*ਦੋ ਦਿਨਾਂ ’ਚ ਪ੍ਰਾਪਤ ਹੋਈਆਂ 75 ਸ਼ਿਕਾਇਤਾਂ ਵਿਚੋਂ 68 ਦਾ ਨਿਪਟਾਰਾ
*ਕੈਂਪਾਂ ਵਿਚ ਪ੍ਰਚਾਰ ਵੈਨਾਂ ਰਾਹੀਂ ਸਰਕਾਰੀ ਸੇਵਾਵਾਂ ਬਾਰੇ ਲੋਕਾਂ ਨੂੰ
ਕੀਤਾ ਜਾ ਰਿਹੈ ਜਾਗਰੂਕ
08 ਫਰਵਰੀ (ਕਰਨ ਭੀਖੀ) ਮਾਨਸਾ: ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲੋਕ ਸਮੱਸਿਆਵਾਂ ਦੇ ਹੱਲ ਲਈ ਲਗਾਏ ਜਾ ਰਹੇ ਕੈਂਪਾਂ ਵਿਚ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕੈਂਪਾਂ ਵਿਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ ਅਤੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਵੱਖ ਵੱਖ ਕੰਮਾਂ ਲਈ ਦਰਖ਼ਾਸਤਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਕ ਮਹੀਨੇ ਤੱਕ ਇਹ ਕੈਂਪ ਇਸੇ ਤਰ੍ਹਾਂ ਜਾਰੀ ਰਹਿਣਗੇ ਅਤੇ ਲੋਕ ਇੰਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਤਿੰਨੋ ਸਬ ਡਵੀਜ਼ਨਾਂ ’ਚ ਪਹਿਲੇ ਦੋ ਦਿਨ ਲਗਾਏ ਗਏ 28 ਕੈਂਪਾਂ ਵਿਚ 1583 ਵੱਖ ਵੱਖ ਸੇਵਾਵਾਂ ਲਈ ਲੋਕਾਂ ਨੇ ਅਰਜ਼ੀਆਂ ਦਿੱਤੀਆਂ, ਜਿੰਨ੍ਹਾਂ ਵਿਚੋਂ 854 ਸੇਵਾਵਾਂ ਮੌਕੇ ’ਤੇ ਹੀ ਮੁਹੱਈਆ ਕਰਵਾ ਦਿੱਤੀਆਂ ਗਈਆਂ ਅਤੇ ਬਾਕੀ ਸੇਵਾਵਾਂ ਵੀ ਜਲਦ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ’ਚ ਵੱਖ ਵੱਖ ਕੈਂਪਾਂ ਵਿਚ ਆਈਆਂ 75 ਸ਼ਿਕਾਇਤਾਂ ਵਿਚੋਂ 68 ਦਾ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਅਤੇ ਬਾਕੀ ਸ਼ਿਕਾਇਤਾਂ ਦਾ ਵੀ ਸਮਾਂਬੱਧ ਨਿਪਟਾਰਾ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੈਂਪਾਂ ਦੌਰਾਨ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਤੌਰ ’ਤੇ ਪ੍ਰਚਾਰ ਵੈਨਾਂ ਭੇਜੀਆਂ ਗਈਆਂ ਹਨ, ਜਿੰਨ੍ਹਾਂ ਰਾਹੀਂ ਹਰੇਕ ਸਬ ਡਵੀਜ਼ਨ ਪੱਧਰ ’ਤੇ ਕੈਂਪ ਸਬੰਧੀ ਪਹਿਲਾਂ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਂ ਰਿਹਾ ਹੈ ਅਤੇ ਮੌਕੇ ’ਤੇ ਕੈਂਪਾਂ ਵਿਚ ਰਾਜ ਸਰਕਾਰ ਦੀਆਂ ਵੱਖ ਵੱਖ ਭਲਾਈ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 9 ਫਰਵਰੀ ਨੂੰ ਸਬ ਡਵੀਜ਼ਨ ਮਾਨਸਾ ’ਚ ਅਸਪਾਲ ਕੋਠੇ, ਮਾਨ ਅਸਪਾਲ ਦੇ ਗੁਰੂ ਘਰ ਵਿਖੇ 10 ਵਜੇ ਤੋਂ 12 ਵਜੇ ਤੱਕ, ਮਾਨਬੀਬੜੀਆਂ ਦੇ ਗੁਰੂ ਘਰ ਵਿਖੇ 2 ਵਜੇ ਤੋਂ 4 ਵਜੇ ਤੱਕ, ਮਾਨਸਾ ਦੇ ਵਾਰਡ ਨੰਬਰ 7,8 ਅਤੇ 9 ਲਈ ਰਵਿਦਾਸ ਮੰਦਰ ਲੱਲੂਆਣਾ ਰੋਡ ਮਾਨਸਾ ਵਿਖੇ 10 ਵਜੇ ਤੋਂ 12 ਵਜੇ ਤੱਕ ਅਤੇ ਪਿੰਡ ਅਨੂਪਗੜ੍ਹ ਦੇ ਪਾਰਕ ’ਚ 2 ਵਜੇ ਤੋਂ 4 ਵਜੇ ਤੱਕ ਕੈਂਪ ਲਗਾਏ ਜਾਣਗੇ। ਇਸੇ ਤਰ੍ਹਾਂ ਸਬ ਡਵੀਜ਼ਨ ਬੁਢਲਾਡਾ ’ਚ ਪਿੰਡ ਰਿਊਂਦ ਕਲਾਂ ਦੀ ਸਾਂਝੀ ਧਰਮਸ਼ਾਲਾ ਵਿਖੇ 10 ਵਜੇ ਤੋਂ 12:30 ਵਜੇ ਤੱਕ, ਰਿਊਂਦ ਖੁਰਦ ਦੇ ਗੁਰੂ ਘਰ ਖਿਵੇ 02 ਵਜੇ ਤੋਂ 04:30 ਵਜੇ ਤੱਕ, ਦਸਮੇਸ਼ ਨਗਰ ਦੇ ਗੁਰੂ ਘਰ ਵਿਖੇ 10 ਵਜੇ ਤੋਂ 12:30 ਵਜੇ ਤੱਕ, ਜੀਵਨ ਨਗਰ ਦੇ ਗੁਰੂ ਘਰ ਵਿਖੇ 02 ਵਜੇ ਤੋਂ 04:30 ਵਜੇ ਤੱਕ ਅਤੇ ਵਾਰਡ ਨੰਬਰ 4 ਬੁਢਲਾਡਾ ਲਈ ਟਿੱਲੇ ਵਾਲਾ ਟੋਭਾ ਵਿਖੇ 10 ਵਜੇ ਤੋਂ 2 ਵਜੇ ਤੱਕ ਅਤੇ ਸਬ ਡਵੀਜ਼ਨ ਸਰਦੂਲਗੜ੍ਹ ’ਚ ਵਾਰਡ ਨੰਬਰ 4 ਸਰਦੂਲਗੜ੍ਹ ਵਿਖੇ 11 ਵਜੇ ਤੋਂ 01 ਵਜੇ ਤੱਕ, ਰਾਜਰਾਣਾ ਵਿਖੇ 10 ਵਜੇ ਤੋਂ 12 ਵਜੇ ਤੱਕ, ਕਰੰਡੀ ਵਿਖੇ 2 ਵਜੇ ਤੋਂ 4 ਵਜੇ ਤੱਕ, ਫਤਹਿਪੁਰ ਵਿਖੇ 10 ਵਜੇ ਤੋਂ 12 ਵਜੇ ਤੱਕ ਅਤੇ ਘੁਰਕਣੀ ਵਿਖੇ 2 ਵਜੇ ਤੋਂ 4 ਵਜੇ ਤੱਕ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।