12 ਦਸੰਬਰ (ਗਗਨਦੀਪ ਸਿੰਘ) ਫ਼ਰੀਦਕੋਟ: ਬੀਤੇ ਦਿਨੀਂ 10 ਦਸੰਬਰ 2023 ਨੂੰ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਚੇਅਰਮੈਨ ਪ੍ਰੋ.ਬੀਰ ਇੰਦਰ ਦੀ ਯੋਗ ਅਗਵਾਈ ਹੇਠ ਬੀ.ਪੀ.ਈ.ਓ. ਦਫ਼ਤਰ ਫ਼ਰੀਦਕੋਟ ਦੇ ਮੀਟਿੰਗ ਹਾਲ ਵਿੱਚ ਪ੍ਰਸਿੱਧ ਗ਼ਜ਼ਲਗੋ ਹਰਿਮੰਦਰ ਸਿੰਘ ਕੋਹਾਰਵਾਲਾ ਦੀ ਚਰਚਿਤ ਪੁਸਤਕ ‘ਹਰਫ਼ਾਂ ਦੇ ਹਰਕਾਰੇ’ ਲੋਕ-ਅਰਪਣ ਕੀਤੀ ਗਈ । ਪ੍ਰਸਿੱਧ ਆਲੋਚਕ ਡਾ. ਦੇਵਿੰਦਰ ਸੈਫ਼ੀ ਨੇ ਮੁੱਖ ਵਕਤਾ ਵਜੋਂ ਪੁਸਤਕ ਬਾਰੇ ਸਾਹਿਤਕ ਦ੍ਰਿਸ਼ਟੀ ਤੋਂ ਵਿਸਥਾਰ ਸਹਿਤ ਰਾਇ ਪੇਸ਼ ਕੀਤੀ। ਇਸ ਸਮਾਰੋਹ ਵਿੱਚ ਬਹੁਪੱਖੀ ਲੇਖਕ ਅਤੇ ਕਲਾਕਾਰ ਈਸ਼ਰ ਸਿੰਘ ਲੰਭਵਾਲੀ ਨੇ ਮੁੱਖ ਮਹਿਮਾਨ ਵਜੋਂ ਅਤੇ ਡਾ. ਹਰਜਿੰਦਰ ਸਿੰਘ ਸੂਰੇਵਾਲੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਦੀ ਪ੍ਰਧਾਨਗੀ ਇੰਜੀ.ਚਰਨਜੀਤ ਸਿੰਘ ਲਾਇਬ੍ਰੇਰੀਅਨ ਨੇ ਕੀਤੀ।
ਸ਼ੁਰੂ ਵਿੱਚ ਸਭਾ ਦੇ ਚੇਅਰਮੈਨ ਪ੍ਰੋ.ਬੀਰ ਇੰਦਰ ਅਤੇ ਅਹੁਦੇਦਾਰਾਂ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਮੁੱਖ ਵਕਤਾ ਅਤੇ ਦੂਰੋਂ-ਨੇੜਿਓਂ ਪਹੁੰਚੇ ਸਾਰੇ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ। ਪ੍ਰੈਸ ਸਕੱਤਰ ਪ੍ਰੋ. ਹਰਪ੍ਰੀਤ ਐੱਸ. ਨੇ ਸਭਾ ਦੇ ਸੁਪਨੇ ਅਤੇ ਕੀਤੇ ਕਾਰਜਾਂ ਦੀ ਸੰਖੇਪ ਜਾਣਕਾਰੀ ਦਿੱਤੀ। ਇਸ ਮੌਕੇ ਇੱਕ ਸ਼ਾਨਦਾਰ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਇਲਾਕਿਆਂ ਤੋਂ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਹਰਮਨ, ਰਾਜ ਗਿੱਲ ਭਾਣਾ, ਗਗਨਜੋਤ ਹੋਰਾਂ ਨੇ ਗੀਤ ਵੀ ਸੁਣਾਏ। ਇਸ ਤੋਂ ਇਲਾਵਾ ਇਸ ਸਮਾਰੋਹ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਸਭਾ ਕਮੇਟੀ ਦੇ ਅਹੁਦੇਦਾਰਾਂ ਮੀਤ ਪ੍ਰਧਾਨ ਰਾਜ ਗਿੱਲ ਭਾਣਾ, ਪ੍ਰੈੱਸ ਸਕੱਤਰ ਪ੍ਰੋ. ਹਰਪ੍ਰੀਤ ਐੱਸ., ਮੰਚ ਸਕੱਤਰ ਭੁਪਿੰਦਰ ਪਰਵਾਜ਼, ਸੀਨੀਅਰ ਮੈਂਬਰ ਸੁਰਜੀਤ ਸਿੰਘ ਸੁਪਰਡੈਂਟ, ਮਨਜੀਤ ਸਿੰਘ ਸ਼ਤਾਬ, ਪਰਮਪ੍ਰੀਤ ਸਿੰਘ, ਗੁਰਵਿੰਦਰ ਸਿੰਘ ਕੋਹਾਰਵਾਲਾ ਨੇ ਪੂਰੀ ਤਨਦੇਹੀ ਨਾਲ ਸਹਿਯੋਗ ਦਿੱਤਾ। ਇਸ ਸਮਾਰੋਹ ਲਈ ਮੁੱਖ ਮਹਿਮਾਨ ਸ. ਈਸ਼ਰ ਸਿੰਘ ਲੰਭਵਾਲੀ ਨੇ ਮਾਇਕ ਤੌਰ ‘ ਤੇ ਸਭਾ ਦੀ ਹੌਂਸਲਾ ਅਫਜ਼ਾਈ ਕਰਦਿਆਂ ਸਭਾ ਦੇ ਖ਼ੂਬਸੂਰਤ ਕੰਮਾਂ ਲਈ ਭਰਪੂਰ ਆਸ਼ੀਰਵਾਦ ਪੇਸ਼ ਕੀਤਾ। ਚੰਡੀਗੜ੍ਹ ਤੋਂ ਉਚੇਚੇ ਤੌਰ ‘ ਤੇ ਪਹੁੰਚੇ ਰਮਨਦੀਪ ਰਮਣੀਕ ਨੇ ਸਾਹਿਤ ਦੇ ਮੁੱਲਾਂ ਬਾਰੇ ਚਰਚਾ ਕਰਦਿਆਂ ਖ਼ੂਬਸੂਰਤ ਅੰਦਾਜ਼ ਵਿੱਚ ਆਪਣਾ ਗੀਤ ਪੇਸ਼ ਕਰਕੇ ਭਰਪੂਰ ਦਾਦ ਹਾਸਲ ਕੀਤੀ। ਇੰਜ.ਚਰਨਜੀਤ ਸਿੰਘ ਨੇ ਡਾ. ਸੈਫ਼ੀ ਦੁਆਰਾ ਕੀਤੀ ਵਿਚਾਰ ਚਰਚਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਦੌਰ ਵਿੱਚ ਅਜਿਹੀ ਗਹਿਰ ਗੰਭੀਰ ਚਰਚਾ ਕਦੇ ਕਦਾਈਂ ਸੁਣਨ ਨੂੰ ਮਿਲਦੀ ਹੈ। ਉਹਨਾਂ ਨੇ ਵੱਧ ਤੋਂ ਵੱਧ ਗਿਆਨ ਹਾਸਲ ਕਰਨ ਉੱਪਰ ਜ਼ੋਰ ਦਿੱਤਾ। ਕੋਹਾਰਵਾਲਾ ਨੇ ਆਪਣੇ ਜੀਵਨ ਦਾ ਬਿਰਤਾਂਤ ਪੇਸ਼ ਕਰਦਿਆਂ ਇਸ ਪੁਸਤਕ ਦਾ ਪਿਛੋਕੜ ਦੱਸਿਆ। ਉਹਨਾਂ ਨੇ ਸਾਰੀ ਵਿਚਾਰ ਚਰਚਾ ਉੱਪਰ ਭਰਪੂਰ ਤਸੱਲੀ ਪ੍ਰਗਟ ਕਰਦਿਆਂ ਪ੍ਰੋ ਬੀਰ ਇੰਦਰ ਅਤੇ ਸਭਾ ਦੇ ਕੰਮਾਂ ਦੀ ਸ਼ਲਾਘਾ ਕੀਤੀ।
ਮੰਚ ਸੰਚਾਲਕ ਦੀ ਭੂਮਿਕਾ ਸਭਾ ਦੇ ਮੰਚ ਸਕੱਤਰ ਭੁਪਿੰਦਰ ਪਰਵਾਜ਼ ਨੇ ਬਾਖ਼ੂਬੀ ਅੰਦਾਜ਼ ਨਾਲ ਨਿਭਾਈ। ਇਸ ਮੌਕੇ ਰਮਨਦੀਪ ਰਮਣੀਕ, ਗਗਨਜੋਤ ਕੌਰ, ਬਚਨ ਸਿੰਘ, ਮੇਘਰਾਜ ਕੋਟਕਪੂਰਾ, ਪ੍ਰੀਤਮਹਿੰਦਰ ਕੌਰ, ਪ੍ਰਿੰ. ਗੁਰਮੇਲ ਕੌਰ, ਪਰਮਜੀਤ ਕੌਰ ਸਰਾਂ, ਬਲਜੀਤ ਕੌਰ ਟਹਿਣਾ, ਜਗੀਰ ਸੱਧਰ, ਕੁਲਦੀਪ ਸਿੰਘ ਮਾਣੂਕੇ, ਬਲਵੰਤ ਰਾਏ ਗੱਖੜ, ਲਾਲ ਸਿੰਘ ਕਲਸੀ, ਸੀਮਾ ਸ਼ਰਮਾ, ਹਰਮਨਜੋਤ ਸਿੰਘ ਆਦਿ ਸ਼ਾਮਿਲ ਹੋਏ ਅਤੇ ਆਪਣੀਆਂ ਖੂਬਸੂਰਤ ਰਚਨਾਵਾਂ ਸਾਂਝੀਆਂ ਕੀਤੀਆਂ। ਅੰਤ ਵਿੱਚ ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਨੇ ਸਭ ਦਾ ਧੰਨਵਾਦ ਕੀਤਾ। ਸੱਚਮੁੱਚ ਯਾਦਗਾਰੀ ਹੋ ਨਿਬੜਿਆ ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦਾ ਇਹ ਵਿਸ਼ੇਸ਼ ਉਪਰਾਲਾ, ਜਿਸਦੀ ਸਾਹਿਤਕ ਖੇਤਰ ਵਿੱਚ ਕਾਫ਼ੀ ਸ਼ਲਾਘਾ ਹੋ ਰਹੀ ਹੈ।