ਆਦਿ ਕਥਨ
ਇਸ ਕਹਾਣੀ ਦੀ ਪਿਠਭੂਮੀ ਅੱਜ ਤੋਂ ਤਕਰੀਬਨ ਸਾਡੇ ਤਿੰਨ ਹਜ਼ਾਰ ਵਰ੍ਹੇ ਪਹਿਲਾਂ ਤ੍ਰੈਗਰਤ ਰਾਜ ਦੀ ਹੈ ਜਿਸ ਦਾ ਖੇਤਰ ਅੱਜਕਲ੍ਹ ਦੇ ਹੁਸ਼ਿਆਰਪੁਰ ਅਤੇ ਕਾਂਗੜਾ ਦੇ ਆਲੇ-ਦੁਆਲੇ ਦਾ ਖੇਤਰ ਹੈ। ਇਕਲਵਅ ਹੁਸ਼ਿਆਰਪੁਰ ਅਤੇ ਦਸੂਹਾ ਵਿਚਕਾਰ ਵਸਦੇ ਢੋਲਬਾਹ (ਅੱਜਕਲ੍ਹ ਦਾ ਢੋਲਬਾਹਾ) ਦਾ ਰਹਿਣ ਵਾਲਾ ਸੀ।
ਮੇਰਾ ਨਾਂ ਇਕਲਵਅ ਹੈ। ਅਸੁਰਾਂ ਦੀ ਕਿਰਾਤ ਜਾਤੀ ਦੇ ਸਰਦਾਰ ਹਿਰਨਧਾਨੂੰ ਦਾ ਪੁੱਤਰ ਇਕਲਵਅ। ਜੇ ਮੈਂ ਆਰੀਆ ਹੁੰਦਾ, ਛੱਤਰੀ-ਪੁੱਤਰ ਹੁੰਦਾ ਤਾਂ ਸ਼ਾਇਦ ਮੇਰੇ ਬਾਰੇ ਮਹਾਂਭਾਰਤ ਵਿੱਚ ਬਹੁਤ ਕੁਝ ਲਿਿਖਆ ਜਾਣਾ ਸੀ। ਇਹ ਵੀ ਸੰਭਵ ਹੈ ਕਿ ਦੋ੍ਰਣਾਚਾਰੀਆ ਗੁਰੂ-ਦੱਖਨਾ ਦੇ ਬਹਾਨੇ ਮੇਰੇ ਕੋਲੋਂ ਮੇਰਾ ਅੰਗੂਠਾ ਨਾ ਮੰਗਦੇ ਤੇ ਮੈਂ ਅਰਜੁਨ ਵਾਂਗ ਜਾਂ ਉਸ ਤੋਂ ਵੀ ਵੱਡਾ ਧਨੁੱਖਧਾਰੀ ਕਹਾਇਆ ਜਾਂਦਾ।
ਪਰ ਇਹ ਸਭ ਕੁਝ ਮੇਰੇ ਭਾਗਾਂ ਵਿੱਚ ਨਹੀਂ ਸੀ। ਆਪਣਾ ਅੰਗੂਠਾ ਕਟਵਾ ਕੇ ਮੈਂ ਘਰ ਬੈਠ ਗਿਆ ਹੋਵਾਂ ਜਾਂ ਮੱਝਾਂ ਚਰਾਉਂਦਿਆਂ ਆਪਣਾ ਜੀਵਨ ਬਿਤਾ ਦਿੱਤਾ ਹੋਵੇ, ਇਹ ਵੀ ਨਹੀਂ ਹੋਇਆ। ਤੁਸੀਂ ਚਾਹੇ ਜੋ ਵੀ ਕਹੋ ਪਰ ਮੈਂ ਅਰਜੁਨ ਵਰਗਾ ਬੰਦਾ ਬਹੁਤ ਘੱਟ ਵੇਖਿਆ ਹੈ ਜੋ ਉੱਪਰੋਂ ਕੁਝ ਹੋਰ ਅਤੇ ਅੰਦਰੋਂ ਕੁਝ ਹੋਰ ਸੀ। ਮੈਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਮੈਂ ਜੀ ਭਰ ਕੇ ਅਰਜੁਨ ਤੋਂ ਆਪਣਾ ਬਦਲਾ ਲਿਆ। ਜੇ ਸ਼ਿਕਾਇਤ ਹੈ ਤਾਂ ਮੈਨੂੰ ਵਿਆਸ ਰਿਸ਼ੀ ਤੋਂ ਕਿ ਉਨ੍ਹਾਂ ਨੇ ਮੇਰੀ ਉਸ ਅੰਗੂਠੇ ਵਾਲੀ ਘਟਨਾ ਦੇ ਉਪਰੰਤ ਕਿਤੇ ਵੀ ਮੇਰਾ ਜ਼ਿਕਰ ਕਰਨਾ ਉਚਿਤ ਨਹੀਂ ਸਮਝਿਆ ਕਿਉਂਕਿ ਉਸ ਨਾਲ ਉਨ੍ਹਾਂ ਦੇ ਆਰੀਆ ਅਭਿਮਾਨ ਨੂੰ ਠੇਸ ਪਹੁੰਚਦੀ ਸੀ।
ਹੁਣ ਮੈਂ ਤੁਹਾਨੂੰ ਸੰਖੇਪ ਵਿੱਚ ਦੱਸਦਾ ਹਾਂ ਕਿ ਮੇਰੇ ਨਾਲ ਕੀ ਕੀ ਬੀਤੀ ਅਤੇ ਕਿਵੇਂ ਮੈਂ ਮਹਾਂਭਾਰਤ ਯੁੱਧ ਵਿੱਚ ਅਰਜੁਨ ਤੋਂ ਬਦਲਾ ਲਿਆ ਅਤੇ ਉਸ ਦੇ ਪੁੱਤਰ ਅਭਿਮੰਨਯੂ ਦੀ ਮੌਤ ਦਾ ਕਾਰਨ ਬਣਿਆ।
ਮੈਂ ਤੁਹਾਨੂੰ ਸ਼ੁਰੂ ਤੋਂ ਹੀ ਦੱਸਦਾ ਹਾਂ। ਬਚਪਨ ਤੋਂ ਮੈਨੂੰ ਧਨੁੱਖ-ਬਾਣ ਚਲਾਉਣ ਅਤੇ ਸ਼ਿਕਾਰ ਖੇਡਣ ਦਾ ਸ਼ੌਕ ਸੀ। ਗੁਆਂਢੀ ਆਰੀਆ ਰਾਜਿਆਂ ਅਤੇ ਕਦੀ ਕਦੀ ਆਪਣੇ ਹੀ ਅਸੁਰ ਰਾਜਿਆਂ ਨਾਲ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਮੇਰੇ ਪਿਤਾ ਚਾਹੁੰਦੇ ਸਨ ਕਿ ਮੈਂ ਇੱਕ ਨਿਪੁੰਨ ਧਨੁੱਖਧਾਰੀ ਅਤੇ ਵੀਰ ਯੋਧਾ ਬਣਾਂ। ਉਨ੍ਹੀਂ ਦਿਨੀਂ ਹਿਮਾਚਲ ਦੇ ਪਰਬਤਾਂ ਤੋਂ ਪਾਰ, ਕਿਸੇ ਦੂਰ ਦੇਸ ਤੋਂ ਮਿਤਾਨੀ ਜਾਤੀ ਦੇ ਕੁਝ ਯੋਧਾ ਇਸ ਪਾਸੇ ਆ ਨਿਕਲੇ। ਉਨ੍ਹਾਂ ਵਿੱਚੋਂ ਹੀ ‘ਮਹਾਸੁਰ’ ਨਾਂ ਦੇ ਇੱਕ ਬਿਰਧ ਧਨੁੱਖਧਾਰੀ ਤੋਂ ਮੈਂ ਸ਼ਸਤਰ ਵਿੱਦਿਆ ਪ੍ਰਾਪਤ ਕੀਤੀ ਅਤੇ ਚੌਦਾਂ ਵਰ੍ਹੇ ਦਾ ਹੋਣ ਤੱਕ ਮੈਂ ਇੱਕ ਨਿਪੁੰਨ ਧਨੁੱਖਧਾਰੀ ਬਣ ਗਿਆ।
ਜਿਨ੍ਹਾਂ ਦਿਨਾਂ ਦੀ ਇਹ ਗੱਲ ਹੈ, ਉਨ੍ਹੀਂ ਦਿਨੀਂ ਮੈਂ ਆਪਣੇ ਪਿੰਡ ਢੋਲਬਾਹ ਤੋਂ ਜਮੁਨਾ ਨਦੀ ਕੰਢੇ ਵਸਦੇ ਆਪਣੇ ਮਾਮੇ ਦੇ ਪਿੰਡ ਗਿਆ ਹੋਇਆ ਸੀ। ਇੱਕ ਦਿਨ ਮੈਂ ਅਤੇ ਮੇਰੇ ਮਾਮੇ ਦਾ ਪੁੱਤਰ ਇੱਕ ਲੂੰਬੜੀ ਦਾ ਪਿੱਛਾ ਕਰਦਿਆਂ ਜਮੁਨਾ ਨਦੀ ਤੱਕ ਪਹੁੰਚ ਗਏ। ਉੱਥੇ, ਨਦੀ ਕੰਢੇ ਮੈਂ ਇੱਕ ਗਰੀਬੜਾ ਜਿਹਾ ਬ੍ਰਾਹਮਣ ਪਰਿਵਾਰ ਵੇਖਿਆ। ਇਨ੍ਹਾਂ ਵਿੱਚ ਦੋ ਛੋਟੇ ਛੋਟੇ ਬੱਚੇ ਵੀ ਸਨ। ਇੱਕ ਬੱਚਾ ਰੋ ਰਿਹਾ ਸੀ ਅਤੇ ਦੁੱਧ ਪੀਣ ਦੀ ਜ਼ਿਦ ਕਰ ਰਿਹਾ ਸੀ।
ਮੈਨੂੰ ਉਨ੍ਹਾਂ ‘ਤੇ ਤਰਸ ਆਇਆ। ਮੈਂ ਜਾ ਕੇ ਆਖਿਆ: “ਤੁਸੀਂ ਐਵੇਂ ਕਿਉਂ ਰੁਆਈ ਜਾ ਰਹੇ ਹੋ, ਇਸ ਬਾਲ ਨੂੰ?”
ਉਨ੍ਹਾਂ ਦੱਸਿਆ ਕਿ ਉਹ ਗਰੀਬ ਮੁਸਾਫ਼ਰ ਹਨ ਅਤੇ ਕੁਝ ਚੌਲਾਂ ਦੇ ਦਾਣਿਆਂ ਦੇ ਇਲਾਵਾ ਉਨ੍ਹਾਂ ਕੋਲ ਖਾਣ ਲਈ ਹੋਰ ਕੁਝ ਨਹੀਂ। ਉਹ ਚੌਲਾਂ ਦੀ ਪਿੱਛ ਕੱਢ ਕੇ ਆਪਣੇ ਬੱਚੇ ਨੂੰ ਦੁੱਧ ਦਾ ਭੁਲੇਖਾ ਪਾਉਣ ਦਾ ਯਤਨ ਕਰ ਰਹੇ ਸਨ ਤੇ ਬੱਚਾ ਕਹਿ ਰਿਹਾ ਸੀ ਕਿ ਉਹ ਜਾਣਦਾ ਹੈ, ਇਹ ਦੁੱਧ ਨਹੀਂ ਚੌਲਾਂ ਦੀ ਪਿੱਛ ਹੈ।
ਮੈਂ ਦੌੜਿਆ ਦੌੜਿਆ ਆਪਣੇ ਮਾਮੇ ਕੋਲ ਗਿਆ ਅਤੇ ਉਸ ਨੂੰ ਉਨ੍ਹਾਂ ਗਰੀਬ ਬ੍ਰਾਹਮਣਾਂ ਦੀ ਦੁਰਦਸ਼ਾ ਬਾਰੇ ਦੱਸਿਆ।
ਕੁਝ ਖਾਣ-ਪੀਣ ਦੀ ਸਮੱਗਰੀ ਲੈ ਕੇ ਜਦ ਮੈਂ ਆਪਣੇ ਮਾਮੇ ਨਾਲ ਜਮੁਨਾ ਕੰਢੇ ਪਹੁੰਚਿਆ ਤਾਂ ਵੇਖਿਆ, ਬ੍ਰਾਹਮਣ ਦਾ ਉਹ ਮੁੰਡਾ ਧਰਤੀ ‘ਤੇ ਬੇਸੁਧ ਪਿਆ ਸੀ। ਉਸ ਦੀ ਪਤਨੀ ਵਿਰਲਾਪ ਕਰ ਰਹੀ ਸੀ ਅਤੇ ਉਹ ਬ੍ਰਾਹਮਣ ਆਪਣੇ ਪੁੱਤਰ ਨੂੰ ਮਰ ਗਿਆ ਜਾਣ ਕੇ ਇਸ ਦੁਖ ਨੂੰ ਨਾ ਸਹਿਣ ਕਰਦਿਆਂ ਜਮੁਨਾ ਨਦੀ ‘ਚ ਛਾਲ ਮਾਰ ਕੇ ਆਤਮ-ਹੱਤਿਆ ਕਰਨ ਵਾਲਾ ਸੀ।
ਮੇਰੇ ਮਾਮੇ ਨੇ ਭੁੰਜੇ ਪਏ ਮੁੰਡੇ ਦੀ ਨਬਜ਼ ਟਟੋਲੀ ਤੇ ਫੇਰ ਬ੍ਰਾਹਮਣ ਨੂੰ ਸੰਬੋਧਿਤ ਹੋ ਕੇ ਬੋਲਿਆ: “ਇਹ ਮਰਿਆ ਨਹੀਂ। ਕੇਵਲ ਬੇਸੁਧ ਹੋ ਗਿਆ ਹੈ – ਭੁੱਖ ਕਾਰਨ।”
ਅਸੀਂ ਉਸ ਬੱਚੇ ਅਤੇ ਸਾਰੇ ਪਰਿਵਾਰ ਨੂੰ ਦੁੱਧ ਪਿਲਾਇਆ ਅਤੇ ਆਪਣੇ ਘਰ ਲੈ ਆਏ।
ਇਸ ਆਰੀਆ ਬ੍ਰਾਹਮਣ ਦਾ ਨਾਮ ਦ੍ਰੋਣ ਸੀ, ਉਸਦੀ ਪਤਨੀ ਦਾ ਨਾਮ ਕਿਰਪੀ ਅਤੇ ਪੁੱਤਰ ਦਾ ਨਾਮ ਅਸ਼ਵਥਾਮਾ ਸੀ।
ਇਹ ਜਿਸ ਆਸ਼ਰਮ ‘ਚ ਰਹਿੰਦੇ ਸਨ ਉੱਥੇ ਭੁੱਖਮਰੀ ਦੇ ਹਾਲਾਤ ਹੋ ਜਾਣ ਕਾਰਨ ਇਹ ਬ੍ਰਾਹਮਣ ਦ੍ਰੋਣ ਆਪਣੇ ਪੁਰਾਣੇ ਮਿੱਤਰ ਪੰਚਾਲ ਦੇਸ਼ ਦੇ ਰਾਜਾ ਦਰੋਪਦ ਕੋਲ ਜਾ ਰਹੇ ਸਨ। ਇਹ ਬਹੁਤ ਦਿਨ ਤੱਕ ਸਾਡੇ ਪਿੰਡ ਸਾਡੇ ਕੋਲ ਰਹੇ। ਸਾਡੇ ਕੋਲ ਬਹੁਤ ਗਾਈਆਂ, ਮੱਝਾਂ ਸਨ। ਜੰਗਲ ਵਿੱਚ ਨਾ ਸ਼ਿਕਾਰ ਦੀ ਘਾਟ, ਨਾ ਫਲਾਂ ਦੀ। ਦ੍ਰੋਣ ਆਪ ਬਹੁਤ ਨਿਪੁੰਨ ਧਨੁੱਖਧਾਰੀ ਸਨ। ਧਨੁੱਖ ਵਿੱਦਿਆ ‘ਚ ਮੇਰੀ ਏਨੀ ਰੁਚੀ ਵੇਖ ਕੇ ਉਨ੍ਹਾਂ ਮੈਨੂੰ ਬਹੁਤ ਕੁਝ ਸਿਖਾਇਆ ਅਤੇ ਅੱਗੇ ਲਈ ਅਭਿਆਸ ਕਰਨ ਲਈ ਬਹੁਤ ਕੁਝ ਦੱਸ ਕੇ ਪੰਚਾਲ ਦੇਸ਼ ਵੱਲ ਤੁਰ ਪਏ। ਕੁਝ ਦਿਨ ਬਾਅਦ ਮੈਂ ਵੀ ਆਪਣੇ ਪਿੰਡ ਢੋਲਬਾਹ ਆ ਗਿਆ।
ਮੇਰਾ ਮਿਤਾਨੀ ਗੁਰੂ ‘ਮਹਾਸੁਰ’ ਮੈਥੋਂ ਬਹੁਤ ਪ੍ਰਸੰਨ ਸੀ। ਉਸਨੇ ਮੈਨੂੰ ਉਹ ਸਭ ਕੁਝ ਸਿਖਾਇਆ ਜੋ ਉਸਨੇ ਪਿਛਲੇ ਕਈ ਵਰ੍ਹਿਆਂ ਦੇ ਤਜਰਬਿਆਂ ਅਤੇ ਖਸ਼ਾਂ, ਹਿਟਾਇਟਾਂ, ਮਿਸਰੀਆਂ ਕੋਲੋਂ ਸਿੱਖਿਆ ਸੀ। ਦਰਅਸਲ ਉਸ ਆਪ ਵੀ ਮਿਤਾਨੀ ਰਾਜਕੁਮਾਰਾਂ ਦਾ ਗੁਰੂ ਰਹਿ ਚੁੱਕਿਆ ਸੀ ਅਤੇ ਹਿਟਾਇਟਾਂ ਹੱਥੋਂ ਮਿਤਾਨੀ ਰਾਜ ਦੇ ਪਤਨ ਤੋਂ ਬਾਅਦ ਨੱਸ ਕੇ ਏਥੇ ਸ਼ਰਨ ਆ ਲਈ ਸੀ।
ਅੱਠ-ਦੱਸ ਵਰ੍ਹੇ ਬਾਅਦ ਗੁਰੂ ਮਹਾਂਸੁਰ ਦੇ ਦੇਹਾਂਤ ਦੇ ਪਿੱਛੋਂ ਮੈਂ ਆਪਣੇ ਪਿਤਾ ਦੇ ਕਹਿਣ ‘ਤੇ ਬ੍ਰਾਹਮਣ ਦ੍ਰੋਣ ਕੋਲੋਂ ਹੋਰ ਧਨੁੱਖ-ਵਿੱਦਿਆ ਸਿੱਖਣ ਲਈ ਤੁਰ ਪਿਆ। ਸੁਣਿਆ ਸੀ ਕਿ ਉਨ੍ਹਾਂ ਦੀ ਤਕਦੀਰ ਨੇ ਪਲਟਾ ਖਾਧਾ ਹੈ ਅਤੇ ਉਹ ਹਸਤਿਨਾਪੁਰ ਵਿੱਚ ਕੌਰਵ-ਪਾਂਡਵ ਰਾਜਕੁਮਾਰਾਂ ਦੇ ਰਾਜਗੁਰੂ ਬਣ ਗਏ ਹਨ ਅਤੇ ਗੁਰੂ ਦ੍ਰੋਣਾਚਾਰੀਆ ਦੇ ਨਾਂ ਨਾਲ ਪ੍ਰਸਿੱਧ ਹਨ।
ਗੁਰੂ ਦ੍ਰੋਣਾਚਾਰੀਆ ਅਤੇ ਉਨ੍ਹਾਂ ਦੀ ਪਤਨੀ ਕਿਰਪੀ ਮੈਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ। ਖੂਬ ਟਹਿਲ ਸੇਵਾ ਕੀਤੀ ਪਰ ਇੱਕ ਚੀਜ਼ ਜੋ ਮੈਂ ਅਨੁਭਵ ਕਰਨ ਤੋਂ ਨਾ ਰਹਿ ਸਕਿਆ, ਉਹ ਸੀ ਉਨ੍ਹਾਂ ਨੂੰ ਉੱਚ-ਕੁਲ ਆਰੀਆ-ਬ੍ਰਾਹਮਣ ਅਤੇ ਰਾਜਗੁਰੂ ਹੋਣ ਦਾ ਅਭਿਮਾਨ। ਮੈਨੂੰ ਅਸੁਰ, ਨੀਵੀਂ ਜਾਤ ਦਾ ਸਮਝਦਿਆਂ ਮੇਰੇ ਨਾਲ ਅਜੀਬ ਜਿਹਾ ਵਿਉਹਾਰ।
ਅਸ਼ਵਥਾਮਾ ਤਾਂ ਮੇਰੇ ਨਾਲ ਗੱਲ ਕਰਕੇ ਵੀ ਰਾਜ਼ੀ ਨਹੀਂ ਸੀ।
ਮੇਰਾ ਜੀ ਤੇ ਨਹੀਂ ਸੀ ਕਰਦਾ ਕਿ ਮੈਂ ਇਨ੍ਹਾਂ ਅੱਗੇ ਬੇਨਤੀ ਕਰਾਂ। ਪਰ ਐਡੀ ਦੂਰੋਂ ਆਇਆ ਸਾਂ, ਪੁੱਛਣ ‘ਚ ਕੀ ਹਰਜ ਹੈ? ਮੈਂ ਮਨ ਹੀ ਮਨ ਸੋਚਿਆ।
ਜਦ ਮੈਂ ਆਪਣੀ ਇੱਛਾ ਦ੍ਰੋਣਾਚਾਰੀਆ ਸਾਹਮਣੇ ਪ੍ਰਗਟ ਕੀਤੀ ਤਾਂ ਉਨ੍ਹਾਂ ਸਾਫ਼ ਇਨਕਾਰ ਕਰ ਦਿੱਤਾ ਤੇ ਬੋਲੇ ਕਿ ਉਹ ਕੌਰਵ ਪਾਂਡਵ ਰਾਜਕੁਮਾਰਾਂ ਦੇ ਇਲਾਵਾ ਹੋਰ ਕਿਸੇ ਨੂੰ ਸ਼ਸਤਰ ਵਿੱਦਿਆ ਨਾ ਸਿਖਾਉਣ ਲਈ ਵਚਨਬੱਧ ਹਨ।
ਪਰ ਉਨ੍ਹਾਂ ਦੀ ਪਤਨੀ ਕਿਰਪੀ ਦੇ ਮਨ ਵਿੱਚ ਦਯਾ ਆ ਗਈ। ਕਿਰਪੀ ਨੇ ਕਿਹਾ: “ਉਨ੍ਹਾਂ ਵਚਨ ਦਿੱਤਾ ਹੋਇਆ ਹੈ ਕਿ ਉਹ ਹੋਰ ਕਿਸੇ ਨੂੰ ਸ਼ਸਤਰ ਵਿੱਦਿਆ ਨਹੀਂ ਸਿਖਾਉਣਗੇ ਪਰ ਤੂੰ ਹੁਸ਼ਿਆਰ ਏਂ। ਉਨ੍ਹਾਂ ਦੇ ਬਿਨਾਂ ਸਿਖਾਇਆਂ ਵੀ ਸਿੱਖ ਸਕਦਾ ਏਂ।”
“ਉਹ ਕਿਵੇਂ?”
“ਜਦ ਉਹ ਕੌਰਵਾਂ-ਪਾਂਡਵਾਂ ਨੂੰ ਸਿਖਾਉਣ, ਤੂੰ ਉਨ੍ਹਾਂ ਨੂੰ ਲੁਕ ਲੁਕ ਕੇ ਵੇਖਦਾ ਰਹੀਂ।”
“ਪਰ…ਪਰ ਇਹ ਤੇ ਚੋਰੀ ਹੋਵੇਗੀ?”
“ਵਿੱਦਿਆ ਦੀ ਚੋਰੀ ਕੋਈ ਚੋਰੀ ਨਹੀਂ ਹੁੰਦੀ।” ਮਾਂ ਕਿਰਪੀ ਨੇ ਮੁਸਕਰਾਉਂਦਿਆਂ ਆਖਿਆ।
ਸੋ ਮੈਂ ਉਸ ਜੰਗਲ ‘ਚ ਕੁਟੀਆ ਬਣਾ ਕੇ ਰਹਿਣ ਲੱਗਾ ਜਿੱਥੇ ਆ ਕੇ ਦ੍ਰੋਣਾਚਾਰੀਆ ਰਾਜਕੁਮਾਰਾਂ ਨੂੰ ਸ਼ਸਤਰ ਚਲਾਉਣਾ ਸਿਖਾਉਂਦੇ ਸਨ। ਮਾਂ ਕਿਰਪੀ ਨੇ ਆਖਿਆ ਕਿ ਮੈਂ ਦ੍ਰੋਣਾਚਾਰੀਆ ਦੀ ਇੱਕ ਮਿੱਟੀ ਦੀ ਮੂਰਤੀ ਬਣਾ ਕੇ ਆਪਣੀ ਕੁਟੀਆ ‘ਚ ਰੱਖ ਲਵਾਂ। ਇਸ ਨਾਲ ਮੈਨੂੰ ਗੁਰੂ-ਅਸ਼ੀਰਵਾਦ ਦਾ ਫਲ ਮਿਲੇਗਾ। ਇਹ ਸੱਚ ਸੀ ਜਾਂ ਝੂਠ? ਮੈਂ ਉਨ੍ਹਾਂ ਦੀ ਇੱਕ ਮੂਰਤੀ ਜਿਹੀ ਬਣਾ ਕੇ ਆਪਣੀ ਕੁਟੀਆ ‘ਚ ਰੱਖ ਲਈ ਅਤੇ ਜਦ ਮੈਂ ਸ਼ਸਤਰ ਅਭਿਆਸ ਲਈ ਬਾਹਰ ਨਿਕਲਦਾ, ਉਸ ਮੂਰਤੀ ਨੂੰ ਪ੍ਰਣਾਮ ਕਰ ਲੈਂਦਾ। ਮੈਨੂੰ ਇਹ ਕੀ ਪਤਾ ਸੀ ਕਿ ਇਹੀ ਮਿੱਟੀ ਦੀ ਮੂਰਤੀ ਅਸ਼ੀਰਵਾਦ ਦੀ ਥਾਂ ਮੇਰੇ ਲਈ ਸਰਾਪ ਦਾ ਕਾਰਨ ਬਣ ਜਾਏਗੀ।
ਕੌਰਵ-ਪਾਂਡਵ ਪੁੱਤਰ ਜਦ ਵੀ ਇਸ ਪਾਸੇ ਸ਼ਸਤਰ ਵਿੱਦਿਆ ਲਈ ਆਉਂਦੇ ਤਾਂ ਖੂਬ ਰੌਲਾ ਪਾਉਂਦੇ ਆਉਂਦੇ। ਮੈਨੂੰ ਇਹ ਜਾਨਣ ‘ਚ ਕੋਈ ਔਖਿਆਈ ਨਾ ਹੁੰਦੀ ਕਿ ਉਹ ਕਿਸ ਪਾਸੇ ਹਨ। ਮੈਂ ਲੁਕ ਲੁਕ ਕੇ ਸਭ ਕੁਝ ਵੇਖਦਾ ਰਹਿੰਦਾ।
ਦ੍ਰੋਣਾਚਾਰੀਆ ਜੋ ਕੁਝ ਵੀ ਉਨ੍ਹਾਂ ਨੂੰ ਸਿਖਾਉਂਦੇ, ਉਹ ਸਭ ਕੁਝ ਵੇਖਣ ਤੋਂ ਬਾਅਦ ਅਭਿਆਸ ਕਰਨ ‘ਚ ਮੈਨੂੰ ਕੋਈ ਕਠਿਨਾਈ ਨਾ ਹੁੰਦੀ। ਇਹ ਅਨੁਭਵ ਕਰਦਿਆਂ ਮੈਂ ਖ਼ੁਸ਼ ਸਾਂ ਕਿ ਉਨ੍ਹਾਂ ਵਿੱਚੋਂ ਕੋਈ ਵੀ ਰਾਜਕੁਮਾਰ ਧਨੁੱਖ-ਵਿੱਦਿਆ ਵਿੱਚ ਮੇਰੇ ਮੁਕਾਬਲੇ ਖੜ੍ਹਾ ਨਹੀਂ ਸੀ ਹੋ ਸਕਦਾ। ਇਸ ਦੇ ਤਿੰਨ ਕਾਰਨ ਸਨ:
ਇੱਕ ਤੇ ਇਹ ਕਿ ਮੇਰੇ ਕੋਲ ਤਿੰਨ ਗੁਰੂਆਂ ਦੀ ਸਿੱਖਿਆ ਸੀ – ਤਿੰਨ ਵੱਡੀਆਂ ਜਾਤੀਆਂ ਦੀ। ਪਹਿਲੇ ਮੇਰੇ ਕਿਰਾਤ ਜਾਤੀ ਦੇ ਪਿਤਾ, ਦੂਜੀ ਮਿਤਾਨੀ ਜਾਤੀ ਦੇ ਮਹਾਸੁਰ ਤੇ ਤੀਜੇ ਦ੍ਰੋਣਾਚਾਰੀਆ। ਇਹ ਵੀ ਕਿ ਮੇਰੇ ਕੋਲ ਅਭਿਆਸ ਕਰਨ ਲਈ ਸਮਾਂ ਹੀ ਸਮਾਂ ਸੀ। ਅਖੀਰਲਾ ਕਾਰਨ ਇਹ ਕਿ ਜੰਗਲਾਂ-ਪਰਬਤਾਂ ‘ਚ ਰਹਿੰਦਿਆਂ ਮੇਰਾ ਸਰੀਰ ਉਨ੍ਹਾਂ ਤੋਂ ਵੱਧ ਕਠੋਰ, ਫੁਰਤੀਲਾ ਅਤੇ ਸਹਿਣ ਸ਼ਕਤੀ ਵਾਲਾ ਸੀ।
ਤੁਹਾਨੂੰ ਮੇਰੀਆਂ ਇਹ ਅਤੇ ਅਗਲੀਆਂ ਗੱਲਾਂ ਅੱਤਕਥਨੀ ਲੱਗ ਰਹੀਆਂ ਹੋਣਗੀਆਂ ਜਾਂ ਲੱਗਣਗੀਆਂ। ਤੁਹਾਡੇ ਲਈ ਇਹ ਯਕੀਨ ਕਰ ਲੈਣਾ ਕਿ ਪੰਜੇ ਪਾਂਡਵ ਪੁੱਤਰ ਹਵਾ ਵਿੱਚੋਂ ਹੀ ਪੈਦਾ ਹੋ ਗਏ, ਜਾਂ ਉਨ੍ਹਾਂ ਦੀਆਂ ਮਾਵਾਂ ਆਪਣੇ ਪਤੀ ਨਾਲ ਭੋਗ-ਵਿਲਾਸ ਕੀਤੇ ਬਿਨਾਂ ਗਰਭਵਤੀ ਹੋ ਗਈਆਂ, ਸੰਭਵ ਹੈ। ਪਰ ਮੇਰੀ ਗੱਲ ‘ਤੇ ਯਕੀਨ ਕਰ ਲੈਣਾ ਕਠਿਨ ਤੇ ਕੌੜਾ ਲੱਗੇਗਾ।
ਜੀਵਨ ਵਿੱਚ ਕੁਝ ਛੋਟੀਆਂ ਛੋਟੀਆਂ ਘਟਨਾਵਾਂ ਐਸੀਆਂ ਵਾਪਰਦੀਆਂ ਹਨ ਜੋ ਜੀਵਨ ਨੂੰ ਹੀ ਨਹੀਂ, ਬਲਕਿ ਸਮੁੱਚੀ ਜਾਤੀ ਨੂੰ ਇੱਕ ਬਹੁਤ ਵੱਡਾ ਮੋੜ ਦੇ ਜਾਂਦੀਆਂ ਹਨ।
ਤੇ ਮੇਰੇ ਜੀਵਨ ਨੂੰ ਇੱਕ ਵੱਡਾ ਮੋੜ ਦੇਣ ਵਾਲਾ ਇੱਕ ਕੁੱਤਾ ਸੀ। ਭੀਮ ਦਾ ਉਹ ਲੰਮੀਆਂ ਜਤਾਂ ਵਾਲਾ ਕਾਲੇ ਰੰਗ ਦਾ ਕੁੱਤਾ ਜੋ ਉਸ ਦਿਨ ਮੈਨੂੰ ਵੇਖ ਕੇ ਜੇ ਨਾ ਭੌਂਕਦਾ ਤਾਂ ਸ਼ਾਇਦ ਕਿਸੇ ਦਿਨ ਮੈਂ ਚੁੱਪ-ਚੁਪ ਵਾਪਸ ਪਰਤ ਜਾਣਾ ਸੀ ਤੇ ਨਾ ਫੇਰ ਅਰਜੁਨ-ਪੁੱਤਰ ਅਭਿਮੰਨਯੂ ਚੱਕਰ-ਵਿਯੂ ਵਿੱਚ ਫਸਦਾ ਤੇ ਨਾ ਹੀ ਕੌਰਵਾਂ ਹੱਥੋਂ ਮਾਰਿਆ ਜਾਂਦਾ।
ਉਸ ਦਿਨ ਭੀਮ ਦਾ ਉਹ ਦੇਵਕਾਇਆ ਕੁੱਤਾ ਉਨ੍ਹਾਂ ਦੇ ਪਿੱਛੇ ਪਿੱਛੇ ਆ ਗਿਆ। ਮੈਂ ਵੀ ਰੁੱਖਾਂ ਦੀ ਓਟ ਲੈਂਦਿਆਂ ਉਨ੍ਹਾਂ ਦੇ ਮਗਰ ਮਗਰ ਜਾ ਰਿਹਾ ਸੀ। ਉਹ ਸ਼ਾਇਦ ਮੇਰਾ ਪੱਕਾ ਰੰਗ, ਤੇੜ ਚੀਤੇ ਦੀ ਖਲ ਵੇਖ ਕੇ ਭੌਂਕਿਆ ਪਰ ਇਸ ਤੋਂ ਪਹਿਲਾਂ ਕਿ ਉਹ ਮੂੰਹ ਬੰਦ ਕਰਦਾ ਜਾਂ ਮੇਰੇ ਉੱਤੇ ਝਪਟਦਾ, ਮੈਂ ਸੱਤ ਬਾਣ ਉਸ ਦੇ ਮੂੰਹ ਵਿੱਚ ਖਿੱਚ ਮਾਰੇ। ਕੁੱਤੇ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹੇ ਹੀ ਰਹਿ ਗਿਆ।
ਅਰਜੁਨ ਨੇ ਜਦ ਪਿੱਛੇ ਮੁੜ ਕੇ ਵੇਖਿਆ ਤਾਂ ਹੈਰਾਨ ਰਹਿ ਗਿਆ ਕਿ ਉਨ੍ਹਾਂ ਦੇ ਇਲਾਵਾ ਇਸ ਤਰ੍ਹਾਂ ਦਾ ਧਨੁੱਖਧਾਰੀ ਕੌਣ ਆ ਗਿਆ ਇੱਥੇ? ਥੋੜ੍ਹੀ ਜਿਹੀ ਵਿੱਥ ‘ਤੇ ਮੈਨੂੰ ਖੜ੍ਹਿਆ ਵੇਖ ਕੇ ਉਹ ਸਮਝ ਗਿਆ ਤੇ ਪੁੱਛਿਆ ਕਿ ਮੈਂ ਕੌਣ ਹਾਂ ਅਤੇ ਇਹ ਤੀਰ-ਅੰਦਾਜ਼ੀ ਦੇ ਕਮਾਲ ਮੈਂ ਕਿਸ ਤੋਂ ਸਿੱਖੇ? ਉਸ ਵੇਲੇ ਦ੍ਰੋਣਾਚਾਰੀਆ ਵੀ ਉੱਥੇ ਆ ਗਏ ਸਨ।
ਮੈਂ ਬੜੇ ਅਭਿਮਾਨ ਨਾਲ ਛਾਤੀ ਫੁਲਾਂਦਿਆਂ ਆਖਿਆ: “ਮੈਂ ਕਿਰਾਤ ਜਾਤੀ ਦੇ ਸਰਦਾਰ ਹਿਰਨਧਾਨੂੰ ਦਾ ਪੁੱਤਰ ਹਾਂ।” ਫੇਰ ਗੁਰੂ ਦੋ੍ਰਣਾਚਾਰੀਆ ਵੱਲ ਹੱਥ ਜੋੜਦਿਆਂ, ਪ੍ਰਣਾਮ ਕਰਦਿਆਂ ਆਖਿਆ, “ਇਹੀ ਨੇ ਮੇਰੇ ਗੁਰੂ ਅਤੇ ਇਨ੍ਹਾਂ ਦੀ ਮੂਰਤੀ ਤੋਂ ਅਸ਼ੀਰਵਾਦ ਲੈ ਕੇ ਮੈਂ ਸ਼ਸਤਰ ਅਭਿਆਸ ਕਰਦਾ ਹਾ…।”
“ਤਾਂ ਤੇ ਤੂੰ ਇਨ੍ਹਾਂ ਨੂੰ ਹੀ ਆਪਣਾ ਗੁਰੂ ਮੰਨਦਾ ਏਂ?” ਅਰਜੁਨ ਬੋਲਿਆ।
“ਹਾਂ, ਕਿਉਂ ਨਹੀਂ`” ਮੈਂ ਖ਼ੁਸ਼ ਹੁੰਦਿਆਂ ਆਖਿਆ। ਮੈਨੂੰ ਕੀ ਪਤਾ ਸੀ ਕਿ ਮੈਂ ਇਸ ਜਾਲ ਵਿੱਚ ਫਸ ਜਾਵਾਂਗਾ। ਅਰਜੁਨ ਨੇ ਸ਼ਿਕਾਇਤ ਅਤੇ ਕ੍ਰੋਧ ਭਰੀਆਂ ਨਜ਼ਰਾਂ ਨਾਲ ਗੁਰੂ ਦ੍ਰੋਣਾਚਾਰੀਆ ਵੱਲ ਤੱਕਿਆ ਤੇ ਬੋਲਆਿ:
“ਤੁਸੀਂ ਤੇ ਵਚਨ ਦਿੱਤਾ ਸੀ ਕਿ ਮੇਰੇ ਤੋਂ ਵੱਡਾ ਧਨੁੱਖਧਾਰੀ ਇਸ ਧਰਤੀ ਤੇ ਕੋਈ ਨਹੀਂ ਹੋਵੇਗਾ। ਤੇ ਫੇਰ ਇਹ ਕੌਣ?”
ਦ੍ਰੋਣਾਚਾਰੀਆ ਨੇ ਮੇਰੇ ਵੱਲ ਚਲਾਕੀ ਭਰੀਆਂ ਅੱਖਾਂ ਨਾਲ ਤੱਕਿਆ ਤੇ ਬੋਲੇ, “ਜੇ ਤੂੰ ਮੈਨੂੰ ਆਪਣਾ ਗੁਰੂ ਮੰਨਦਾ ਏ ਤਾਂ ਤੈਨੂੰ ਗੁਰੂ-ਦੱਖਨਾ ਵੀ ਦੇਣੀ ਪਵੇਗੀ।” ਤੇ ਫੇਰ ਉਨ੍ਹਾਂ ਨੇ ਗੁਰੂ-ਦੱਖਨਾ ਵਜੋਂ ਮੇਰੇ ਸੱਜੇ ਹੱਥ ਦਾ ਅੰਗੂਠਾ ਮੰਗ ਲਿਆ। ਮੈਂ ਉਸੇ ਵੇਲੇ ਕਟਾਰ ਕੱਢ ਕੇ ਆਪਣਾ ਅੰਗੂਠਾ ਕੱਟ ਕੇ ਉਨ੍ਹਾਂ ਦੀ ਹਥੇਲੀ ਉੱਤੇ ਰੱਖ ਦਿੱਤਾ। ਮੇਰੇ ਰੱਤ ਨਾਲ ਉਨ੍ਹਾਂ ਦਾ ਹੱਥ ਰੰਗਿਆ ਗਿਆ। ਉਨ੍ਹਾਂ ਦੇ ਚਿਹਰੇ ਉੱਤੇ ਖ਼ੁਸ਼ੀ ਦੀ ਥਾਂ ਅਪਰਾਧ ਦੀ ਭਾਵਨਾ ਸੀ। ਅਰਜੁਨ, ਭੀਮ ਆਦਿ ਸਾਰੇ ਮੇਰੇ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਸਨ: ਇੱਕ ਅਸੁਰ ਇਸ ਤਰ੍ਹਾਂ ਦਾ ਬਲੀਦਾਨ ਹੱਸਦੇ ਹੱਸਦੇ ਕਰ ਸਕਦਾ ਹੈ? ਇਹ ਵੀ ਉਨ੍ਹਾਂ ਦੀ ਕਲਪਨਾ ਤੋਂ ਬਾਹਰ ਸੀ। ਮੈਨੂੰ ਬੇਸ਼ਕ ਦੁਖ ਸੀ ਆਪਣੇ ਅੰਗੂਠੇ ਦੇ ਕੱਟੇ ਜਾਣ ਦਾ ਪਰ ਇੱਕ ਅੰਤਰਮੁਖੀ ਖ਼ੁਸ਼ੀ ਵੀ ਸੀ, ਇੱਕ ਮਾਨਸਿਕ, ਆਤਮਕ ਅਤੇ ਨੈਤਿਕ ਜਿੱਤ ਦੀ ਇਨ੍ਹਾਂ ਅਭਿਮਾਨੀ ਰਾਜਕੁਮਾਰਾਂ ਉੱਤੇ।
ਗੁਰੂ ਦ੍ਰੋਣਾਚਾਰੀਆ ਨੇ ਮੇਰੇ ਵੱਲ ਹਮਦਰਦੀ ਅਤੇ ਸ਼ਲਾਘਾ ਭਰੀਆਂ ਨਜ਼ਰਾਂ ਨਾਲ ਤੱਕਿਆ ਤੇ ਬੋਲੇ, “ਸ਼ਸਤਰ-ਸਿੱਖਿਆ ਦੇ ਉਪਰੰਤ ਤੂੰ ਮੰਗ ਜੋ ਵੀ ਮੰਗਣਾ ਚਾਹੁੰਦਾ ਏਂ?”
ਮੈਂ ਹਕਾਰਤ ਭਰੀਆਂ ਨਜ਼ਰਾਂ ਨਾਲ ਅਰਜੁਨ ਵੱਲ ਤੱਕਿਆ ਤੇ ਆਖਿਆ, “ਜੇ ਸਚਮੁੱਚ ਹੀ ਤੁਸੀਂ ਕੁਝ ਦੇਣਾ ਚਾਹੁੰਦੇ ਹੋ ਤਾਂ ਵਰਦਾਨ ਦੇਵੋ ਕਿ ਇੱਕ ਦਿਨ ਮੈਂ ਇਸ ਅਰਜੁਨ ਦੇ ਸਾਹਮਣੇ ਖੜ੍ਹਾ ਹੋ ਕੇ ਤੀਰ-ਅੰਦਾਜ਼ੀ ਦੇ ਜੌਹਰ ਵਿਖਾਉਣ ਅਤੇ ਲੈਣ ਦਾ ਅਵਸਰ ਪ੍ਰਾਪਤ ਕਰ ਸਕਾਂ।”
“ਤਥਾ ਅਸਤੂ। ਇਸ ਤਰ੍ਹਾਂ ਹੀ ਹੋਵੇਗਾ।” ਉਨ੍ਹਾਂ ਦੇ ਬੁੱਲ੍ਹਾਂ ‘ਚੋਂ ਹੌਲੀ ਦੇਣੀ ਨਿਕਲਿਆ।
ਕਈ ਵਰ੍ਹੇ ਬੀਤ ਗਏ। ਅੰਗੂਠੇ ਦਾ ਜ਼ਖਮ ਭਰਨ ਤੋਂ ਬਾਅਦ ਮੈਂ ਅੰਗੂਠੇ ਦੇ ਬਿਨਾਂ ਹੀ, ਸਿਰਫ਼ ਚਾਰ ਉਂਗਲਾਂ ਦੀ ਸਹਾਇਤਾ ਨਾਲ ਤੀਰ ਚਲਾਉਣ ਦਾ ਅਭਿਆਸ ਕਰਨ ਲੱਗਾ। ਕੁਝ ਕੁ ਮਹੀਨਿਆਂ ‘ਚ ਮੈਂ ਪਹਿਲਾਂ ਵਾਂਗ ਹੀ ਧਨੁੱਖ ਤੇ ਬਾਣ ਚੜ੍ਹਾ ਕੇ ਨਿਸ਼ਾਨਾ ਸਾਧਣ ‘ਚ ਨਿਪੁੰਨ ਹੋ ਗਿਆ।
ਓਧਰ ਕੌਰਵ ਤੇ ਪਾਂਡੂ ਇੱਕ-ਦੂਜੇ ਦਾ ਬੀਜ ਨਾਸ ਕਰਨ ਦੀਆਂ ਤਿਆਰੀਆਂ ਕਰਨ ਲੱਗੇ।
ਇਹ ਤੇ ਹੋਣਾ ਹੀ ਸੀ। ਇਨ੍ਹਾਂ ਆਫਰੇ ਅਤੇ ਹੰਕਾਰੇ ਹੋਏ ਰਾਜਕੁਮਾਰਾਂ ਤੋਂ ਇਹੀ ਸੰਭਵ ਸੀ। ਰਾਜ-ਸੱਤਾ, ਇਸਤਰੀ ਤੇ ਜ਼ਮੀਨ, ਤਿੰਨ ਹੀ ਤੇ ਕਾਰਨ ਹੁੰਦੇ ਹਨ ਕਿਸੇ ਵੀ ਯੁੱਧ ਦੇ। ਇਸ ਤੋਂ ਇਲਾਵਾ ਜੂਏ ਦੀ ਲਤ, ਈਰਖਾ, ਲਾਲਚ ਅਤੇ ਬਦਲੇ ਦੀ ਭਾਵਨਾ ਇਨ੍ਹਾਂ ਰਾਜਕੁਮਾਰਾਂ ਦੇ ਮਨਾਂ ਵਿੱਚ ਜ਼ਹਿਰੀਲੇ ਸੱਪ ਵਾਂਗ ਕੁੰਡਲੀਆਂ ਮਾਰੀ ਬੈਠੀ ਸੀ।
ਕੁਝ ਵਰ੍ਹਿਆਂ ਬਾਅਦ ਤ੍ਰੈਗਰਤ ਦੇ ਕਿਰਾਤ ਜਾਤੀ ਦੇ ਰਾਜੇ ਸੁਸਰਮਨ ਕੋਲ ਜਦ ਕੁਰੂ-ਪੁੱਤਰ ਦੁਰਯੋਧਨ ਦਾ ਸੱਦਾ ਆਇਆ ਤਾਂ ਮੈਨੂੰ ਬੜੀ ਖ਼ੁਸ਼ੀ ਹੋਈ। ਕੁਝ ਦਿਨਾਂ ਬਾਅਦ ਰਾਜਾ ਸੁਸਰਮਨ ਦੀ ਸੈਨਾ ਨਾਲ ਮੈਂ ਕੁਰੂਖੇਤਰ ਜਾ ਪੁੱਜਾ ਜਿੱਥੇ ਕੌਰਵਾਂ ਅਤੇ ਪਾਂਡਵਾਂ ਦੀਆਂ ਸ਼ਸਤਰਬਧ ਸੈਨਾਵਾਂ ਇੱਕ-ਦੂਜੇ ਦੇ ਸਾਹਮਣੇ ਖੜ੍ਹੀਆਂ ਸਨ।
ਲੜਾਈ ਸ਼ੁਰੂ ਹੋਈ ਤੇ ਕਈ ਦਿਨ ਤੱਕ ਚਲਦੀ ਰਹੀ। ਰਾਜਾ ਸੁਸਰਮਨ, ਉਸਦਾ ਭਰਾ ਸਮਸਪਤਕ ਅਤੇ ਉਸਦੀ ਸੈਨਾ ਯੁੱਧ ਵਿੱਚ ਦੁਰਯੋਧਨ ਦੀ ਸਹਾਇਤਾ ਕਰਦੀ ਲੜ ਰਹੀ ਸੀ ਪਰ ਮੈਂ ਯੁੱਧ ਵਿੱਚ ਕੋਈ ਹਿੱਸਾ ਨਹੀਂ ਲਿਆ। ਮੈਂ ਤਾਂ ਸਿਰਫ਼ ਅਰਜੁਨ ਨਾਲ ਲੜਨਾ ਚਾਹੁੰਦਾ ਸੀ ਤੇ ਉਸ ਨਾਲ ਲੜਨ ਲਈ ਜ਼ਰੂਰੀ ਸੀ ਕਿ ਮੈਂ ਵੀ ਕੋਈ ਮਹਾਰਥੀ ਹੋਵਾਂ। ਭੀਸ਼ਮ ਪਿਤਾਮਾ ਨੇ ਯੁੱਧ ਦੇ ਆਰੰਭ ਵਿੱਚ ਹੀ ਇੱਕ ਸ਼ਰਤ ਲਾ ਦਿੱਤੀ ਸੀ ਕਿ ਇੱਕ ਮਹਾਂਰਥੀ ਦੇ ਮੁਕਾਬਲੇ ਤੇ ਮਹਾਂਰਥੀ ਹੀ ਲੜ ਸਕਦਾ ਹੈ। ਮੇਰੇ ਵਰਗੇ ਪੈਦਲ ਜਾਂ ਘੋੜਸਵਾਰ ਸੈਨਿਕ ਤੋਂ ਉਨ੍ਹਾਂ ਨਾਲ ਲੜਨ ਦਾ ਹੱਕ ਹੀ ਖੋਹ ਲਿਆ ਸੀ। ਮੈਂ ਕੀ ਕਰਾਂ? ਕੁਝ ਵੀ ਸਮਝ ਨਹੀਂ ਸੀ ਆ ਰਿਹਾ।
ਕੌਰਵ ਸੈਨਾਪਤੀ ਭੀਸ਼ਮ ਪਿਤਾਮਾ ਦੇ ਹਾਰ ਜਾਣ ਤੋਂ ਬਾਅਦ ਦ੍ਰੋਣਾਚਾਰੀਆ ਸੈਨਾਪਤੀ ਬਣੇ ਤਾਂ ਦੁਰਯੋਧਨ ਨੇ ਉਨ੍ਹਾਂ ਸਾਹਮਣੇ ਇੱਕ ਵਿਉਂਤ ਰੱਖੀ: ਕਿ ਜੇ ਕਿਸੇ ਤਰ੍ਹਾਂ ਯੁਧਿਸ਼ਟਰ ਨੂੰ ਜਿਊਂਦਿਆਂ ਫੜ ਲਿਆ ਜਾਵੇ ਤਾਂ ਅਸੀਂ ਪਾਂਡਵਾਂ ਨੂੰ ਹਥਿਆਰ ਸੁੱਟਣ ਲਈ ਮਜਬੂਰ ਕਰ ਸਕਦੇ ਹਾਂ। ਦ੍ਰੋਣਾਚਾਰੀਆ ਨੇ ਕਿਹਾ ਕਿ ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇ ਅਰਜੁਨ ਉਸ ਨੂੰ ਬਚਾਉਣ ਲਈ ਉੱਥੇ ਉਪਸਥਿਤ ਨਾ ਹੋਵੇ ਅਤੇ ਕਿਸੇ ਤਰ੍ਹਾਂ ਅਰਜੁਨ ਨੂੰ ਯੁੱਧ-ਭੂਮੀ ਤੋਂ ਦੂਰ ਲਿਜਾਇਆ ਜਾ ਸਕੇ।
ਉਸ ਵੇਲੇ ਰਾਜਾ ਸੁਸਰਮਨ ਨਾਲ ਮੈਂ ਵੀ ਉੱਥੇ ਹੀ ਮੌਜੂਦ ਸਾਂ ਜਿੱਥੇ ਇਹ ਯੋਜਨਾਵਾਂ ਬਣ ਰਹੀਆਂ ਸਨ। ਮੈਂ ਰਾਜਾ ਸੁਸਰਮਨ ਨਾਲ ਸਲਾਹ-ਮਸ਼ਵਰਾ ਕੀਤਾ ਤੇ ਹੱਥ ਜੋੜ ਕੇ ਦ੍ਰੋਣਾਚਾਰੀਆ ਨੂੰ ਅਰਜ਼ ਕੀਤੀ: ਐ ਗੁਰੂ ਦ੍ਰੋਣਾਚਾਰੀਆ, ਤੁਹਾਨੂੰ ਯਾਦ ਹੋਵੇਗਾ ਕਿ ਬਹੁਤ ਵਰ੍ਹੇ ਪਹਿਲਾਂ ਤੁਸੀਂ ਇੱਕ ਅਸੁਰ ਧਨੁੱਖਧਾਰੀ ਨੂੰ ਵਰਦਾਨ ਦਿੱਤਾ ਸੀ। ਅੱਜ ਉਹੀ ਅਸੁਰ ਇਕਲਵਅ ਤੁਹਾਡੇ ਕੋਲੋਂ ਇਹ ਆਗਿਆ ਮੰਗਦਾ ਹੈ ਕਿ ਅਰਜੁਨ ਨੂੰ ਯੁੱਧ-ਖੇਤਰ ਤੋਂ ਬਾਹਰ ਲੈ ਜਾਣ ਅਤੇ ਉਸ ਨਾਲ ਲੜਨ ਦਾ ਅਵਸਰ ਮੈਨੂੰ ਦਿੱਤਾ ਜਾਏ… ਅਤੇ ਇਸ ਨੂੰ ਸੰਭਵ ਬਣਾਉਣ ਲਈ ਮੈਨੂੰ ਸਿਰਫ਼ ਇੱਕ ਦਿਨ ਲਈ ਮਹਾਂਰਥੀ ਬਣਨ ਦਾ ਸੁਭਾਗ ਪ੍ਰਾਪਤ ਹੋਵੇ।
ਉਨ੍ਹਾਂ ਦੁਰਯੋਧਨ, ਕਰਨ, ਸੁਸਰਮਨ ਅਤੇ ਹੋਰ ਮਹਾਰਥੀਆਂ ਨਾਲ ਸਲਾਹ ਕੀਤੀ ਤੇ ਫੇਰ ਮੈਨੂੰ ਇੱਕ ਦਿਨ ਲਈ ਮਹਾਰਥੀ ਬਣਾ ਦਿੱਤਾ ਗਿਆ।
ਮੈਂ ਆਪਣੇ ਸਰੀਰ ‘ਤੇ ਪਿੱਤਲ ਦਾ ਬਣਿਆ ਭਾਰੀ ਕਵਚ ਧਾਰਨ ਕੀਤਾ ਅਤੇ ਅਨੇਕ ਪ੍ਰਕਾਰ ਦੇ ਤੀਰਾਂ-ਸ਼ਸਤਰਾਂ ਨਾਲ ਰੱਥ ਭਰ ਕੇ ਰਾਜਾ ਸੁਸਰਮਨ ਨਾਲ ਅਰਜੁਨ ਦੇ ਸਾਹਮਣੇ ਜਾ ਖੜ੍ਹਾ ਹੋਇਆ। ਸੁਸਰਮਨ ਨੇ ਅਰਜੁਨ ਨੂੰ ਯੁੱਧ ਕਰਨ ਲਈ ਵੰਗਾਰਿਆ। ਕੋਈ ਵੀ ਛੱਤਰੀ ਇਸ ਤਰ੍ਹਾਂ ਦੀ ਵੰਗਾਰ ਨੂੰ ਅਣਦੇਖਿਆ ਨਹੀਂ ਕਰ ਸਕਦਾ। ਅਰਜੁਨ ਨੇ ਆਪਣਾ ‘ਦੇਵਦਤ’ ਨਾਮ ਦਾ ਸ਼ੰਖ ਵਜਾਇਆ। ਸੁਸਰਮਨ ਨੇ ਵੀ ਆਪਣੇ ਨਗਾੜੇ ‘ਤੇ ਚੋਟ ਮਾਰੀ ਤੇ ਯੁੱਧ ਸ਼ੁਰੂ ਹੋ ਗਿਆ।
ਯੋਜਨਾ ਅਨੁਸਾਰ ਲੜਦੇ ਲੜਦੇ ਅਸੀਂ ਅਰਜੁਨ ਨੂੰ ਰਣਖੇਤਰ ਤੋਂ ਬਹੁਤ ਦੂਰ ਲੈ ਗਏ। ਜਿਉਂ ਜਿਉਂ ਦਿਨ ਬੀਤਦਾ ਗਿਆ ਅਰਜੁਨ ਅਤੇ ਸਾਡੇ ਰੱਥ ਯੁੱਧ-ਭੂਮੀ ਤੋਂ ਦੂਰ ਹੁੰਦੇ ਗਏ। ਉੱਧਰ ਦੂਜੇ ਪਾਸੇ, ਮੈਂ ਜਾਣਦਾ ਸਾਂ ਕਿ ਦ੍ਰੋਣਾਚਾਰੀਆ ਚੱਕਰਵਿਯੂ ਦੀ ਰਚਨਾ ਕਰਕੇ ਅੱਗੇ ਵਧਦਿਆਂ ਹੋਇਆਂ ਯੁਧਿਸ਼ਟਰ ਨੂੰ ਕਾਬੂ ਕਰਨ ਦਾ ਯਤਨ ਕਰ ਰਹੇ ਹੋਣਗੇ। ਇਸ ਚੱਕਰਵਿਯੂ ਨੂੰ ਇਸ ਯੁੱਧ ਵਿੱਚ ਕੇਵਲ ਕ੍ਰਿਸ਼ਨ ਅਤੇ ਅਰਜੁਨ ਹੀ ਕੱਟ ਸਕਦੇ ਸਨ, ਹੋਰ ਕੋਈ ਨਹੀਂ।
ਅਰਜੁਨ ਨੂੰ ਸੂਹੀਆਂ ਕੋਲੋਂ ਪਿਛਲੀ ਰਾਤ ਇਹ ਸੂਹ ਮਿਲ ਗਈ ਸੀ ਕਿ ਅਗਲੇ ਦਿਨ ਯੁਧਿਸ਼ਟਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਫੜਨ ਦੇ ਯਤਨ ਹੋਣਗੇ। ਉਹ ਸੁਸਰਮਨ ਨੂੰ ਛੇਤੀ ਹਰਾ ਕੇ ਰਣਭੂਮੀ ‘ਚ ਵਾਪਸ ਪਰਤ ਜਾਣਾ ਚਾਹੁੰਦਾ ਸੀ। ਜਦ ਉਹ ਆਪਣੀ ਕੋਸ਼ਿਸ਼ ‘ਚ ਕਾਮਯਾਬ ਨਾ ਹੋ ਸਕਿਆ ਤੇ ਸੂਰਜ ਢਲਣ ਲੱਗਾ ਤਾਂ ਕ੍ਰੋਧ ਵਿੱਚ ਆ ਕੇ ਉਸਨੇ ਵਾਯੂ-ਅਸਤਰ ਅਤੇ ਹੋਰ ਕਈ ਪ੍ਰਕਾਰ ਦੇ ਅਸਤਰ ਚਲਾਉਣੇ ਸ਼ੁਰੂ ਕੀਤੇ। ਸੁਸਰਮਨ ਜ਼ਖ਼ਮੀ ਹੋ ਗਿਆ।
ਉਸਨੂੰ ਜ਼ਖ਼ਮੀ ਕਰਕੇ ਜਦ ਅਰਜੁਨ ਨੇ ਕ੍ਰਿਸ਼ਨ ਨੂੰ ਵਾਪਸ ਕੁਰੂਕਸ਼ੇਤਰ ‘ਚ ਚੱਲਣ ਲਈ ਕਿਹਾ ਤਾਂ ਐਨ ਉਸ ਵੇਲੇ ਮੈਂ ਆਪਣਾ ਰੱਥ ਵਧਾ ਕੇ ਉਸ ਸਾਹਮਣੇ ਆ ਖੜ੍ਹਾ ਹੋਇਆ। ਆਪਣੀ ਕਮਾਨ ‘ਤੇ ਤੀਰ ਚੜ੍ਹਾਇਆ ਤੇ ਅਰਜੁਨ ਨੂੰ ਲਲਕਾਰ ਕੇ ਬੋਲਿਆ:
“ਖਬਰਦਾਰ ਅਰਜੁਨ! ਤਿਆਰ ਹੋ ਜਾ। ਮੈਨੂੰ ਹਰਾਏ ਬਿਨਾਂ ਤੂੰ ਰਣਖੇਤਰ ‘ਚ ਵਾਪਸ ਨਹੀਂ ਪਰਤ ਸਕਦਾ।”
“ਤੂੰ ਕੌਣ ਏਂ ਜੋ ਆਪਣੀ ਮੌਤ ਨੂੰ ਵਾਜਾਂ ਮਾਰ ਰਿਹਾ ਏਂ! ਜਾ ਚਲਿਆ ਜਾ ਆਪਣੀ ਜਾਨ ਬਚਾ ਕੇ। ਮੈਂ ਛੇਤੀ ਵਿੱਚ ਹਾਂ ਅਤੇ ਐਰੇ-ਗੈਰੇ ਨਾਲ ਲੜ ਕੇ ਵਕਤ ਬਰਬਾਦ ਨਹੀਂ ਕਰਨਾ ਚਾਹੁੰਦਾ।”
ਮੈਂ ਉਸ ਨੂੰ ਪੁਰਾਣੀ ਗੱਲ ਯਾਦ ਦਿਵਾਉਂਦਿਆਂ ਆਪਣਾ ਅੰਗੂਠਾ-ਕੱਟਿਆ, ਹੱਥ ਉੱਪਰ ਕਰਕੇ ਵਿਖਾਇਆ ਤੇ ਇਹ ਵੀ ਆਖਿਆ ਕਿ ਉਹ ਇਹ ਨਾ ਸਮਝੇ ਕਿ ਇੱਕ ਘਟੀਆ ਤਰੀਕੇ ਨਾਲ ਮੇਰਾ ਅੰਗੂਠਾ ਕਟਵਾ ਕੇ ਮੈਨੂੰ ਨਕਾਰਾ ਬਣਾ ਦਿੱਤਾ ਹੋਵੇਗਾ।
ਮੇਰਾ ਬਿਨਾਂ ਅੰਗੂਠੇ ਵਾਲਾ ਹੱਥ ਵੇਖ ਕੇ ਉਸਦਾ ਜੋਸ਼ ਠੰਢਾ ਪੈ ਗਿਆ ਤੇ ਬੋਲਿਆ, “ਅੱਜ ਇਸ ਵੇਲੇ ਤੂੰ ਕੀ ਚਾਹੁੰਦਾ ਏਂ?”
“ਮੈਂ ਆਪਣੇ ਪੁਰਾਣੇ ਲੇਖੇ ਬਰਾਬਰ ਕਰਨ ਆਇਆ ਹਾਂ।”
ਅਰਜੁਨ ਨੇ ਕ੍ਰਿਸ਼ਨ ਵੱਲ ਵੇਖਿਆ ਤੇ ਬੋਲਿਆ, “ਹੇ ਕ੍ਰਿਸ਼ਨ, ਮੇਰੇ ਬੰਧੂ, ਤੂੰ ਹੀ ਦੱਸ ਹੁਣ ਮੈਂ ਕੀ ਕਰਾਂ?” ਲੱਗਦਾ ਸੀ ਉਸ ਨੂੰ ਅਹਿਸਾਸ ਸੀ ਆਪਣੇ ਅਪਰਾਧ ਦਾ।
“ਮੈਂ ਤੇ ਵਿਸ਼ਵਬੰਧੂ ਹਾਂ।” ਕ੍ਰਿਸ਼ਨ ਨੇ ਮੁਸਕੁਰਾਉਂਦਿਆਂ ਉੱਤਰ ਦਿੱਤਾ। “ਮੈਂ ਤੇਰੇ ਵਿੱਚ ਵੀ ਹਾਂ ਅਤੇ ਇਕਲਵਅ ਵਿੱਚ ਵੀ। ਤੇਰਾ ਅੰਗੂਠਾ ਕੱਟੇ ਜਾਣ ਨਾਲ ਵੀ ਮੈਨੂੰ ਓਨਾ ਹੀ ਦਰਦ ਹੋਣਾ ਸੀ ਜਿੰਨਾ ਇਕਲਵਅ ਦੇ ਅੰਗੂਠਾ ਕੱਟੇ ਜਾਣ ‘ਤੇ ਹੋਇਆ ਸੀ। ਜੋ ਪਾਪ ਤੂੰ ਉਸ ਵੇਲੇ ਈਰਖਾ-ਵਸ ਕੀਤਾ ਸੀ ਉਸ ਦਾ ਫਲ ਤੇ ਭੋਗਣਾ ਹੀ ਪਵੇਗਾ।”
“ਇਹ ਤੁਸੀਂ ਕੀ ਕਹਿ ਰਹੇ ਹੋ ਕ੍ਰਿਸ਼ਨ?”
“ਤਾਂ ਯਾਦ ਕਰ ਫੇਰ ਉਹ ਵਰਦਾਨ ਜੋ ਇਸ ਨੇ ਦ੍ਰੋਣਾਚਾਰੀਆ ਕੋਲੋਂ ਉਸ ਵੇਲੇ ਮੰਗਿਆ ਸੀ। ਉਹ ਵੀ ਤੇ ਪੂਰਾ ਹੋ ਕੇ ਹੀ ਰਹੇਗਾ…।”
ਅਰਜੁਨ ਇੱਕ ਪਲ ਲਈ ਚੁੱਪ ਰਿਹਾ। ਫੇਰ ਧਨੁੱਖ ‘ਤੇ ਬਾਣ ਚੜ੍ਹਾਉਣ ਲਈ ਹੱਥ ਚੁੱਕਿਆ। ਮੈਂ ਉਸ ਉੱਤੇ ਤੀਰਾਂ ਦੀ ਐਸੀ ਵਰਖਾ ਕੀਤੀ ਕਿ ਉਸ ਦੇ ਹੋਸ਼ ਉੱਡ ਗਏ। ਬਹੁਤ ਦੇਰ ਤੱਕ ਇਸੇ ਤਰ੍ਹਾਂ ਲੜਾਈ ਚੱਲਦੀ ਰਹੀ।
ਘਿਰਣਾ ਅਤੇ ਬਦਲੇ ਦੀ ਭਾਵਨਾ ਇੱਕ ਬਹੁਤ ਵੱਡੀ ਸ਼ਕਤੀ ਹੈ – ਪਿਆਰ ਤੋਂ ਵੀ ਵੱਡੀ – ਜੋ ਇੱਕ ਯੋਧਾ ਨੂੰ ਮਨੋਬਲ ਅਤੇ ਇੱਕ ਉਦੇਸ਼ ਦੇਂਦੀ ਹੈ ਆਪਣੇ ਵੈਰੀਆਂ ਨਾਲ ਲੜਨ ਲਈ। ਘਿਰਣਾ ਇੱਕ ਅੰਧਵਿਸ਼ਵਾਸ ਹੈ। ਮੈਂ ਅਰਜੁਨ ਨੂੰ ਸਿਰਫ਼ ਇਸ ਲਈ ਨਫ਼ਰਤ ਨਹੀਂ ਸੀ ਕਰਦਾ ਕਿ ਉਸਨੇ ਮੇਰਾ ਅੰਗੂਠਾ ਕਟਵਾਇਆ ਸੀ। ਬਲਕਿ ਇਸ ਲਈ ਵੀ ਕਿ ਅਰਜੁਨ ਇੱਕ ਪ੍ਰਤਿਿਨਧੀ ਸੀ ਆਰੀਆ ਜਾਤੀ ਦਾ ਜੋ ਅਸੁਰ ਜਾਤੀ ਦੇ ਅੰਗੂਠੇ ਕਟਵਾਉਣ ਅਤੇ ਉਨ੍ਹਾਂ ਨੂੰ ਸ਼ਕਤੀਹੀਣ ਕਰ ਕੇ ਆਪਣੇ ਦਾਸ ਬਨਾਉਣ ਦੀਆਂ ਯੋਜਨਾਵਾਂ ਵਿੱਚ ਵਿਅਸਥ ਸਨ।
ਜਦ ਵੀ ਕ੍ਰਿਸ਼ਨ ਵਾਪਸ ਪਰਤਣ ਲਈ ਰੱਥ ਘੁਮਾਉਂਦਾ, ਮੈਂ ਰਸਤਾ ਰੋਕ ਕੇ ਸਾਹਮਣੇ ਖੜ੍ਹਾ ਹੋ ਜਾਂਦਾ। ਆਖ਼ਰ ਅਰਜੁਨ ਬੋਲਿਆ: “ਜੇ ਮੈਂ ਚਾਹਵਾਂ ਤਾਂ ਇੱਕ ਪਲ ਵਿੱਚ ਤੈਨੂੰ ਯਮਲੋਕ ਪੁਚਾ ਦੇਵਾਂ ਪਰ ਤੂੰ ਜਾਣਦਾ ਏਂ ਕਿ ਮੈਂ ਤੈਨੂੰ ਮਾਰ ਕੇ ਇੱਕ ਹੋਰ ਪਾਪ ਆਪਣੇ ਸਿਰ ਨਹੀਂ ਲੈਣਾ ਚਾਹੁੰਦਾ। ਆਖ਼ਰ ਕਦ ਤੱਕ ਤੂੰ ਮੇਰਾ ਰਸਤਾ ਰੋਕ ਕੇ ਖੜ੍ਹਾ ਰਹੇਂਗਾ?”
“ਜਦ ਤੱਕ ਅੱਜ ਦਾ ਸੂਰਜ ਦਿਸਹੱਦੇ ਤੋਂ ਪਰੇ ਨਹੀਂ ਹੋ ਜਾਂਦਾ।” ਮੈਂ ਕਹਿਣਾ ਤਾਂ ਨਹੀਂ ਸੀ ਚਾਹੁੰਦਾ ਪਰ ਮੇਰੇ ਮੂੰਹੋਂ ਨਿਕਲ ਹੀ ਗਿਆ। “ਕਿਉਂਕਿ ਉਹੀ ਦ੍ਰੋਣਾਚਾਰੀਆ, ਜਿਸਨੂੰ ਕਹਿ ਕੇ ਤੂੰ ਮੇਰਾ ਅੰਗੂਠਾ ਕਟਵਾਇਆ ਸੀ, ਅੱਜ ਚੱਕਰਵਿਯੂ ਦੀ ਰਚਨਾ ਕਰਕੇ ਤੇਰੇ ਭਰਾ ਯੁਧਿਸ਼ਟਰ ਨੂੰ ਬੰਦੀ ਬਣਾਉਣ ਲਈ ਅੱਗੇ ਵਧ ਰਹੇ ਹੋਣਗੇ। ਜਾਂ ਸ਼ਾਇਦ ਬੰਦਾ ਬਣਾ…।”
ਮੇਰਾ ਵਾਕ ਹਾਲੇ ਪੂਰਾ ਵੀ ਨਹੀਂ ਸੀ ਹੋਇਆ ਕਿ ਉਸਨੇ ਆਪਣੇ ਤਰਕਸ਼ ‘ਚੋਂ ਇੱਕ ਵਿਸ਼ੇਸ਼ ਤੀਰ ਚੁਣ ਕੇ ਕੱਢਿਆ, ਗਾਂਡੀਵ ‘ਤੇ ਚੜ੍ਹਾਇਆ, ਕੰਨਾਂ ਤੱਕ ਖਿੱਚਿਆ ਅਤੇ ਛੱਡ ਦਿੱਤਾ। ਇੱਕ ਦਿਲ ਕੰਬਾ ਦੇਣ ਵਾਲੀ ਧੁਨੀ ਗਾਂਡੀਵ ‘ਚੋਂ ਨਿਕਲੀ ਅਤੇ ਅਗਲੇ ਹੀ ਪਲ ਤੀਰ ਮੇਰੇ ਕਵਚ ਨੂੰ ਕੱਟਦਾ ਹੋਇਆ ਮੇਰੇ ਮੋਢੇ ‘ਚ ਆ ਖੁੱਭਿਆ। ਮੈਂ ਸੱਜੇ ਹੱਥ ਨਾਲ ਜ਼ੋਰ ਲਾ ਕੇ ਤੀਰ ਬਾਹਰ ਕੱਢਿਆ। ਲਹੂ ਦੀ ਧਾਰ ਬਾਹਰ ਨਿਕਲੀ ਅਤੇ ਮੇਰੇ ਕਵਚ, ਮੇਰੇ ਕੱਪੜਿਆਂ ਉੱਤੇ ਲਕੀਰ ਜਿਹੀ ਬਣਾਉਂਦੀ ਥੱਲੇ ਵਗ ਤੁਰੀ।
ਮੈਂ ਆਪਣੇ ਮਿਤਾਨੀ ਗੁਰੂ ਦੇ ਦਿੱਤੇ ਹੋਏ ਸੱਤ ‘ਕਾਲੀ ਧਾਤੂ’ ਦੇ ਬਣੇ ਤੀਰਾਂ ਵਿੱਚੋਂ ਇੱਕ ਕੱਢਿਆ ਤੇ ਦੂਜੇ ਹੀ ਪਲ ਉਹ ਤੀਰ ਅਰਜੁਨ ਦੇ ਪਿੱਤਲ ਦੇ ਕਵਚ ਨੂੰ ਕੱਟਦਾ ਹੋਇਆ ਖੱਬੀ ਬਾਂਹ ‘ਚ ਜਾ ਖੁੱਭਿਆ। ਦੂਸਰਾ ਕਾਲੇ ਰੰਗ ਦਾ ਤੀਰ ਉਸ ਦੇ ਸੀਨੇ ਵੱਲ ਸਾਧ ਕੇ ਮਾਰਿਆ – ਪਰ ਇਸ ਵਾਰੀ ਕ੍ਰਿਸ਼ਨ ਨੇ ਰੱਥ ਘੁਮਾ ਕੇ ਬਚਾ ਲਿਆ। ਫੇਰ ਉਸਨੇ ਮੇਰੇ ਦੋ ਘੋੜੇ ਮਾਰ ਦਿੱਤੇ ਅਤੇ ਮੈਂ ਵੀ ਉਸ ਦੇ ਦੋ ਘੋੜਿਆਂ ਨੂੰ ਲੰਮੇ ਪਾ ਦਿੱਤਾ।
ਹੁਣ ਅਸੀਂ ਆਪਣੇ ਰੱਥਾਂ ਤੋਂ ਉੱਤਰ ਕੇ ਇੱਕ-ਦੂਜੇ ਦੇ ਸਾਹਮਣੇ ਧਰਤੀ ‘ਤੇ ਖੜ੍ਹੇ ਸਾਂ। ਮੈਂ ‘ਤੁਆਸ਼ਰ’ ਨਾਮ ਦਾ ਬਾਣ ਧਨੁੱਖ ‘ਤੇ ਚੜ੍ਹਾਇਆ। ‘ਇਹ ਬਾਣ ਮੈਨੂੰ ਰਾਜਾ ਸੁਸਰਮਨ ਨੇ ਖ਼ਾਸ ਅੱਜ ਦੀ ਲੜਾਈ ਲਈ ਦਿੱਤਾ ਸੀ। ਇਸ ਤੋਂ ਅਰਜੁਨ ਕਿਸੇ ਤਰ੍ਹਾਂ ਨਹੀਂ ਸੀ ਬਚ ਸਕਦਾ’, ਮੈਨੂੰ ਪੂਰਾ ਯਕੀਨ ਸੀ। ਇੱਕ ਭਿਅੰਕਰ ਧੁਨੀ ਪੈਦਾ ਕਰਦਾ ਹੋਇਆ ਬਾਣ ਮੇਰੇ ਧਨੁੱਖ ‘ਚੋਂ ਨਿਕਲਿਆ ਪਰ ਐਨ ਉਸੇ ਵੇਲੇ ਕ੍ਰਿਸ਼ਨ ਨੇ ਅਰਜੁਨ ਦੇ ਅੱਗੇ ਆ ਕੇ ਬਾਣ ਆਪਣੀ ਛਾਤੀ ‘ਤੇ ਰੋਕ ਲਿਆ। ਫੇਰ ਕ੍ਰਿਸ਼ਨ ਨੇ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ। ਅਸੀਂ ਦੋਵਾਂ ਨੇ ਆਪੋ-ਆਪਣੇ ਰੱਥਾਂ ਦੇ ਜ਼ਖ਼ਮੀ ਘੋੜੇ ਬਦਲੇ।
ਲੜਾਈ ਫਿਰ ਸ਼ੁਰੂ ਹੋ ਗਈ। ਮੇਰੇ ਜ਼ਖ਼ਮੀ ਮੋਢੇ ‘ਚ ਦਰਦ ਵਧਦਾ ਜਾ ਰਿਹਾ ਸੀ ਤੇ ਤੀਰ ਚਲਾਉਣ ਦੀ ਸ਼ਕਤੀ ਘਟ ਰਹੀ ਸੀ।
ਕ੍ਰਿਸ਼ਨ ਅਰਜੁਨ ਦੇ ਰੱਥ ਨੂੰ ਲੈ ਕੇ ਹੌਲੀ ਹੌਲੀ ਕੁਰੂਖੇਤਰ ਵੱਲ ਸਰਕਣ ਲੱਗੇ ਪਰ ਜਦ ਤੱਕ ਉਹ ਕੁਰੂਖੇਤਰ ਪਹੁੰਚੇ ਤਦ ਤੱਕ ਸੂਰਜ ਡੁੱਬ ਗਿਆ ਸੀ। ਕੌਰਵ ਸੈਨਾ ਯੁਧਿਸ਼ਟਰ ਨੂੰ ਤਾਂ ਬੰਦੀ ਨਾ ਬਣਾ ਸਕੀ ਪਰ ਅਰਜੁਨ ਦੇ ਪੁੱਤਰ ਅਭਿਮੰਨਯੂ ਉਸ ਚੱਕਰਵਿਯੂ ਵਿੱਚ ਫਸ ਕੇ ਕੌਰਵ ਮਹਾਂਰਥੀਆਂ ਹੱਥੋਂ ਮਾਰਿਆ ਗਿਆ ਸੀ।
_____________________________
*ਮੱਧ-ਪ੍ਰਦੇਸ਼ ਦੀਆਂ ਕਈ ਆਦਿਵਾਸੀ ਜਾਤੀਆਂ ਦੇ ਲੋਕ ਅੱਜ ਵੀ ਇਕਲਵਅ ਵਾਂਗ ਚਾਰ ਉਂਗਲਾਂ ਨਾਲ ਹੀ ਤੀਰ ਚਲਾਉਂਦੇ ਹਨ।
** ‘ਮਿਤਾਨੀ’ ਜਾਤੀ ਦਾ ਦੇਸ਼, ਪ੍ਰਾਚੀਨ ਕਾਲ ਵਿੱਚ, ਅੱਜ ਦਾ ‘ਇਰਾਕ’ ਸੀ।
_____________________________
ਇਹ ਕਹਾਣੀ ਸਵਾਮੀ ਸਰਬਜੀਤ ਜੀ ਕੋਲੋਂ ਧੰਨਵਾਦ ਸਹਿਤ ਪ੍ਰਾਪਤ ਕੀਤੀ
ਧੰਨਵਾਦ ਸਾਹਿਤ
https://www.facebook.com/thebestpunjabistories