ਇਨਸਾਫ਼ ਨਾ ਮਿਲਣ ਤੱਕ ਧਰਨਾ ਜਾਰੀ ਰਹੇਗਾ: ਜਥੇਬੰਦੀ ਆਗੂ
ਭੀਖੀ, 14 ਨਵੰਬਰ
ਨੇੜਲੇ ਪਿੰਡ ਮੋਹਰ ਸਿੰਘ ਵਾਲੇ ਦੇ ਗੁਰਦਾਸ ਸਿੰਘ ਕਤਲ ਮਾਮਲੇ ਵਿੱਚ ਭੀਖੀ ਥਾਣੇ ਅੱਗੇ ਲੱਗੇ ਦੋ ਦਿਨਾਂ ਧਰਨੇ ਤੋਂ ਬਾਅਦ ਅੱਜ ਪਿੰਡ ਵਾਸੀਆਂ ਤੇ ਕੁਝ ਜਥੇਬੰਦੀਆਂ ਵੱਲੋਂ ਮਾਨਸਾ-ਪਟਿਆਲਾ ਮੁੱਖ ਮਾਰਗ ਬਰਨਾਲਾ ਚੌਕ ਵਿੱਚ ਜਾਮ ਲਾ ਦਿੱਤਾ, ਜਿਸ ਕਾਰਨ ਆਵਾਜਾਈ ਬਹੁਤ ਜਿਆਦਾ ਪ੍ਰਭਾਵਿਤ ਹੋਈ।
ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਫੇਲ ਹੁੰਦੀ ਜਾਪ ਰਹੀ ਹੈ, ਦਿਨ ਪ੍ਰਤੀ ਦਿਨ ਕਾਤਲ ਹੋ ਰਹੇ ਹਨ, ਦੋਸ਼ ਲਾਉਦਿਆਂ ਉਹਨਾਂ ਕਿਹਾ ਕਿ ਗੁਰਦਾਸ ਸਿੰਘ ਦਾ ਕਾਤਲ ਕਿਸੇ ਇਕੱਲੇ ਬੰਦੇ ਦਾ ਕੰਮ ਨਹੀਂ ਸਗੋਂ ਹੋਰ ਵੀ ਵਿਅਕਤੀ ਇਸ ਘਟਨਾ ਵਿੱਚ ਸਾਮਲ ਹਨ, ਜਦ ਤੱਕ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਅਤੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ, ਤਦ ਤੱਕ ਧਰਨਾ ਜਾਰੀ ਰਹੇਗਾ। ਦੁਪਹਿਰ ਦੋ ਵਜੇ ਤੋਂ ਸਾਮ ਸੱਤ ਵਜੇ ਇਹ ਜਾਮ ਲੱਗਾ ਰਿਹਾ ਬਾਅਦ ਵਿੱਚ ਸਾਰੇ ਲੋਕ ਥਾਣੇ ਅੱਗੇ ਜਾ ਕੇ ਧਰਨੇ ’ਤੇ ਬੈਠ ਗਏ।
ਇਸ ਮੌਕੇ ਡੀਐਸਪੀ ਬੂਟਾ ਸਿੰਘ ਅਤੇ ਜਸਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲੀਸ ਕਰਮਚਾਰੀ ਹਾਜ਼ਰ ਰਹੇ।
ਇਸ ਦੌਰਾਨ ਮ੍ਰਿਤਕ ਦਾ ਪਰਿਵਾਰ ਭਰਾ ਗੁਰਦਾਸ ਸਿੰਘ, ਕੁਲਦੀਪ ਸਿੰਘ, ਜਗਤਾਰ ਸਿੰਘ, ਪਿਤਾ ਲਾਲ ਸਿੰਘ, ਬਲਜਿੰਦਰ ਸਿੰਘ ਸਰਪੰਚ ਮੋਹਰ ਸਿੰਘ ਵਾਲਾ, ਸੁਖਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਮੰਗਤ ਰਾਏ ਭੀਖੀ ਸੂਬਾ ਸਕੱਤਰ ਬੀਐਸਪੀ, ਗੁਰਮੇਲ ਸਿੰਘ ਬੋੜਾਵਾਲ, ਸਰਬਰ ਕੁਰੈਸ਼ੀ, ਸੁਖਦੇਵ ਸਿੰਘ ਫਰਵਾਹੀ, ਬੱਲਮ ਸਿੰਘ ਮਜ਼ਦੂਰ ਮੁਕਤੀ ਮੋਰਚਾ,ਵਿਜੇ ਕੁਮਾਰ ਲਿਬਰੇਸ਼ਨ ਆਗੂ, ਭੂਰਾ ਸਿੰਘ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਹਾਜ਼ਰ ਸਨ।