30 ਜੁਲਾਈ (ਗਗਨਦੀਪ ਸਿੰਘ) ਬਠਿੰਡਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਅਤੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਨੇ ਜ਼ਮੀਨੀ ਪੱਧਰ ‘ਤੇ ਊਰਜਾ ਕੁਸ਼ਲਤਾ ਵਧਾਉਣ ਤੇ ਸੰਭਾਲ ਦੀ ਪਹਿਲਕਦਮੀ ਕਰਦਿਆਂ ਕਿਸਾਨਾਂ ਲਈ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਗੁਰਦੀਪ ਸਿੰਘ ਸਿੱਧੂ ਨੇ ਖੇਤੀ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਮਿਲਾਉਣ ਲਈ ਵੱਖ-ਵੱਖ ਤਕਨੀਕਾਂ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵਾਤਾਵਰਨ ਵਿੱਚ ਆ ਰਹੀਆਂ ਤਬਦੀਲੀਆਂ ਅਤੇ ਗਰੀਨ ਹਾਊਸ ਗੈਸ ਦੇ ਲਗਾਤਾਰ ਹੋ ਰਹੇ ਵਾਧੇ ਨੂੰ ਨਿਯੰਤਰਣ ਕਰਨ ਲਈ ਊਰਜਾ ਅਤੇ ਲੇਬਰ ਦੀ ਬੱਚਤ ਸਬੰਧੀ ਵੱਖ-ਵੱਖ ਵਿਧੀਆਂ ਬਾਰੇ ਬਰੀਕੀ ਨਾਲ ਦੱਸਿਆ।
ਇਸ ਦੌਰਾਨ ਵਿਸ਼ਾ ਵਸਤੂ ਮਾਹਿਰ ਬਿਊਰੋ ਆਫ ਐਨਰਜੀ ਐਫੀਸੀਐਂਸੀ ਸ੍ਰੀ ਰਾਹੁਲ ਨੇ ਊਰਜਾ ਦੀ ਬੱਚਤ ਲਈ ਵੱਖ-ਵੱਖ ਸਬਸਿਡੀ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਲਘੂ ਉਦਯੋਗ, ਖੇਤੀ ਅਤੇ ਘਰੇਲੂ ਪੱਧਰ ‘ਤੇ ਊਰਜਾ ਨੂੰ ਬਚਾਉਣ ਲਈ ਸਹੀ ਅਤੇ ਯੋਗ ਪਾਈਪਾਂ, ਪਾਣੀ ਨੂੰ ਬਚਾਉਣ ਲਈ ਮਲਚਿੰਗ, ਡਰਿੱਪ ਸਿੰਚਾਈ ਆਦਿ ਦੀ ਵਰਤੋਂ ਨੂੰ ਤਰਜੀਹ ਦੇਣ ਸਬੰਧੀ ਉਤਸਾਹਿਤ ਕੀਤਾ।
ਪ੍ਰੋਗਰਾਮ ਕੋਆਰਡੀਨੇਟਰ ਸ੍ਰੀ ਕਰਨ ਕੰਧਾਰੀ ਨੇ ਘਰੇਲੂ ਬਿਜਲੀ ਉਪਕਰਨਾਂ ਦੀ ਯੋਗ ਵਰਤੋਂ ਅਤੇ ਘਰੇਲੂ ਪੱਧਰ ‘ਤੇ ਊਰਜਾ ਦੀ ਬੱਚਤ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਸ੍ਰੀ ਰਵਿੰਦਰਪਾਲ ਸਿੰਘ ਅਤੇ ਸ੍ਰੀ ਅਸੀਮ ਕੁਮਾਰ, ਭੂਮੀ ਰੱਖਿਆ ਅਫਸਰ ਨੇ ਭੂਮੀ ਅਤੇ ਜਲ ਸਰੋਤ ਵਿਭਾਗ ਦੁਆਰਾ ਪਾਣੀ ਦੀ ਬੱਚਤ ਸੰਬੰਧੀ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਵਿਸਥਾਰਪੂਰਵਕ ਦੱਸਿਆ।
ਇਸ ਮੌਕੇ ਸਹਾਇਕ ਪ੍ਰੋਫੈਸਰ ਫਲ ਵਿਗਿਆਨ ਡਾ. ਸਰਵਪ੍ਰਿਆ ਸਿੰਘ ਨੇ ਤੁਪਕਾ ਸਿੰਚਾਈ ਵਿਧੀ ਦੀ ਖੇਤੀ ਵਿੱਚ ਮਹੱਤਤਾ ਤੇ ਇਸ ਵਿਧੀ ਦੁਆਰਾ ਪਾਣੀ ਦੀ ਬੱਚਤ ਬਾਰੇ ਦੱਸਿਆ। ਪੇਡਾ ਵੱਲੋਂ ਇਸ ਊਰਜਾ ਬਚਾਉਣ ਦੇ ਮਿਸ਼ਨ ਤਹਿਤ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਪੇਡਾ ਦੀ ਇਹ ਮੁਹਿੰਮ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਚਲਾਈ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਕਿਸਾਨ ਇਸ ਦਾ ਲਾਭ ਲੈ ਸਕਣ।
ਇਸ ਮੌਕੇ ਲਗਪਗ 60 ਕਿਸਾਨਾਂ ਅਤੇ ਖੇਤੀਬਾੜੀ ਨਾਲ ਸਬੰਧਿਤ ਲਾਭਪਾਤਰੀਆਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ।