ਸਿੱਖਿਆ ਅਤੇ ਕਲਾ ਮੰਚ ਪੰਜਾਬ ਨੇ ਵੀ ਕੀਤਾ ਖੁਸ਼ੀ ਦਾ ਪ੍ਰਗਟਾਵਾ
ਮਾਨਸਾ 16 ਨਵੰਬਰ: ਨਾਨਕ ਸਿੰਘ ਖੁਰਮੀ
ਉਘੀ ਲੇਖਿਕਾ ਡਾ.ਵਨੀਤਾ ਨੂੰ ਸਾਰਕ ਸਾਹਿਤ ਐਵਾਰਡ ਮਿਲਣ ‘ਤੇ ਵੱਖ-ਵੱਖ ਸਾਹਿਤਕ ਅਤੇ ਸਭਿਆਚਾਰ ਸੰਸਥਾਵਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਡਾ. ਵਨੀਤ, ਪੰਜਾਬੀ ਦੀ ਉੱਘੇ ਸ਼ਾਇਰਾ, ਚਿੰਤਕ, ਆਲੋਚਕ, ਅਨੁਵਾਦਕ ਤੇ ਸੰਪਾਦਕ ਹਨ।ਉਹਨਾਂ ਦੀਆਂ 60 ਦੇ ਕਰੀਬ ਕਿਤਾਬਾਂ ਪ੍ਰਕਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਦੀ ਕਾਵਿ-ਕਿਤਾਬ “ਕਾਲ ਪਹਿਰ ਘੜੀਆਂ” ਨੂੰ ਭਾਰਤੀ ਸਾਹਿਤ ਅਕਾਦਮੀ ਦਾ ਵਕਾਰੀ ਅਵਾਰਡ ਮਿਲ ਚੁੱਕਾ ਹੈ। ਆਪਣੀਆਂ ਕਵਿਤਾਵਾਂ ਵਿਚ ਉਹ ਪਾਠਕ ਅੰਦਰ ਸੰਵੇਦਨਾ ਦੀ ਭਾਵਨਾ ਜਾਗਰਿਤ ਕਰਕੇ, ਚੰਗਾ ਮਨੁੱਖ ਬਣਨ ਲਈ ਪ੍ਰੇਰਿਤ ਕਰਦੇ ਹਨ।ਉਨ੍ਹਾਂ ਨੂੰ “ਭਾਰਤੀ ਸਾਹਿਤ ਅਕਾਦਮੀ” ਦਾ ਅਨੁਵਾਦ ਪੁਰਸਕਾਰ ਵੀ ਪ੍ਰਾਪਤ ਹੋ ਚੁੱਕਾ ਹੈ।ਇਸ ਤੋਂ ਇਲਾਵਾ ਡਾ. ਵਨੀਤਾ ਹੋਰਾਂ ਨੂੰ ਵੱਖ ਵੱਖ ਵਕਾਰੀ ਸੰਸਥਾਵਾਂ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੀਆਂ ਕਿਤਾਬਾਂ ਹਿੰਦੋਸਤਾਨ ਦੀਆਂ ਕਈ ਯੂਨੀਵਰਸਿਟੀਆਂ ਦੇ ਪਾਠਕ੍ਰਮ ਦਾ ਹਿੱਸਾ ਹਨ। ਉਨ੍ਹਾਂ ਦੀਆਂ ਕਵਿਤਾਵਾਂ ਦਾ ਕਈ ਦੇਸੀ ਵਿਦੇਸ਼ੀ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਾ ਹੈ। ਉਹ ਗੁਰਮਤਿ ਸੰਗੀਤ ਦੇ ਵੀ ਉੱਘੇ ਗਿਆਤਾ ਹਨ।ਉਹ “ਭਾਰਤੀ ਸਾਹਿਤ ਅਕਾਦਮੀ” ਵਿਚ ਪੰਜਾਬੀ ਸਲਾਹਕਾਰ ਬੋਰਡ ਦੇ ਕਨਵੀਨਰ ਰਹਿ ਚੁੱਕੇ ਹਨ। ਅਕਾਦਮਿਕ ਤੌਰ ‘ਤੇ ਉਹ ਐਸੋਸੀਏਟ ਪ੍ਰੋਫੈਸਰ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ। ਡਾ. ਵਨੀਤਾ ਨੂੰ “ਫਾਊਂਡੇਸ਼ਨ ਆਫ਼ ਸਾਰਕ ਰਾਈਟਰਜ਼ ਐਂਡ ਲਿਟਰੇਚਰ” ਵੱਲੋਂ ਦਿੱਤੇ ਜਾਂਦੇ ਅੰਤਰਰਾਸ਼ਟਰੀ ਪੱਧਰ ਦੇ ਸਨਮਾਨ “ਸਾਰਕ ਸਾਹਿਤ ਅਵਾਰਡ” 2024 ਪ੍ਰਾਪਤ ਹੋਇਆ ਹੈ; ਉਹ ਪਹਿਲੇ ਅਜਿਹੇ ਪੰਜਾਬੀ ਲੇਖਕ ਨੇ ਜਿਨ੍ਹਾਂ ਨੂੰ ਇਹ ਸਨਮਾਨ ਮਿਲਿਆ ਹੈ। ਇਹ ਸੰਸਥਾ ਉੱਘੀ ਲੇਖਿਕਾ ਅਜੀਤ ਕੋਰ ਦੁਆਰਾ ਸੰਚਾਲਿਤ ਕੀਤੀ ਜਾਂਦੀ। ਇਹ ਸਨਮਾਨ ਉੱਘੇ ਵਾਤਾਵਰਨ ਪ੍ਰੇਮੀ ਪਦਮ ਸ਼੍ਰੀ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਂਚੇਵਾਲ ਅਤੇ ਜਸਟਿਸ ਵਨੀਤ ਕੋਠਾਰੀ ਹੱਥੋਂ, ਅੱਜ ਅਕੈਡਮੀ ਆਫ਼ ਆਰਟਸ, ਨਵੀਂ ਦਿੱਲੇ ਵਿਖੇ ਉਹਨਾਂ ਨੂੰ ਪ੍ਰਾਪਤ ਹੋਇਆ।
ਸਿੱਖਿਆ ਅਤੇ ਕਲਾ ਮੰਚ ਪੰਜਾਬ, ਸਵਪਨ ਫਾਊਂਡੇਸ਼ਨ, ਵੱਲੋਂ ਇਕ ਯੋਗ ਉਮੀਦਵਾਰ ਡਾ. ਵਨੀਤਾ ਨੂੰ ਸਨਮਾਨ ਦੇਣ ਦੀ ਸ਼ਲਾਘਾ ਕੀਤੀ। ਸਿੱਖਿਆ ਅਤੇ ਕਲਾ ਮੰਚ ਪੰਜਾਬ ਦੇ ਪ੍ਰਧਾਨ ਹਰਦੀਪ ਸਿੱਧੂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਨਮਾਨ ਲੇਖਕ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਹੋਰਾਂ ਲੋਕਾਂ ਨੂੰ ਵਧੀਆ ਕਾਰਜ ਕਰਨ ਲਈ ਪ੍ਰੇਰਿਤ ਕਰਦੇ ਹਨ।