ਪੰਜਾਬ ਦੀ ਉਚੇਰੀ-ਸਿੱਖਿਆ ਦੀ ‘ਗੁੱਡੀ’ ਤਕਰੀਬਨ ‘ਫੂਕੀ’ ਜਾ ਚੁੱਕੀ ਹੈ। ਪਰ ਇਹ ਮੀਂਹ ਮੰਗਣ ਲਈ ਨਹੀਂ, ਹਾੜ੍ਹ ਤੇ ਉਜਾੜ ਲਿਆਉਣ ਦੇ ਮਨਸੂਬੇ ਤਹਿਤ ਫੂਕੀ ਗਈ ਹੈ। ਕਣੀਆਂ ਦੀ ਆਸ ‘ਚ ਉਤਾਂਹ ਨੂੰ ਮੂੰਹ ਕਰੀ ਝਾਕ ਰਹੀ, ਉੱਚਤਮ ਯੋਗਤਾ ਮਿਆਰਾਂ ਨਾਲ ਲੈਸ ਨੌਜਵਾਨ ਪੀੜ੍ਹੀ ਨੂੰ ਪਤਾ ਹੀ ਨਹੀਂ ਲੱਗਿਆ ਕਿਵੇਂ ਹੌਲੀ ਹੌਲੀ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ ਗਈ ਹੈ। ਉਂਗਲਾਂ ‘ਤੇ ਗਿਣੇ ਜਾਣ ਜੋਗੇ ਬਚੇ ਖੁਚੇ ਸਰਕਾਰੀ ਕਾਲਜਾਂ ‘ਚ ਗਿਣਤੀ ਦੇ ਪੱਕੇ ਅਧਿਆਪਕ ਰਹਿ ਗਏ ਨੇ। ਸਾਰਾ ਕੁਝ ‘ਗੈਸਟ ਫੈਕਲਟੀ’ ਹੋ ਗਿਆ ਹੈ…….
ਪਰ ‘ਗੈਸਟ ਫੈਕਲਟੀ’ ਵੀ ਗੈਸ-ਚੈਂਬਰ ‘ਚ ਬੈਠੀ ਹੈ। ਸਾਹ ਨਹੀਂ ਆ ਰਿਹਾ। ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਆਪਣੇ ਕਾਂਸਟੀਚੂਐਂਟ ਕਾਲਜਾਂ ਤੇ ਨੇਬਰ-ਹੁੱਡ ਕੈਂਪਸ ਦੇ ਅਧਿਆਪਕਾਂ ਨਾਲ ਜੱਗੋਂ-ਤੇਰ੍ਹਵੀਂ ਕੀਤੀ ਹੈ। ਅੱਠ ਮਹੀਨੇ 35000 ਰੁਪਏ, ਚਾਰ ਮਹੀਨੇ 20000 ਰੁਪਏ ਦੀ ਨਿਗੂਣੀ ਉਜਰਤ ‘ਤੇ ਬੰਧੂਆ ਕੀਤਿਆਂ ਨੂੰ ਵੀ ਹਰ ਸੈਸ਼ਨ ਨਵੀਂ ਇੰਟਰਵਿਊ ‘ਚ ਰੱਦ ਕਰ ਕੇ, ਨਵੇਂ ਗੈਸਟ ਫੈਕਲਟੀ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਹਨ। ਵਿਰਲੇ-ਵਿਰਲੇ ਕਚਹਿਰੀਆਂ ਦੀ ਓਟ ਲੈ ਕੇ ਸਾਲ ਭਰ ਦੀ ਰੋਟੀ ਦੀ ਸੰਭਾਵਨਾ ਸੰਜੋਅ ਬੈਠੇ ਨੇ।
ਭਾਦੋਂ ਮਹੀਨਾ ਚੜ੍ਹ ਗਿਆ ਹੈ, ਤੀਆਂ ਮੁੱਕ ਗਈਆਂ ਹਨ। ਪਰ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਹਾਲ ਦੀ ਛੱਤ ‘ਤੇ ਆਪਣੀ ਆਵਾਜ਼ ਬੁਲੰਦ ਕਰਨ, ਆਪਣੀ ਹੋਣੀ ਦਾ ਹੋਕਾ ਦੇਣ ਚੜ੍ਹੀਆਂ ਛੇ ‘ਗੈਸਟ ਫੈਕਲਟੀ’ ਧੀਆਂ ਦੀਆਂ ਤੀਆਂ ਨਹੀਂ ਮੁੱਕੀਆਂ। ਉਹ ਮਾਤਮੀ ਪਿੜ ਵਿਚ ਨਿਰਵਿਘਨ ਨੱਚ ਰਹੀਆਂ ਨੇ। ਉਹ ਬੋਲੀਆਂ ਨਹੀਂ, ਲਗਾਤਾਰ ਵੈਣ ਪਾ ਰਹੀਆਂ ਹਨ, ਕੀਰਨੇ ਉੱਚੇ ਕਰ ਰਹੀਆਂ ਹਨ। ਹੇਠਾਂ ਧਰਨੇ ‘ਤੇ ਬੈਠਿਆਂ ਵਿਚ ਵੀ ਛੇ ਗਰਭਵਤੀ ਧੀਆਂ ਹਨ।
ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ.ਦਫਤਰ ਦੀ ਛੱਤ ‘ਤੇ ਇਹ ਛੇ ਕੁੜੀਆਂ ਆਪਣੀ ਹਰ ਨਿੱਜਤਾ ਤੇ ਉਹਲੇ ਦੀ ਲੋੜ ਨੂੰ ਤਿਲਾਂਜਲੀ ਦੇ ਕੇ ਪਿਛਲੇ ਪੰਜ ਦਿਨਾਂ ਤੋਂ ਭੁੱਖਣ ਭਾਣੀਆਂ ਡਟੀਆਂ ਹੋਈਆਂ ਨੇ।
ਪੰਜਾਬ ਦੀ ਧਰਤੀ ਐਸੇ ਮੰਦਭਾਗੇ ਸਾਉਣ ਦੇ ਮਾਤਮੀ ਮੀਂਹ ਵਿੱਚ ਭਿੱਜੀ ਪਈ ਹੈ।