ਜੰਡਿਆਲਾ ਗੁਰੂ ਦੇ ਸ਼ੇਖਪੁਰਾ ਇਲਾਕੇ ‘ਚ ਇੱਕ ਸੈਲੂਨ ਦੀ ਦੁਕਾਨ ਦੇ ਅੰਦਰ ਵੜ ਕੇ ਕੁਝ ਅਣਪਛਾਤੇ ਨੌਜਵਾਨਾਂ ਵਲੋਂ 25 ਸਾਲ ਦੇ ਨੌਜਵਾਨ ਰਵੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਿਸ ਨੂੰ ਲੈਕੇ ਪੁਲਿਸ ਦੋਸ਼ੀਆਂ ਦੀ ਭਾਲ ‘ਚ ਜੁਟ ਗਈ ਹੈ।
ਪਰਿਵਾਰਕ ਮੈਂਬਰ ਤੇ ਪੁਲਿਸ ਜਾਣਕਾਰੀ ਦਿੰਦੇ ਹੋਏਅੰਮ੍ਰਿਤਸਰ: ਇੱਕ ਪਾਸੇ ਸੂਬੇ ‘ਚ ਕਾਨੂੰਨ ਵਿਵਸਥਾ ਸਹੀ ਹੋਣ ਦੇ ਦਾਅਵੇ ਪੁਲਿਸ ਅਤੇ ਸਰਕਾਰ ਵਲੋਂ ਕੀਤੇ ਜਾਂਦੇ ਹਨ ਪਰ ਦੂਜੇ ਪਾਸੇ ਆਏ ਦਿਨ ਹੋ ਰਹੀਆਂ ਵਾਰਦਾਤਾਂ ਇੰਨ੍ਹਾਂ ਦਾਅਵਿਆਂ ਦੀ ਫੂਕ ਕੱਢ ਰਹੀਆਂ ਹਨ। ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਸ਼ੇਖਪੁਰਾ ਇਲਾਕੇ ਦਾ ਹੈ, ਜਿਥੇ ਦੁਕਾਨ ‘ਚ ਵੜ ਕੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੁਕਾਨ ‘ਚ ਵੜ ਕੇ ਮੁੰਡੇ ਦਾ ਕਤਲ: ਦੱਸਿਆ ਜਾ ਰਿਹਾ ਕਿ ਦੇਰ ਰਾਤ ਜੰਡਿਆਲਾ ਗੁਰੂ ‘ਚ ਇੱਕ ਸੈਲੂਨ ਦੀ ਦੁਕਾਨ ‘ਚ ਕੁੱਝ ਅਣਪਛਾਤੇ ਨੌਜਵਾਨਾਂ ਵਲੋਂ ਰਵੀ ਨਾਂ ਦੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਿਸ ‘ਚ ਦੱਸਿਆ ਜਾ ਰਿਹਾ ਕਿ ਨੌਜਵਾਨ ‘ਤੇ ਅੱਠ ਤੋਂ ਦਸ ਗੋਲੀਆਂ ਚਲਾਈਆਂ ਗਈਆਂ ਹਨ ਪਰ ਵਾਰਦਾਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ, ਜਿਸ ਨੂੰ ਕਿ ਲੱਭਣ ਲਈ ਪੁਲਿਸ ਯਤਨ ਕਰ ਰਹੀ ਹੈ।
ਮੌਤ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ: ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੱਸਣਾ ਹੈ ਕਿ ਨੌਜਵਾਨ ਦੀ ਉਮਰ 25 ਸਾਲ ਦੇ ਕਰੀਬ ਸੀ ਤੇ ਉਹ ਦੋ ਬੱਚਿਆਂ ਦਾ ਪਿਓ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਅਤੇ ਮਾਂ ਰੱਖੜੀ ਬੰਨ੍ਹਣ ਲਈ ਗਈਆਂ ਹੋਈਆਂ ਸੀ ਕਿ ਪਿਛੋਂ ਇਹ ਵਾਰਦਾਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਿਲਣਸਾਰ ਸੀ ਤੇ ਕਿਸੇ ਤਰ੍ਹਾਂ ਦਾ ਨਸ਼ਾ ਵੀ ਨਹੀਂ ਕਰਦਾ ਸੀ। ਉਨ੍ਹਾਂ ਕਿਹਾ ਕਿ ਨੌਜਵਾਨ ਜਾਂ ਪਰਿਵਾਰ ਦੀ ਕਿਸੇ ਨਾਲ ਦੁਸ਼ਮਣੀ ਸੀ ਜਾਂ ਨਹੀਂ, ਇਸ ਬਾਰੇ ਮ੍ਰਿਤਕ ਦੀ ਮਾਂ ਜਾਂ ਪਤਨੀ ਹੀ ਦੱਸ ਸਕਦੇ ਹਨ।
ਪੁਲਿਸ ‘ਤੇ ਫੁੱਟਿਆ ਲੋਕਾਂ ਦਾ ਗੁੱਸਾ: ਉਧਰ ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਗੁਆਂਢ ‘ਚ ਹੀ ਦੁਕਾਨ ਹੈ ਅਤੇ ਉਨ੍ਹਾਂ ਜਦ ਗੋਲੀਆਂ ਦੀ ਆਵਾਜ਼ ਸੁਣੀ ਤਾਂ ਬਾਹਰ ਆਏ, ਜਿਸ ‘ਚ ਦੇਖਿਆ ਕਿ ਅਣਪਛਾਤੇ ਨੌਜਵਾਨਾਂ ਵਲੋਂ ਦੁਕਾਨ ‘ਚ ਵੜ ਕੇ ਨੌਜਵਾਨਾਂ ਨੂੰ ਗੋਲੀਆਂ ਮਾਰੀਆਂ ਗਈਆਂ, ਜਿਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ‘ਚ ਹੀ ਕਤਲ ਦੀ ਇਹ ਦੂਜੀ ਵਾਰਦਾਤ ਹੈ, ਜੋ ਕਾਨੂੰਨ ਵਿਵਸਥਾ ‘ਤੇ ਵੀ ਸਵਾਲ ਖੜੀ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਜਦੋਂ ਮੰਤਰੀਆਂ ਜਾਂ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਦੀ ਗੱਲ ਹੁੰਦੀ ਤਾਂ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਰਹਿੰਦੀ ਪਰ ਹੁਣ ਕਿਉਂ ਨੀ ਕੁਝ ਕੀਤਾ ਜਾਂਦਾ। ਸਥਾਨਕ ਲੋਕਾਂ ਨੇ ਦੱਸਿਆ ਕਿ ਵਿਧਾਇਕ ਦੀ ਰਇ ਇਸ਼ ਤੋਂ ਮਹਿਜ਼ 100 ਮੀਟਰ ਦੀ ਦੂਰੀ ‘ਤੇ ਇਹ ਵਾਰਦਾਤ ਹੋਈ ਹੈ। ਦੁਕਾਨ ‘ਚ ਪਹਿਲਾਂ ਹੀ ਮੌਜੂਦ ਸੀ ਹਮਲਾਵਰ: ਉਥੇ ਹੀ ਐੱਸ.ਐੱਸ.ਪੀ ਦਿਹਾਤੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਟੀਮ ਵਲੋਂ ਮੌਕੇ ‘ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਨੌਜਵਾਨਾਂ ਨੇ ਇਹ ਵਾਰਦਾਤ ਕੀਤੀ ਉਹ ਪਹਿਲਾਂ ਹੀ ਸੈਲੂਨ ਦੇ ਅੰਦਰ ਸੀ ਜਦਕਿ ਮ੍ਰਿਤਕ ਬਾਅਦ ‘ਚ ਗਿਆ ਸੀ। ਅਧਿਕਾਰੀ ਦਾ ਕਹਿਣਾ ਕਿ ਹੋ ਸਕਦਾ ਕਿ ਮ੍ਰਿਤਕ ਦੇ ਜਾਣਕਾਰਾਂ ਵਲੋਂ ਹੀ ਇਹ ਵਾਰਦਾਤ ਕੀਤੀ ਗਈ ਹੋਵੇ, ਜਿਸ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਲਦ ਹੀ ਪੁਲਿਸ ਦੋਸ਼ੀਆਂ ਨੂੰ ਕਾਬੂ ਕਰੇਗੀ।