10 ਅਪ੍ਰੈਲ (ਕਰਨ ਭੀਖੀ) ਮਾਨਸਾ: ਸਹਾਇਕ ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜਿਸਟ੍ਰੇਟ 097-ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ, ਆਈ.ਏ.ਐਸ. ਵੱਲੋ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਮੌਸਮ ਵਿਭਾਗ ਵੱਲੋ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੂਹ ਸੈਕਟਰ ਅਫ਼ਸਰ, ਸਮੂਹ ਚੋਣ ਅਮਲਾ ਅਤੇ ਵੋਟਰਾਂ ਨੂੰ ਗਰਮ ਲੂ ਤੋਂ ਬਚਾਅ ਲਈ ਅਡਵਾਇਜ਼ਰੀ ਤੋਂ ਜਾਣੂ ਕਰਵਾਇਆ।
ਐਸ.ਡੀ.ਐਮ. ਨੇ ਕਿਹਾ ਕਿ ਗਰਮ ਲੂ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾਣ ਤਾਂ ਜੋ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਰਜ ਦੀ ਰੌਸ਼ਨੀ ਵਿੱਚ ਦੁਪਹਿਰ 12.00 ਵਜੇਂ ਤੋਂ ਸ਼ਾਮ 3.00 ਵਜੇ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਵੱਧ ਤੋਂ ਵੱਧ ਪਾਣੀ ਪੀਤਾ ਜਾਵੇ, ਜੇਕਰ ਪਿਆਸ ਨਹੀਂ ਵੀ ਹੈ ਤਾਂ ਵੀ ਵਾਰ-ਵਾਰ ਪਾਣੀ ਪੀਤਾ ਜਾਵੇ। ਹਲਕੇ ਰੰਗ, ਘੱਟ ਭਾਰ ਅਤੇ ਖੁੱਲੇ੍ਹ ਸੂਤੀ ਕੱਪੜਿਆਂ ਦਾ ਪ੍ਰਯੋਗ ਕੀਤਾ ਜਾਵੇ। ਧੁੱਪ ਵਿੱਚ ਜਾਣ ਸਮੇਂ ਟੋਪੀ, ਛਤਰੀ, ਬੂਟ, ਚੱਪਲ ਅਤੇ ਐਨਕਾਂ ਜਰੂਰ ਪਹਿਨੀਆ ਜਾਣ। ਜ਼ਿਆਦਾ ਮਿਹਨਤ ਵਾਲੀਆਂ ਕਿਰਿਆਵਾ ਨੂੰ ਦੁਪਹਿਰ 12.00 ਵਜੇਂ ਤੋਂ ਸ਼ਾਮ 3.00 ਵਜੇ ਤੱਕ ਕਰਨ ਤੋਂ ਗੁਰੇਜ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸਫਰ ਕਰਦੇ ਸਮੇਂ ਪਾਣੀ ਨਾਲ ਰੱਖਿਆ ਜਾਵੇ। ਸ਼ਰਾਬ, ਚਾਹ, ਕੌਫੀ, ਕਾਰਬੋਨੇਟਡ ਸੋਡਾ ਆਦਿ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਇਹ ਸਰੀਰ ਵਿੱਚ ਪਾਣੀ ਦੀ ਕਮੀਂ ਪੈਦਾ ਕਰਦੇ ਹਨ। ਵੱਧ ਪ੍ਰੋਟੀਨ ਵਾਲਾ ਅਤੇ ਬੇਹਾ ਭੋਜਣ ਖਾਣ ਤੋਂ ਗੁਰੇਜ਼ ਕੀਤਾ ਜਾਵੇ। ਜੇਕਰ ਤੁਸੀਂ ਘਰ ਤੋਂ ਬਾਹਰ ਕੰਮ ਕਰਦੇ ਹੋ ਤਾਂ ਟੋਪੀ ਅਤੇ ਛਤਰੀ ਦੀ ਵਰਤੋਂ ਕੀਤੀ ਜਾਵੇ ਅਤੇ ਆਪਣੇ ਸਿਰ, ਨੱਕ ਅਤੇ ਮੂੰਹ ਆਦਿ ਨੂੰ ਢੱਕ ਕੇ ਰੱਖਿਆ ਜਾਵੇ। ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ ਪਾਰਕਿੰਗ ਸਮੇਂ ਗੱਡੀ ਵਿੱਚ ਨਾ ਛੱਡਿਆ ਜਾਵੇ। ਜੇਕਰ ਤੁਸੀਂ ਬੇਹੋਸ਼ੀ ਜਾਂ ਬਿਮਾਰ ਮਹਿਸੂਸ ਕਰਦੇ ਹੋ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਓ.ਆਰ.ਐਸ. ਘੋਲ, ਘਰ ਵਿੱਚ ਬਣਾਈ ਲੱਸੀ, ਚੌਲਾਂ ਦਾ ਪਾਣੀ, ਨਿੰਬੂ ਪਾਣੀ ਆਦਿ ਦੀ ਵਰਤੋਂ ਕੀਤੀ ਜਾਵੇ ਕਿਉਂ ਕਿ ਇਹ ਸਰੀਰ ਵਿੱਚ ਪਾਣੀ ਦੀ ਹੋਣ ਵਾਲੀ ਕਮੀਂ ਨੂੰ ਰੋਕਦੇ ਹਨ।
ਉਨ੍ਹਾਂ ਕਿਹਾ ਕਿ ਜਾਨਵਰਾਂ ਨੂੰ ਛਾਂ ਵਿੱਚ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਪਾਣੀ ਦਿੱਤਾ ਜਾਵੇ। ਆਪਣੇ ਘਰ ਨੂੰ ਠੰਡਾ ਰੱਖਣ ਲਈ ਪਰਦਿਆਂ, ਸ਼ੈੱਡ ਆਦਿ ਦਾ ਪ੍ਰਯੋਗ ਕੀਤਾ ਜਾਵੇ ਅਤੇ ਰਾਤ ਨੂੰ ਸੋਣ ਸਮੇਂ ਖਿੜਕੀਆਂ ਖੁੱਲ੍ਹੀਆਂ ਰੱਖੀਆਂ ਜਾਣ। ਗਿੱਲੇ ਕੱਪੜਿਆ ਦਾ ਪ੍ਰਯੋਗ ਕੀਤਾ ਜਾਵੇ ਅਤੇ ਰੋਜ਼ਾਨਾ ਠੰਡੇ ਪਾਣੀ ਨਾਲ ਨਹਾਇਆ ਜਾਵੇ। ਜੇਕਰ ਕਿਸੇ ਵਿਅਕਤੀ ਨੂੰ ਲੂ ਲੱਗ ਜਾਂਦੀ ਹੈ ਤਾਂ ਤੁਰੰਤ ਵਿਅਕਤੀ ਨੂੰ ਛਾਂ ਹੇਠਾਂ ਠੰਡੀ ਜਗ੍ਹਾ ’ਤੇ ਲਿਟਾ ਕੇ, ਗਿੱਲੇ ਕੱਪੜੇ ਨਾਲ ਉਸਦੇ ਸਰੀਰ ਨੂੰ ਸਾਫ ਕਰੋ, ਸਿਰ ਵਿਚ ਆਮ ਤਾਪਮਾਨ ਵਾਲਾ ਪਾਣੀ ਪਾਉ ਤਾਂ ਜੋ ਵਿਅਕਤੀ ਦੇ ਸਰੀਰ ਦਾ ਤਾਪਮਾਨ ਘੱਟ ਕੀਤਾ ਜਾ ਸਕੇ। ਵਿਅਕਤੀ ਨੂੰ ਓ.ਆਰ.ਐਸ. ਘੋਲ, ਨਿੰਬੂ ਪਾਣੀ, ਚੌਲਾਂ ਦਾ ਪਾਣੀ ਅਤੇ ਲੱਸੀ ਆਦਿ ਦਿੱਤੀ ਜਾਵੇ। ਵਿਅਕਤੀ ਨੂੰ ਜਲਦੀ ਤੋਂ ਜਲਦੀ ਨੇੜੇ ਦੇ ਹੈਲਥ ਕੇਅਰ ਸੈਂਟਰ ਵਿੱਚ ਲਿਜਾਇਆ ਜਾਵੇ। ਜ਼ਿਆਦਾ ਦਿੱਕਤ ਆਉਣ ’ਤੇ ਮਰੀਜ਼ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਇਆ ਜਾਵੇ ਕਿਉਂਕਿ ਲੂ ਜਾਨਲੇਵਾ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਠੰਡੇ ਵਾਤਾਵਰਣ ਵਿੱਚੋਂ ਆਏ ਵਿਅਕਤੀਆਂ ਨੂੰ ਗਰਮ ਵਾਤਾਵਰਣ ਦੇ ਅਨੁਕੂਲ ਬਣਾਉਣਾ ਲਾਜ਼ਮੀ ਹੈ। ਇਸ ਤਰ੍ਹਾਂ ਦੇ ਵਿਅਕਤੀ ਜੋ ਕਿਸੇ ਇਸ ਤਰ੍ਹਾਂ ਦੇ ਸਥਾਨ ਤੋਂ ਜਿੱਥੇ ਬਹੁਤ ਜਿਆਦਾ ਘੱਟ ਤਾਪਮਾਨ ਰਹਿੰਦਾ ਹੈ ਅਤੇ ਉਹ ਅਚਾਨਕ ਇੱਥੋਂ ਦੇ ਗਰਮ ਵਾਤਾਵਰਣ ਵਿੱਚ ਆਏ ਹਨ, ਉਨ੍ਹਾਂ ਨੂੰ ਘੱਟੋਂ ਘੱਟ ਇੱਕ ਹਫ਼ਤਾ ਬਾਹਰ ਧੁੱਪ ਵਿੱਚ ਜਾਂ ਗਰਮ ਵਾਤਾਵਰਣ ਵਿੱਚ ਨਹੀਂ ਜਾਣਾ ਚਾਹੀਦਾ ਤਾਂ ਜੋ ਹਫਤੇ ਵਿੱਚ ਉਨ੍ਹਾਂ ਦਾ ਸ਼ਰੀਰ ਹੋਲੀ ਹੋਲੀ ਗਰਮ ਵਾਤਾਵਰਣ ਦੇ ਅਨੁਕੂਲ ਹੋ ਸਕੇ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।
ਐਸ.ਡੀ.ਐਮ. ਨੇ ਸਮੂਹ ਸੈਕਟਰ ਅਫ਼ਸਰਾਂ, ਚੋਣ ਅਮਲੇ ਅਤੇ ਵੋਟਰਾਂ ਨੂੰ ਗਰਮ ਲੂ ਤੋਂ ਬਚਾਅ ਸਬੰਧੀ ਐਡਵਾਇਜ਼ਰੀ ਤੋਂ ਜਾਣੂ ਕਰਵਾਇਆ
Highlights
- #mansanews
Leave a comment