–ਵੱਧ ਤੋਂ ਵੱਧ ਲੋਕ ਇਨ੍ਹਾਂ ਕੈਂਪਾਂ ਚ ਪਹੁੰਚ ਕੇ ਲੈਣ ਲਾਹਾ
–ਲੋਕ ਭਲਾਈ ਸੇਵਾਵਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਦਿੱਤੀਆਂ ਗਈਆਂ
6 ਫਰਵਰੀ (ਗਗਨਦੀਪ ਸਿੰਘ) ਬਰਨਾਲਾ: ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ/ਸਮੱਸਿਆਵਾਂ ਦਾ ਉਨ੍ਹਾਂ ਦੇ ਬੂਹੇ ‘ਤੇ (ਪਿੰਡਾਂ ਤੇ ਸ਼ਹਿਰਾਂ ਦੇ ਵਾਰਡਾਂ ਵਿੱਚ ਜਾ ਕੇ) ਨਿਪਟਾਰਾ ਕਰਨ ਦੇ ਯਤਨਾਂ ਤਹਿਤ ਅੱਜ ‘ਆਪ ਦੀ ਸਰਕਾਰ, ਆਪ ਦੇ ਦਵਾਰ’ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੀਆਂ ਸਮੁੱਚੀਆਂ ਸਬ ਡਵੀਜ਼ਨਾਂ ਅਧੀਨ ਆਉਂਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਗਏ।
ਇਹ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਸ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਇਸ ਲੜੀ ਦੀ ਸ਼ੁਰੂਆਤ ਕਰਦਿਆਂ ਅੱਜ ਜ਼ਿਲ੍ਹਾ ਬਰਨਾਲਾ ਚ 10 ਥਾਵਾਂ’ ਤੇ ਕੈਂਪ ਲਗਾਏ ਗਏ। ਨਗਰ ਕੌਂਸਲ ਬਰਨਾਲਾ ਵਿਖੇ ਲੱਗੇ ਕੈਂਪਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਤਹਿਤ ਹੁਣ ਲੋਕਾਂ ਨੂੰ ਸੇਵਾਵਾਂ ਉਨ੍ਹਾਂ ਦੇ ਘਰ ਦੇ ਨੇੜੇ ਹੀ ਦਿੱਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੀ ਲਗਾਤਾਰ ਮੋਨੀਟਰਿੰਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਆਪ ਕੀਤੀ ਜਾ ਰਹੀ ਹੈ। ਸ ਮੀਤ ਹੇਅਰ ਨੇ ਸਰਕਾਰੀ ਅਫਸਰਾ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਨ ਤਾਂ ਜੋ ਲੋਕਾਂ ਨੂੰ ਕਿਸੇ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪਪ੍ਰੀਤਾ ਜੋਹਲ ਵੀ ਮੌਜੂਦ ਸਨ।
ਇਨ੍ਹਾਂ ਕੈਂਪਾਂ ਦੀ ਅਗਵਾਈ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ। ਬਰਨਾਲਾ ਵਿਖੇ ਉੱਪ ਮੰਡਲ ਮਜਿਸਟ੍ਰੇਟ ਵਰਿੰਦਰ ਸਿੰਘ, ਮਹਿਲ ਕਲਾਂ ਵਿਖੇ ਉੱਪ ਮੰਡਲ ਮੈਜਿਸਟਰੇਟ ਸਤਵੰਤ ਸਿੰਘ ਅਤੇ ਤਪਾ ਵਿਖੇ ਉਪ ਮੰਡਲ ਮੈਜਿਸਟ੍ਰੇਟ ਡਾ ਪੂਨਮਪ੍ਰੀਤ ਕੌਰ ਦੀ ਅਗਵਾਈ ਹੇਠ ਕੈਂਪ ਲਗਾਏ ਗਏ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦੇ ਆਯੋਜਨ ਦਾ ਮੁੱਖ ਟੀਚਾ ਆਵਾਮ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇੱਕੋ ਛੱਤ ਥੱਲੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣ ਜਲਦ ਨਿਪਟਾਰੇ ਨੂੰ ਯਕੀਨੀ ਬਣਾਉਣਾ ਹੈ।
ਬਾਕਸ ਲਈ ਪ੍ਰਸਤਾਵਿਤ
ਕੈਂਪਾਂ ਦੇ ਸਮਾਂ ਸੂਚੀ ਚ ਕੀਤੇ ਗਏ ਬਦਲਾਅ
ਪ੍ਰਸ਼ਾਸਨਿਕ ਕਾਰਨਾਂ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਹੇਠਾਂ ਲਿਖੇ ਕੈਂਪਾਂ ਦੀ ਸਮਾਂ ਸੂਚੀ ਚ ਤਬਦੀਲੀਆਂ ਕੀਤੀਆਂ ਗਈਆਂ ਹਨ :
7 ਫਰਵਰੀ ਨੂੰ ਪਿੰਡ ਕੁਤਬਾ ਵਿਖੇ ਲਗਾਇਆ ਜਾਣ ਵਾਲਾ ਕੈਂਪ ਹੁਣ 13 ਫਰਵਰੀ ਨੂੰ ਲਗਾਇਆ ਜਾਵੇਗਾ ਅਤੇ ਸਹਿਜੜਾ ਵਿਖੇ 13 ਫਰਵਰੀ ਨੂੰ ਲਗਾਇਆ ਜਾਣ ਵਾਲਾ ਕੈਂਪ ਹੁਣ 7 ਫਰਵਰੀ ਨੂੰ ਲਗਾਇਆ ਜਾਵੇਗਾ । ਇਸੇ ਤਰ੍ਹਾਂ 7 ਫਰਵਰੀ ਨੂੰ ਅਸਪਾਲ ਕਲਾਂ ਵਿਖੇ ਲਗਾਇਆ ਜਾਣ ਵਾਲਾ ਕੈਂਪ ਹੁਣ 9 ਫਰਵਰੀ ਨੂੰ ਲਗਾਇਆ ਜਾਵੇਗਾ ਅਤੇ 9 ਫਰਵਰੀ ਨੂੰ ਰੂੜੇਕੇ ਖੁਰਦ ਵਿਖੇ ਲਗਾਇਆ ਜਾਣ ਵਾਲਾ ਕੈਂਪ ਹੁਣ 7 ਫਰਵਰੀ ਨੂੰ ਲਗਾਇਆ ਜਾਵੇਗਾ।