ਆਪ ਸਰਕਾਰ ਦੇ ਲਗਾਏ ਵਾਅਦੇ ਤੋਂ ਮੁਕਰਨ ਦੇ ਦੋਸ਼
01 ਸਤੰਬਰ
ਅੱਜ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਾ ਰਹੇ ਕੰਪਿਊਟਰ ਅਧਿਆਪਕਾਂ ਨੇ ਸੂਬੇ ਭਰ ਤੋਂ ਧੂਰੀ ਵਿਖੇ ਇਕੱਤਰ ਹੁੰਦੇ ਹੋਏ ਆਪਣੀਆਂ ਜਾਇਜ ਮੰਗਾਂ ਪ੍ਰਤੀ ਅਵਾਜ਼ ਬੁਲੰਦ ਕਰਦੇ ਹੋਏ ਸੂਬਾ ਸਰਕਾਰ ਵੱਲੋਂ ਉਨ੍ਹਾਂ ਨਾਲ ਕੀਤੀ ਗਈ ਵਾਅਦਾ ਖਿਲਾਫੀ ਦੇ ਖਿਲਾਫ ਸ਼ਹਿਰ ਦੀਆਂ ਸੜਕਾਂ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਦੇ ਹਲਕਾ ਦਫਤਰ ਅੱਗੇ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੰਪਿਊਟਰ ਅਧਿਆਪਕ ਆਗੂ ਜੌਨੀ ਸਿੰਗਲਾ, ਰਣਜੀਤ ਸਿੰਘ, ਪ੍ਰਦੀਪ ਮਲੂਕਾ, ਪਰਮਵੀਰ ਸਿੰਘ ਪੰਮੀ, ਰਜਵੰਤ ਕੌਰ, ਜਸਪਾਲ ਦੇ ਨਾਲ ਨਾਲ ਹੋਰਨਾਂ ਆਗੂਆਂ ਨੇ ਦੱਸਿਆ ਕਿ ਸਾਲ 2011 ਵਿਚ ਤਤਕਾਲੀਨ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ‘ਪਿਕਟਸ’ ਸੋਸਾਇਟੀ ਦੇ ਅਧੀਨ ਰੈਗੂਲਰ ਕਰ ਦਿੱਤਾ ਸੀ, ਪਰ ਰੈਗੂਲਰ ਹੋਣ ਦੇ 13 ਸਾਲਾਂ ਮਗਰੋਂ ਵੀ ਉਨ੍ਹਾਂ ਦੇ ਪੂਰੇ ਹੱਕ ਬਹਾਲ ਨਹੀਂ ਹੋਏ। ਇਸ ਕਰਕੇ ਉਹ ਸੰਘਰਸ਼ ਕਰਨ ਦੇ ਲਈ ਮਜਬੂਰ ਹਨ।
—— – — – – –
‘ਆਪ’ ਆਗੂਆਂ ਦੀ ਕਹਿਣੀ ਅਤੇ ਕਰਨੀ ਵਿਚ ਜਮੀਨ ਆਸਮਾਨ ਦਾ ਅੰਤਰ
ਕੰਪਿਊਟਰ ਅਧਿਆਪਕ ਆਗੂਆਂ ਨੇ ‘ਆਪ’ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੀ ‘ਕਹਿਣੀ ਅਤੇ ਕਰਨੀ ਵਿੱਚ ਜਮੀਨ ਆਸਮਾਨ ਦਾ ਅੰਤਰ ਹੈ’। ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਬਿਨਾਂ ਸਰਕਾਰ ਬਣਨ ਤੇ ਬਿਨਾਂ ਦੇਰੀ ਪੂਰਾ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਸਨ ਉੱਥੇ ਹੁਣ ਉਹ ਉਨਾਂ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ। ਇੰਨਾ ਹੀ ਨਹੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 15 ਸਤੰਬਰ 2022 ਨੂੰ ਉਹਨਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਸਬੰਧੀ ਇੱਕ ਜਨਤਕ ਬਿਆਨ ਵੀ ਦਿੱਤਾ ਗਿਆ ਸੀ ਜਿਸ ਮਗਰੋਂ ਉਹ ਮੁੱਕਰ ਗਏ । ਉਹਨਾਂ ਦੱਸਿਆ ਕਿ ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨਾਂ ਨੂੰ ਲਗਭਗ 30 ਤੋਂ ਵੱਧ ਮੀਟਿੰਗ ਕਰਨ ਦਾ ਵੱਧ ਵਾਰ ਮੀਟਿੰਗ ਕਰਨ ਦਾ ਸਮਾਂ ਦਿੱਤਾ ਗਿਆ ਲੇਕਿਨ ਪਰ ਤਰਾਸਦੀ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਨੇ ਇੱਕ ਵਾਰ ਵੀ ਉਹਨਾਂ ਦੇ ਨਾਲ ਮੀਟਿੰਗ ਨਹੀਂ ਕੀਤੀ। ਕੰਪਿਊਟਰ ਅਧਿਆਪਕ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨਾਂ ਦੀਆਂ ਜਾਇਜ਼ ਮੰਗਾਂ ਨੂੰ ਸਮਾਂ ਰਹਿੰਦੇ ਪੂਰਾ ਨਾ ਕੀਤਾ ਗਿਆ ਤਾਂ ਉਹ ਪੂਰੇ ਪੰਜਾਬ ਵਿੱਚ ਸੰਘਰਸ਼ ਦੇ ਰੂਪ ਵਿਚ ਵੱਡੀ ਮੁਹਿੰਮ ਛੇੜ ਦੇਣਗੇ ਜਿਸ ਦੀ ਜਿੰਮੇਵਾਰੀ ਸੂਬਾ ਸਰਕਾਰ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ ਨਾਲ ਸੂਬਾ ਸਰਕਾਰ ਦੀ ਹੋਵੇਗੀ।
—— – — – – –
ਵੱਖ-ਵੱਖ ਜਥੇਬੰਦੀਆਂ ਨੇ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ
ਅੱਜ ਦੇ ਇਸ ਵੱਡੇ ਰੋਸ਼ ਪ੍ਰਦਰਸ਼ਨ ਵਿੱਚ ਜਿੱਥੇ ਕੰਪਿਊਟਰ ਦੇ ਅਧਿਆਪਕ ਆਗੂਆਂ ਨੇ ਸੂਬੇ ਭਰ ਤੋਂ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਉੱਥੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਨਾਲ ਨਾਲ ਹੋਰ ਕਰਮਚਾਰੀ ਜਥੇਬੰਦੀਆਂ ਵੱਲੋਂ ਵੀ ਕੰਪਿਊਟਰ ਅਧਿਆਪਕ ਦੇ ਸੰਘਰਸ਼ ਵਿੱਚ ਸਾਥ ਦਿੰਦੇ ਹੋਏ ਅੱਜ ਦੇ ਇਸ ਐਕਸ਼ਨ ਵਿੱਚ ਸ਼ਮੂਲੀਅਤ ਕੀਤੀ ਗਈ। ਇਹਨਾਂ ਜਥੇਬੰਦੀਆਂ ਦੇ ਵੱਖ-ਵੱਖ ਆਗੂਆਂ ਨੇ ਕੰਪਿਊਟਰ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਸੂਬਾ ਸਰਕਾਰ ਤੋਂ ਜਲਦ ਤੋਂ ਜਲਦ ਇਹਨਾਂ ਮੰਗਾਂ ਨੂੰ ਪੂਰੇ ਕਰਨ ਦੀ ਮੰਗ ਕੀਤੀ ਅਤੇ ਇਹ ਵੀ ਐਲਾਨ ਕੀਤਾ ਕਿ ਜੇਕਰ ਸੂਬਾ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਉਸ ਸੰਘਰਸ਼ ਦੇ ਇਸ ਪਿੜ ਵਿੱਚ ਕੰਪਿਊਟਰ ਅਧਿਆਪਕਾਂ ਦਾ ਹਰ ਮੋਰਚੇ ਤੇ ਸਾਥ ਦੇਣਗੇ।
—— – — – – –
ਕੀ ਹਨ ਕੰਪਿਊਟਰ ਦੀਆਂ ਅਧਿਆਪਕਾਂ ਦੀਆਂ ਮੰਗਾਂ?
ਕੰਪਿਊਟਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨਾਂ ਦੀ ਕੋਈ ਵੀ ਨਵੀਂ ਮੰਗ ਨਹੀਂ ਹੈ। ਉਹਨਾਂ ਦੀ ਮੰਗ ਹੈ ਕਿ ਸਾਲ 2011 ਵਿੱਚ ਉਹਨਾਂ ਨੂੰ ਮਿਲੇ ਰੈਗੂਲਰ ਆਰਡਰਾਂ ਅਨੁਸਾਰ ਉਹਨਾਂ ਦੇ ਸਾਰੇ ਬਣਦੇ ਹੱਕ ਬਹਾਲ ਕੀਤੇ ਜਾਣ, ਉਹਨਾਂ ਨੂੰ ਛੇਵੇਂ ਪੇ ਕਮਿਸ਼ਨ ਦਾ ਲਾਭ ਦਿੰਦੇ ਹੋਏ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ। ਜਿਨ੍ਹਾਂ ਕੰਪਿਊਟਰ ਦੀਆਂ ਅਧਿਆਪਕਾਂ ਦੀ ਪਿਛਲੇ ਸਮੇਂ ਦੌਰਾਨ ਕਿਸੇ ਵੀ ਕਾਰਨ ਕਰਕੇ ਮੌਤ ਹੋ ਚੁੱਕੀ ਹੈ ਉਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਬਣਦੀ ਵਿੱਤੀ ਸਹਾਇਤਾ ਦਿੰਦੇ ਹੋਏ ਸਰਕਾਰੀ ਨੌਕਰੀ ਦਿੱਤੀ ਜਾਵੇ।