*ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਜ਼ਿਲ੍ਹੇ ’ਚ 6 ਫਰਵਰੀ ਤੋਂ ਲੱਗਣ ਵਾਲੇ
ਵਿਸ਼ੇਸ਼ ਕੈਂਪਾਂ ਦਾ ਲਾਭ ਲੈਣ ਦੀ ਅਪੀਲ
*ਰੋਜ਼ਾਨਾ ਪੱਧਰ ’ਤੇ ਪਿੰਡਾਂ/ਵਾਰਡਾਂ ’ਚ ਲੋਕਾਂ ਦੀਆਂ ਮੁਸ਼ਕਿਲਾਂ ਦਾ
ਹੱਲ ਕਰਨ ਲਈ ਲਾਹੇਵੰਦ ਹੋਣਗੇ ਜਨ ਸੁਣਵਾਈ ਕੈਂਪ
05 ਫਰਵਰੀ (ਕਰਨ ਭੀਖੀ) ਮਾਨਸਾ: ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ 06 ਫਰਵਰੀ ਤੋਂ ਹਰੇਕ ਸਬ ਡਵੀਜ਼ਨ ਪੱਧਰ ’ਤੇ ਲੱਗਣ ਵਾਲੇ ਵਿਸ਼ੇਸ਼ ਕੈਂਪਾਂ ’ਚ ਪਹੁੰਚ ਕੇ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ’ਆਪ ਦੀ ਸਰਕਾਰ ਆਪ ਦੇ ਦੁਆਰ’ ਨਾਂ ਦੀ ਮੁਹਿੰਮ ਤਹਿਤ 44 ਕਿਸਮ ਦੀਆਂ ਸਰਕਾਰੀ ਸੇਵਾਵਾਂ ਨਾਲ ਸਬੰਧਤ ਕੰਮਾਂ ਦਾ ਇੰਨ੍ਹਾਂ ਵਿਸ਼ੇਸ਼ ਕੈਂਪਾਂ ਵਿਚ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਹਲਫ਼ੀਆ ਬਿਆਨ ਦੀ ਤਸਦੀਕ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ੍ਰੇਣੀਆਂ ਦੇ ਸਰਟੀਫਿਕੇਟ, ਉਸਾਰੀ ਕਿਰਤੀਆਂ ਦੀ ਰਜ਼ਿਸਟ੍ਰੇਸ਼ਨ, ਬੁਢਾਪਾ ਪੈਨਸ਼ਨ, ਬਿਜਲੀ ਬਿੱਲ ਦਾ ਭੁਗਤਾਨ, ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਸਬੰਧੀ, ਮਾਲ ਰਿਕਾਰਡ ਦੀ ਜਾਂਚ, ਮੌਤ ਸਰਟੀਫਿਕੇਟ ਦੀਆਂ ਕਾਪੀਆਂ, ਕੰਪਲਸਰੀ ਮੈਰਿਜ ਐਕਟ ਅਧੀਨ ਵਿਆਹ ਦੀ ਰਜਿਸਟ੍ਰੇਸ਼ਨ, ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਦਾ ਨਵੀਨੀਕਰਨ, ਪਹਿਲਾਂ ਰਜਿਸਟਰਡ/ਗ਼ੈਰ ਰਜਿਸਟਰਡ ਦਸਤਾਵੇਜਾਂ ਦੀਆਂ ਪ੍ਰਮਾਣਿਤ ਕਾਪੀਆਂ, ਜਨਮ ਸਰਟੀਫਿਕੇਟ ਵਿੱਚ ਦਰੁਸਤੀ, ਮੌਤ ਸਰਟੀਫਿਕੇਟ, ਪੇਂਡੂ ਇਲਾਕਾ ਸਰਟੀਫਿਕੇਟ, ਜਨਮ ਸਰਟੀਫਿਕੇਟ ਦੀਆਂ ਕਾਪੀਆਂ, ਜਨਰਲ ਜਾਤੀ ਸਰਟੀਫਿਕੇਟ, ਵਿਧਵਾ ਜਾਂ ਬੇਸਹਾਰਾ ਪੈਨਸ਼ਨ ਸਕੀਮ, ਭਾਰ-ਰਹਿਤ ਸਰਟੀਫਿਕੇਟ, ਮੌਰਗੇਜ ਦੀ ਐਂਟਰੀ, ਜਨਮ ਦੀ ਲੇਟ ਰਜਿਸਟ੍ਰੇਸ਼ਨ, ਫ਼ਰਦ ਕਰਵਾਉਣਾ,ਦਿਵਿਆਂਗ ਸਰਟੀਫਿਕੇਟ/ਯੂ.ਡੀ.ਆਈ.ਡੀ. ਕਾਰਡ, ਦਸਤਾਵੇਜ ਦੀ ਕਾਉਂਟਰ ਸਾਇਨਿੰਗ, ਮੁਆਵਜ਼ਾ ਬਾਂਡ, ਆਨੰਦ ਮੈਰਿਜ ਐਕਟ ਅਧੀਨ ਮੈਰਿਜ ਰਜਿਸਟ੍ਰੇਸ਼ਨ, ਬਾਰਡਰ ਏਰੀਆ ਸਰਟੀਫਿਕੇਟ, ਪੱਛੜਿਆ ਇਲਾਕਾ ਸਰਟੀਫਿਕੇਟ, ਜ਼ਮੀਨ ਦੀ ਹੱਦਬੰਦੀ, ਐਨ.ਆਰ.ਆਈ. ਦੇ ਦਸਤਾਵੇਜਾਂ ਦੀ ਕਾਊਂਟਰ ਸਾਇਨਿੰਗ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਕਾਊਂਟਰ ਸਾਇਨਿੰਗ, ਮੌਤ ਦੀ ਲੇਟ ਰਜਿਸਟ੍ਰੇਸ਼ਨ, ਕੰਢੀ ਏਰੀਆ ਸਰਟੀਫਿਕੇਟ, ਮੌਤ ਸਰਟੀਫਿਕੇਟ ਵਿੱਚ ਦਰੁਸਤੀ, ਆਸ਼ੀਰਵਾਦ ਸਕੀਮ, ਬੈਕਿੰਗ ਕੌਰਸਪੌਂਡੈਂਟ-ਮੁਦਰਾ ਸਕੀਮ ਆਦਿ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਸੇਵਾਵਾਂ ਪ੍ਰਾਪਤ ਕਰਨ ਲਈ ਆਧਾਰ ਕਾਰਡ, ਵੋਟਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਜੇ ਕੋਈ ਸੇਵਾ ਸਕੂਲ ਵਿੱਚ ਪੜ੍ਹਦੇ ਬੱਚਿਆਂ ਲਈ ਹੈ, ਤਾਂ ਉਸਦਾ ਜਨਮ ਸਰਟੀਫਿਕੇਟ ਜਰੂਰੀ ਹੈ।
ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਮਾਨਸਾ ਵਿਖੇ 6 ਫ਼ਰਵਰੀ ਨੂੰ ਪਿੰਡ ਖੜਕ ਸਿੰਘ ਵਾਲਾ ਦੇ ਐਸ.ਸੀ. ਵਿਹੜਾ ਪਾਰਕ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ, ਪਿੰਡ ਬੁਰਜ ਢਿੱਲਵਾਂ ਦੇ ਗੁਰੂ ਘਰ ਨੇੜੇ ਪਾਰਕ ਵਿਖੇ 2 ਵਜੇ ਤੋਂ 4 ਵਜੇ ਤੱਕ, ਪਿੰਡ ਸੱਦਾ ਸਿੰਘ ਵਾਲਾ ਦੇ ਗੁਰੂ ਘਰ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤੱਕ ਅਤੇ ਪਿੰਡ ਦੀ ਕੱਲ੍ਹੋ ਦੀ ਐਸ.ਸੀ. ਧਰਮਸ਼ਾਲਾ ਵਿਖੇ ਦੁਪਹਿਰ 2 ਵਜੇ ਤੋਂ 4 ਵਜੇ ਤੱਕ ਕੈਂਪ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਸਰਦੂਲਗੜ੍ਹ ’ਚ 6 ਫਰਵਰੀ ਨੂੰ ਵਾਰਡ ਨੰਬਰ 1 ਸਰਦੂਲਗੜ੍ਹ ਵਿਖੇ 11 ਵਜੇ ਤੋਂ 1 ਵਜੇ ਤੱਕ ਕੈਂਪ ਲਗਾਇਆ ਜਾਵੇਗਾ। ਇਸੇ ਤਰ੍ਹਾਂ ਸਰਦੂਲੇਵਾਲਾ ਵਿਖੇ 10 ਵਜੇ ਤੋਂ 12 ਵਜੇ ਤੱਕ, ਕਾਹਨੇਵਾਲਾ ਵਿਖੇ 2 ਵਜੇ ਤੋਂ 4 ਵਜੇ ਤੱਕ, ਝੇਰਿਆਂਵਾਲੀ ਵਿਖੇ 10 ਵਜੇ ਤੋਂ 12 ਵਜੇ ਤੱਕ ਅਤੇ ਬਾਜੇਵਾਲਾ ਵਿਖੇ 2 ਵਜੇ ਤੋਂ 4 ਵਜੇ ਤੱਕ ਅਤੇ ਇਸੇ ਤਰ੍ਹਾਂ ਸਬ ਡਵੀਜ਼ਨ ਬੁਢਲਾਡਾ ’ਚ ਪਿੰਡ ਅਚਾਨਕ ਦੇ ਗੁਰੂ ਘਰ ਵਿਖੇ 10 ਵਜੇ ਤੋਂ 12:30 ਵਜੇ ਤੱਕ, ਪਿੰਡ ਅਚਾਨਕ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ 2 ਵਜੇ ਤੋਂ 4:30 ਵਜੇ ਤੱਕ, ਸਤੀਕੇ ਦੇ ਗੁਰੂਦੁਆਰਾ ਸਾਹਿਬ ਵਿਖੇ 10 ਵਜੇ ਤੋਂ 12:30 ਵਜੇ ਤੱਕ, ਸੈਦੇਵਾਲਾ ਪੰਚਾਇਤ ਘਰ ਵਿਖੇ 2 ਵਜੇ ਤੋਂ 4:30 ਵਜੇ ਤੱਕ ਅਤੇ ਵਾਰਡ ਨੰਬਰ 1 ਲਈ ਬਾਬਾ ਜੀਵਨ ਸਿੰਘ ਧਰਮਸ਼ਾਲਾ ਬੁਢਲਾਡਾ ਵਿਖੇ 10 ਵਜੇ ਤੋਂ 2 ਵਜੇ ਤੱਕ ਕੈਂਪ ਲਗਾਏ ਜਾਣਗੇ।