ਝੋਨੇ ਦੀ ਪੂਸਾ 44 ਕਿਸਮ ਬੀਜਣ ਤੇ ਪਾਬੰਦੀ
08 ਮਈ (ਗਗਨਦੀਪ ਸਿੰਘ) ਬਠਿੰਡਾ: ਮੁੱਖ ਖੇਤੀਬਾੜੀ ਅਫ਼ਸਰ ਸ. ਕਰਨਵੀਰ ਸਿੰਘ ਗਿੱਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ, ਸਗੋਂ ਕਣਕ ਦੇ ਨਾੜ ਨੂੰ ਖੇਤ ਵਿਚ ਹੀ ਵਾਹ ਕੇ ਮਿੱਟੀ ਵਿੱਚ ਦਬਾਇਆ ਜਾਵੇ।
ਉਨ੍ਹਾਂ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉਥੇ ਹੀ ਅੱਗ ਲਗਾਉਣ ਉਪਰੰਤ ਪੈਦਾ ਹੋਇਆ ਧੂੰਆਂ ਕਈ ਸੜਕੀ ਹਾਦਸਿਆਂ ਦਾ ਕਾਰਣ ਵੀ ਬਣਦਾ ਹੈ। ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਬਹੁਤ ਸਾਰੇ ਮਿੱਤਰ ਕੀੜੇ, ਪਸ਼ੂ-ਪੰਛੀ ਅਤੇ ਦਰਖੱਤ ਵੀ ਅੱਗ ਵਿੱਚ ਝੁਲਸ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਗਿਆ ਕਿ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਖੇਤ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ, ਜਿਸ ਕਾਰਣ ਫ਼ਸਲਾਂ ਦਾ ਝਾੜ ਘੱਟ ਨਿਕਲਦਾ ਹੈ।
ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲੰਮਾ ਸਮਾਂ ਅਤੇ ਵਧੇਰੇ ਪਾਣੀ ਲੈਣ ਵਾਲੀ ਝੋਨੇ ਦੀ ਪੂਸਾ 44 ਕਿਸਮ ਦੇ ਬੀਜ ਦੀ ਵਿਕਰੀ ਅਤੇ ਬੀਜਾਈ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਜ਼ਿਲ੍ਹੇ ਭਰ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫ਼ਾਰਿਸ਼ ਕੀਤੀਆਂ ਗਈਆਂ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਪੀ.ਆਰ. 114, 121, 126, 128, 129, 130 ਅਤੇ 131 ਦੀ ਬਿਜਾਈ ਕੀਤੀ ਜਾਵੇ।
ਉਨ੍ਹਾ ਅੱਗੇ ਦੱਸਿਆ ਕਿ ਝੋਨੇ ਦੀਆਂ ਉਕਤ ਕਿਸਮਾਂ ਪੱਕਣ ਲਈ ਜਿੱਥੇ ਘੱਟ ਸਮਾਂ ਅਤੇ ਘੱਟ ਪਾਣੀ ਲੈਂਦੀਆਂ ਹਨ, ਉੱਥੇ ਹੀ ਇਨ੍ਹਾਂ ਕਿਸਮਾਂ ਦਾ ਝਾੜ ਵਧੀਆ ਹੁੰਦਾ ਅਤੇ ਪਰਾਲੀ ਘੱਟ ਹੁੰਦੀ ਹੈ, ਜਿਸ ਕਾਰਣ ਝੋਨੇ ਦੀ ਵਾਢੀ ਤੋਂ ਬਾਅਦ ਕਣਕ ਦੀ ਫ਼ਸਲ ਦੀ ਬਿਜਾਈ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਅਸਾਨੀ ਨਾਲ ਕੀਤੀ ਜਾ ਸਕਦੀ ਹੈ।