ਕਿਸੇ ਵੀ ਲੋੜਵੰਦ ਲਾਭਪਾਤਰੀ ਨੂੰ ਸਰਕਾਰੀ ਸਹੂਲਤਾਂ ਤੋਂ ਨਹੀਂ ਰਹਿਣ ਦਿੱਤਾ ਜਾਵੇਗਾ ਵਾਝਾਂ
ਬਠਿੰਡਾ, 25 ਜੁਲਾਈ (ਗਗਨਦੀਪ ਸਿੰਘ) ਭਗਤਾ ਭਾਈਕਾ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਦੇ ਆਦੇਸ਼ਾਂ ਤੇ ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਅਗਵਾਈ ਹੇਠ ਹਫਤੇ ’ਚ ਦੋ ਦਿਨ ਜ਼ਿਲ੍ਹੇ ਭਰ ’ਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ‘‘ਆਪ ਦੀ ਸਰਕਾਰ ਆਪ ਦੇ ਦੁਆਰ’’ ਤਹਿਤ ਵੱਖ-ਵੱਖ ਸਥਾਨਾਂ ’ਤੇ ਆਮ ਲੋਕਾਂ ਦੀ ਸਹੂਲਤ ਲਈ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। “ਆਪ ਦੀ ਸਰਕਾਰ ਆਪ ਦੇ ਦੁਆਰ’’ ਮੁਹਿੰਮ ਤਹਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਇੱਕੋ ਹੀ ਛੱਤ ਹੇਠਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਿਰਫ਼ ਸੁਣਿਆ ਹੀ ਨਹੀਂ ਜਾਂਦਾ ਸਗੋਂ ਮੌਕੇ ਤੇ ਹੀ ਨਿਪਟਾਰਾ ਵੀ ਕੀਤਾ ਜਾਂਦਾ ਹੈ, ਇਸ ਨਾਲ ਜਿਥੇ ਆਮ ਲੋਕਾਂ ਦੇ ਸਮੇਂ ਦੀ ਬੱਚਤ ਹੁੰਦੀ ਹੈ ਉਥੇ ਆਮਦਨੀ ਖਰਚਾ ਵੀ ਘੱਟ ਹੁੰਦਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਸ਼੍ਰੀ ਲਤੀਫ ਅਹਿਮਦ ਨੇ ਪਿੰਡ ਹਮੀਰਗੜ੍ਹ ਵਿਖੇ ਆਮ ਲੋਕਾਂ ਦੀਆਂ ਨਿੱਜੀ ਤੇ ਸਾਂਝੀਆਂ ਸਮੱਸਿਆਵਾਂ ਸੁਣਨ ਦੇ ਮੱਦੇਨਜ਼ਰ ਲਗਾਏ ਗਏ ਸਪੈਸ਼ਲ ਕੈਂਪ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐਸਡੀਐਮ ਰਾਮਪੁਰਾ ਸ਼੍ਰੀ ਕੰਵਰਜੀਤ ਸਿੰਘ ਮਾਨ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਲਗਾਏ ਜਾ ਰਹੇ ਸਪੈਸ਼ਲ ਕੈਂਪ ਲਾਹੇਵੰਦ ਸਾਬਿਤ ਹੋ ਰਹੇ ਹਨ। ਇਸ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਦਰਾਂ ਨੇੜੇ ਸਪੈਸ਼ਲ ਕੈਂਪ ਲਗਾ ਕੇ ਉਨ੍ਹਾਂ ਦੀਆਂ ਸਾਂਝੀਆਂ, ਨਿੱਜੀ ਅਤੇ ਜਾਇਜ਼ ਸਮੱਸਿਆਵਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਜਾਂਦਾ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਲੋੜਵੰਦ ਲਾਭਪਾਤਰੀ ਨੂੰ ਸਰਕਾਰ ਵਲੋਂ ਮੁਹੱਈਆਂ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਤੋਂ ਵਾਝਾਂ ਨਹੀਂ ਰਹਿਣ ਦਿੱਤਾ ਜਾਵੇਗਾ।
ਕੈਂਪ ਦੌਰਾਨ ਪਿੰਡ ਹਮੀਰਗੜ੍ਹ ਤੋਂ ਇਲਾਵਾ ਭਗਤਾ ਭਾਈਕਾ, ਗੁਰੂਸਰ ਅਤੇ ਆਕਲੀਆਂ ਜਲਾਲ ਆਦਿ ਪਿੰਡਾਂ ਦੇ ਲੋਕ ਆਪਣੀਆਂ ਸਾਂਝੀਆਂ ਤੇ ਨਿੱਜੀ ਸਮੱਸਿਆਵਾਂ ਲੈ ਕੇ ਪਹੁੰਚੇ, ਜਿਨ੍ਹਾਂ ’ਚ ਮਾਲ ਵਿਭਾਗ ਤੋਂ ਇਲਾਵਾ ਮਗਨਰੇਗਾਂ, ਪੈਨਸ਼ਨਾਂ, ਛੱਪੜਾਂ ਤੇ ਗਲੀਆਂ-ਨਾਲੀਆਂ ਦੇ ਪਾਣੀ ਦੀ ਨਿਕਾਸੀ, ਪੀਣ ਵਾਲੇ ਪਾਣੀ, ਨਹਿਰੀ ਪਾਣੀ ਤੇ ਖਾਲੇ ਆਦਿ ਤੋਂ ਇਲਾਵਾ ਵਿਕਾਸ ਕਾਰਜਾਂ ਨਾਲ ਸਬੰਧਤ ਸਮੱਸਿਆਵਾਂ ਸਨ। ਇਨ੍ਹਾਂ ’ਚੋਂ ਬਹੁਤੀਆਂ ਸਮੱਸਿਆਵਾਂ ਦਾ ਨਿਪਟਾਰਾ ਮੌਕੇ ’ਤੇ ਹੀ ਕੀਤਾ ਗਿਆ ਤੇ ਰਹਿੰਦੀਆਂ ਸਮੱਸਿਆਵਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਇਸ ਤੋਂ ਪਹਿਲਾ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਸ਼੍ਰੀ ਲਤੀਫ ਅਹਿਮਦ ਅਤੇ ਐਸਡੀਐਮ ਰਾਮਪੁਰਾ ਸ਼੍ਰੀ ਕੰਵਰਜੀਤ ਸਿੰਘ ਮਾਨ ਵਲੋਂ ਵੱਖ-ਵੱਖ ਵਿਭਾਗਾਂ ਵਲੋਂ ਆਪੋਂ-ਆਪਣੇ ਵਿਭਾਗ ਨਾਲ ਸਬੰਧਤ ਲਗਾਏ ਗਏ ਕਾਊਂਟਰਾਂ ਦਾ ਦੌਰਾ ਕਰਕੇ ਜਾਇਜ਼ਾ ਵੀ ਲਿਆ ਗਿਆ। ਇਸ ਦੌਰਾਨ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਹਰ ਇੱਕ ਲਾਭਪਾਤਰੀ ਨੂੰ ਸਰਕਾਰ ਅਤੇ ਸਬੰਧਤ ਵਿਭਾਗ ਵਲੋਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਬਾਰੇ ਜਾਣੂ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਈ ਵੀ ਲਾਭਪਾਤਰੀ ਕਿਸੇ ਵੀ ਸਹੂਲਤ ਤੋਂ ਵਾਝਾਂ ਨਾ ਰਹਿ ਸਕੇ।
ਇਸ ਮੌਕੇ ਖੇਤੀਬਾੜੀ ਵਿਸਥਾਰ ਅਫਸਰ ਸ੍ਰੀ ਸੁਖਜਿੰਦਰ ਸਿੰਘ ਵਲੋਂ ਆਮ ਲੋਕਾਂ ਨਾਲ ਦਿਨ ਪ੍ਰਤੀ ਦਿਨ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਰੋਕਣ, ਝੋਨੇ ਦੀ ਪਰਾਲੀ ਤੇ ਉਸ ਦੇ ਨਾੜ ਨੂੰ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਡੇਂਗੂ ਅਤੇ ਮਲੇਰੀਏ ਦੀ ਰੋਕਥਾਮ ਸਬੰਧੀ ਵੀ ਆਮ ਲੋਕਾਂ ਨੂੰ ਜਾਣੂ ਕਰਵਾਇਆ ਗਿਆ।
ਇਸ ਮੌਕੇ ਤਹਿਸੀਲਦਾਰ ਰਾਮਪੁਰਾ ਸ਼੍ਰੀ ਨਵਜੀਵਨ ਛਾਬੜਾ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਭਗਤਾ ਮਹਿਕਮੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੋਂ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।