ਨੌਜਵਾਨ ਲੇਖਕ ਗਗਨ ਫੂਲ ਦੀ ਪਲੇਠੀ ਪੁਸਤਕ ‘ਡਾ. ਅੰਬੇਡਕਰ ਦੀ ਸੰਘਰਸ਼ ਗਾਥਾ’ ਲੋਕ-ਅਰਪਣ ਕੀਤੀ ਗਈ।
ਲੋਕ ਗਾਇਕ ਰਾਜ ਗਿੱਲ ਭਾਣਾ ਦਾ ਗੀਤ ‘ ਲੈਜੈਂਡ ਬੰਦੇ ‘ ਵੀ ਰਿਲੀਜ਼ ਕੀਤਾ ਗਿਆ।
ਫਰੀਦਕੋਟ, 11 ਅਗਸਤ, -ਕਲਮਾਂ ਦੇ ਰੰਗ ਪੰਜਾਬੀ ਸਾਹਿਤ ਸਭਾ ਫ਼ਰੀਦਕੋਟ (ਪੰਜਾਬ) ਵੱਲੋਂ ਹੋਟਲ ਸ਼ਾਹੀ ਹਵੇਲੀ ਫ਼ਰੀਦਕੋਟ ਵਿਖੇ ਪੁਸਤਕ ਪ੍ਰੇਮੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ, ਪੁਸਤਕ ਲੋਕ ਅਰਪਣ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਅਤੇ ਪ੍ਰਧਾਨ ਕਸ਼ਮੀਰ ਮਾਨਾ, ਮੀਤ ਪ੍ਰਧਾਨ ਗੁਰਜੀਤ ਹੈਰੀ ਢਿੱਲੋਂ ਦੀ ਯੋਗ ਅਗਵਾਈ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸਮਰੱਥ ਕਹਾਣੀਕਾਰ ਅਤੇ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਗੁਰਮੀਤ ਕੜਿਆਲਵੀ ਨੇ ਮੁੱਖ ਮਹਿਮਾਨ ਵਜੋਂ ਅਤੇ ਪ੍ਰਿੰਸੀਪਲ ਬਲਬੀਰ ਸਿੰਘ ਸਨੇਹੀ (ਚੇਅਰਮੈਨ, ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ. ਪੰਜਾਬ), ਡਾ. ਗੁਰਜੀਤ ਸਿੰਘ ਖ਼ਾਲਸਾ (ਸਬ-ਰਜਿਸਟਰਾਰ ਅਤੇ ਮੁਖੀ ਧਰਮ-ਅਧਿਐਨ, ਗੁਰੁ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਤੇ ਪ੍ਰਧਾਨ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ. ਪੰਜਾਬ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਭਾ ਦੇ ਪ੍ਰਧਾਨ ਕਸ਼ਮੀਰ ਮਾਨਾ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਗਗਨ ਫੂਲ ਦੀ ਪਲੇਠੀ ਪੁਸਤਕ ‘ਡਾ. ਅੰਬੇਡਕਰ ਦੀ ਸੰਘਰਸ਼ ਗਾਥਾ’ ਲੋਕ ਅਰਪਣ ਕੀਤੀ ਗਈ। ਮੁੱਖ ਮਹਿਮਾਨ ਗੁਰਮੀਤ ਕੜਿਆਲਵੀ, ਵਿਸ਼ੇਸ਼ ਮਹਿਮਾਨਾਂ ਪ੍ਰਿੰ. ਬਲਬੀਰ ਸਿੰਘ ਸਨੇਹੀ ਤੇ ਡਾ. ਗੁਰਜੀਤ ਸਿੰਘ ਖ਼ਾਲਸਾ ਨੇ ਸਭ ਨੂੰ ਪੁਸਤਕ ਪ੍ਰੇਮੀ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਗਗਨ ਫੂਲ ਦੀ ਪੁਸਤਕ ਬਾਰੇ ਵਿਚਾਰ ਚਰਚਾ ਕੀਤੀ ਅਤੇ ਕਲਮਾਂ ਦੇ ਰੰਗ ਪੰਜਾਬੀ ਸਾਹਿਤ ਸਭਾ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਗਿਆਨੀ ਮੁਖਤਿਆਰ ਸਿੰਘ ਵੰਗੜ ਦੀ ਪੁਸਤਕ ‘1947 ਪਾਰਟੀਸ਼ਨ ਆਫ਼ ਇੰਡੀਆ’ ਵੀ ਲੋਕ ਅਰਪਣ ਕੀਤੀ ਗਈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਕਵੀ ਸਾਹਿਬਾਨ ਨੇ ਆਪਣੀਆਂ ਖ਼ੂਬਸੂਰਤ ਕਵਿਤਾਵਾਂ ਰਾਹੀਂ ਸਾਹਿਤਕ ਰੰਗ ਬਿਖੇਰੇ। ਇਸ ਤੋਂ ਇਲਾਵਾ ਬਾਲ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ 5 ਤੋੰ 15 ਸਾਲ ਤੱਕ ਦੇ ਬੱਚਿਆਂ ਨੇ ਭਾਗ ਲਿਆ। ਇਸ ਦੌਰਾਨ ਪੰਜਾਬੀ ਲੋਕ ਗਾਇਕ ਅਤੇ ਸਭਾ ਦੇ ਮੀਤ ਪ੍ਰਧਾਨ ਰਾਜ ਗਿੱਲ ਭਾਣਾ ਦਾ ਲਿਖਿਆ ਤੇ ਗਾਇਆ ਗੀਤ ‘ ਲੈਜੈਂਡ ਬੰਦੇ ‘ ਵੀ ਰਿਲੀਜ਼ ਕੀਤਾ ਗਿਆ। ਜਿਸਨੂੰ ਸਭਾ ਦੇ ਮੀਡੀਆ ਸਕੱਤਰ ਗਗਨ ਸਤਨਾਮ ਨੇ ਨਿਰਦੇਸ਼ਿਤ ਕੀਤਾ ਹੈ । ਕੈਫ਼ੇ ਵਰਲਡ ਪਬਲੀਕੇਸ਼ਨਜ਼, ਕਿਤਾਬਾਂ ਵਾਲਾ ਰਖਣਾ (ਲਾਇਬ੍ਰੇਰੀ), ਅਤੇ ਸਾਦਿਕ ਪਬਲੀਕੇਸ਼ਜ਼ ਨੇ ਸਾਂਝੇ ਤੌਰ ‘ਤੇ ਪੁਸਤਕ ਪ੍ਰੇਮੀ ਦਿਵਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜੋ ਕਿ ਖਿੱਚ ਦਾ ਕੇਂਦਰ ਬਣੀ ਰਹੀ।
ਸਮਾਰੋਹ ਦੇ ਅੰਤ ਵਿੱਚ ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਨੇ ਮੁੱਖ-ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਕਵੀ ਸਾਹਿਬਾਨਾਂ, ਬਾਲ ਕਵੀਆਂ ਅਤੇ ਪਤਵੰਤੇ ਸੱਜਣਾਂ ਅਤੇ ਹੋਟਲ ਸ਼ਾਹੀ ਹਵੇਲੀ ਦੇ ਮਾਲਕ ਅਰਸ਼ ਸੱਚਰ ਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਸਭ ਹਾਜ਼ਰ ਸਖਸ਼ੀਅਤਾਂ ਨੂੰ ਸਭਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਸੰਚਾਲਨ ਪ੍ਰਧਾਨ ਕਸ਼ਮੀਰ ਮਾਨਾ, ਸਹਾਇਕ ਸਕੱਤਰ ਭੁਪਿੰਦਰ ਪਰਵਾਜ਼ ਅਤੇ ਮੰਚ ਸਕੱਤਰ ਅਰਮਾਨ ਨੇ ਬਾਖ਼ੂਬੀ ਅੰਦਾਜ਼ ਨਾਲ ਕੀਤਾ। ਇਹ ਪ੍ਰੋਗਰਾਮ ਚੇਅਰਮੈਨ ਪ੍ਰੋ. ਬੀਰ ਇੰਦਰ ਅਤੇ ਪ੍ਰਧਾਨ ਕਸ਼ਮੀਰ ਮਾਨਾ, ਮੀਤ ਪ੍ਰਧਾਨ ਗੁਰਜੀਤ ਹੈਰੀ ਢਿੱਲੋਂ, ਜਨਰਲ ਸਕੱਤਰ ਜਸਵਿੰਦਰ ਜੱਸ, ਪ੍ਰੈਸ ਸਕੱਤਰ ਪ੍ਰੋ. ਹਰਪ੍ਰੀਤ ਸਿੰਘ, ਪ੍ਰੋਗਰਾਮ ਕੋਆਰਡੀਨੇਟਰ ਲਖਵਿੰਦਰ ਹਾਲੀ ਅਤੇ ਸਭਾ ਦੀ ਸਮੁੱਚੀ ਟੀਮ ਦੇ ਸਾਂਝੇ ਯਤਨਾਂ ਸਦਕਾ ਸਫ਼ਲਤਾ ਪੂਰਵਕ ਹੋ ਨਿਬੜਿਆ।