ਕੈਂਪ ਦੌਰਾਨ ਪ੍ਰਾਪਤ ਹੋਈਆਂ 66 ਦਰਖ਼ਾਸਤਾਂ ’ਚੋਂ 63 ਦਾ ਮੌਕੇ ’ਤੇ ਕੀਤਾ ਨਿਪਟਾਰਾ-ਨਿਤੇਸ਼ ਜੈਨ
23 ਜੁਲਾਈ (ਕਰਨ ਭੀਖੀ) ਮਾਨਸਾ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਘਰਾਂ ਨੇੜੇ ਸਪੈਸ਼ਲ ਕੈਂਪ ਲਗਾ ਕੇ ਉਨ੍ਹਾਂ ਦੀਆਂ ਸਾਂਝੀਆਂ, ਨਿੱਜੀ ਅਤੇ ਜਾਇਜ਼ ਸਮੱਸਿਆਵਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਜਾਂਦਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਝੁਨੀਰ ਵਿਖੇ ਲਗਾਏ ਗਏ ਲੋਕ ਭਲਾਈ ਕੈਂਪ ਦੌਰਾਨ ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ ਨੇ ਸਾਂਝੀ ਕੀਤੀ। ਉਨ੍ਹਾਂ ਇਸ ਮੌਕੇ ਝੁਨੀਰ ਦੇ ਨਾਲ ਨਾਲ ਨੇੜਲੇ ਪਿੰਡਾਂ ਚੈਨੇਵਾਲਾ, ਮਾਖੇਵਾਲਾ, ਫਤਿਹਪੁਰ, ਘੁਰਕਣੀ, ਮੋਢਾ, ਮੋਫਰ, ਦਾਨੇਵਾਲਾ, ਸਾਹਨੇਵਾਲੀ ਅਤੇ ਘੁੱਦੂਵਾਲਾ ਪਿੰਡਾਂ ਤੋਂ ਆਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।
ਉਨ੍ਹਾਂ ਜਿੱਥੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਕੰਮ ਲੈ ਕੇ ਆਏ ਲੋਕਾਂ ਦਾ ਮਾਰਗਦਰਸ਼ਨ ਕੀਤਾ ਉੱਥੇ ਹੀ ਉਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਪ੍ਰਾਪਤ 66 ਦਰਖ਼ਾਸਤਾਂ ’ਚੋਂ 63 ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਰਹਿੰਦੀਆਂ 03 ਦਰਖ਼ਾਸਤਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਐਸ.ਡੀ.ਐਮ. ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਇਨ੍ਹਾਂ ਕੈਂਪਾਂ ਦਾ ਲਾਹਾ ਜ਼ਰੂਰ ਲੈਣ ਅਤੇ ਆਪਣੀਆਂ ਸਮੱਸਿਆਵਾਂ ਸਬੰਧੀ ਲਿਖਤੀ ਦਰਖ਼ਾਸਤਾਂ ਲਿਆਉਣੀਆਂ ਯਕੀਨੀ ਬਣਾਉਣ ਤਾਂ ਜੋ ਯੋਗ ਪ੍ਰਕਿਰਿਆ ਰਾਹੀਂ ਸਮਾਂਬੱਧ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਸਕੇ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ, ਨਾਇਬ ਤਹਿਸੀਲਦਾਰ ਝੁਨੀਰ ਦਰਸ਼ਨ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।