ਉਮਰਾਂ ਤੋਂ ਵੀ ਲੰਮੀ ਯਾਰਾ (ਗੀਤ
ਉਮਰਾਂ ਤੋਂ ਵੀ ਲੰਮੀ ਯਾਰਾ
ਮੁੱਕੀ ਕਾਲੀ ਰਾਤ ਹਿਜਰ ਦੀ
ਦਿਨ-ਚੜ੍ਹਿਆ ਇਕਰਾਰ ਦਾ ।
ਪੂਰਬ-ਬੂਹੇ ਨੂੰ ਖੜਕਾ ਕੇ,
ਦਿਨ ਦਾ ਰਾਜਾ ਨਿਕਲ ਤੁਰਿਆ
‘ਨ੍ਹੇਰੇ ਨੂੰ ਵੰਗਾਰਦਾ ।
ਔਹ ! ਇਕ ਪੰਛੀ ਟਾਹਣੀ ਉਤੇ
ਬੈਠਾ ਗਾਵੇ ਗੀਤ ਸੁਰੀਲਾ
ਦਏ ਸੰਦੇਸ਼ ਬਹਾਰ ਦਾ ।
ਦਿਲ ਦੇ ਹਰਿਮੰਦਰ ਵਿਚ ਗੂੰਜੇ
ਬਾਣੀ ਵਰਗਾ ਬੋਲ ਕਿਸੇ ਦਾ
ਤਪਸ਼ ਬ੍ਰਿਹੋਂ ਦੀ ਠਾਰਦਾ ।
ਪੌਣਾਂ ਵਿੱਚ ਤਰਨ ਖੁਸ਼ਬੋਆਂ
ਘੜੀ ਸੁਹਾਣੀ ਹੁੰਦਾ ਜਾਵੇ,
ਸੂਹਾ ਮੁੱਖ ਪਿਆਰ ਦਾ ।
ਅੱਖ ਅੰਬਰ ਦੀ ਸੂਹੇ ਡੋਰੇ
ਹੱਥ ਕਿਸੇ ਦਾ ਰਾਹਾਂ ਉਤੇ,
ਮਹਿਕਾਂ ਪਿਆ ਖਿਲਾਰਦਾ ।
ਆਖਰ ਪੁਗੇ ਕੌਲ ਇਸ਼ਕ ਦੇ
ਸੂਰਜ ਧਰਤੀ ਦੇ ਸਿਰ ਉਤੋਂ
ਕਿਰਨਾਂ-ਮੋਤੀ ਵਾਰਦਾ ।
ਹਰਭਜਨ ਹੁੰਦਲ ਜੀ