ਅਤੇ ਇੰਟਰਨੈਟ ਦੀ ਸੁਵਿਧਾ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਖੁੱਲ੍ਹਾ ਹਾਲ ਅਤੇ ਬੱਚਿਆਂ ਦੇ ਬੈਠਣ ਲਈ ਵਧੀਆ ਫਰਨੀਚਾਰ ਵੀ ਪ੍ਰਦਾਨ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਕਰੀਬਨ 20 ਆਧੁਨਿਕ ਲਾਇਬ੍ਰੇਰੀਆਂ ਵੱਖ-ਵੱਖ ਪਿੰਡਾਂ ਵਿਚ ਬਣਾਈਆਂ ਜਾ ਰਹੀਆਂ ਹਨ, ਜਿੰਨ੍ਹਾਂ ਵਿਚ ਪਿੰਡ ਰੱਲਾ, ਧਲੇਵਾਂ, ਅਕਲੀਆ, ਕੁਲਰੀਆਂ, ਹੀਰੋਂ ਖੁਰਦ, ਖੱਤਰੀਵਾਲਾ, ਰਿਊਂਦ ਕਲਾਂ, ਮੱਲ ਸਿੰਘ ਵਾਲਾ, ਮੱਲਕੋਂ, ਰਾਏਪੁਰ-2, ਖਿਆਲੀ ਚਹਿਲਾਂਵਾਲੀ, ਝੁਨੀਰ, ਮਾਨਸਾ ਖੁਰਦ, ਬੁਰਜ ਰਾਠੀ, ਤਾਮਕੋਟ, ਜਟਾਣਾ ਕਲਾਂ, ਝੰਡੂਕੇ ਅਤੇ ਕਰੰਡੀ ਵਿਖੇ ਸ਼ਾਮਿਲ ਹਨ, ਇੰਨ੍ਹਾਂ ਵਿਚੋਂ 06 ਲਾਇਬ੍ਰੇਰੀਆਂ ਪਿੰਡ ਕੁਲਰੀਆਂ, ਹੀਰੋਂ ਖੁਰਦ, ਰਾਏਪੁਰ-2, ਖਿਆਲੀ ਚਹਿਲਾਂਵਾਲੀ, ਮਾਨਸਾ ਖੁਰਦ ਅਤੇ ਕਰੰਡੀ ਵਿਖੇ ਬਣ ਚੁੱਕੀਆਂ ਹਨ ਅਤੇ ਪਿੰਡ ਖੱਤਰੀਵਾਲਾ ਅਤੇ ਮੱਲ ਸਿੰਘ ਵਾਲਾ ਦਾ ਅੱਜ ਉਦਘਾਟਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਕੋਈ ਵੀ ਗ੍ਰਾਮ ਪੰਚਾਇਤ ਆਪਣੇ ਪਿੰਡ ਵਿਚ ਲਾਇਬ੍ਰੇਰੀ ਬਣਾਉਣਾ ਚਾਹੁੰਦੀ ਹੈ ਤਾਂ ਉਹ ਆਪਣੀ ਅਰਜ਼ੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਮਾਨਸਾ ਦੇ ਦਫ਼ਤਰ ਵਿਖੇ ਦੇ ਸਕਦੇ ਹਨ ਜਾਂ ਮੋਬਾਇਲ ਨੰਬਰ 94642-30352 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਆਕਾਸ਼ ਬਾਂਸਲ ਅਤੇ ਐਕਸੀਅਨ ਪੰਚਾਇਤੀ ਰਾਜ ਸ਼੍ਰੀ ਮਹੇਸ਼ ਗਰਗ ਤੋਂ ਇਲਾਵਾ ਪਿੰਡ ਦੇ ਸਰਪੰਚ, ਪੰਚ, ਪਤਵੰਤੇ ਤੇ ਵਿਦਿਆਰਥੀ ਹਾਜ਼ਰ ਸਨ।