—ਪੰਜਾਬੀ ਨਾਟਕ ਤੇ ਰੰਗ ਮੰਚ ਨੂੰ ਨਵੀਆਂ ਲੀਹਾਂ ਤੇ ਈਸ਼ਵਰ ਚੰਦਰ ਨੰਦਾ ਨੇ ਉਸਾਰਿਆ ਜਦ ਕਿ ਉਹ ਅੰਗਰੇਜ਼ੀ ਦੇ ਅਧਿਆਪਕ ਸਨ। ਉਸ ਸਮੇਂ ਪੰਜਾਬੀ ਨੂੰ ਪੇਂਡੂ ਗਵਾਰਾਂ ਦੀ ਅਵਿਕਸਤ ਬੋਲੀ ਸਮਝਿਆ ਜਾਂਦਾ ਸੀ ਅਤੇ ਉਰਦੂ ਦਾ ਜ਼ੋਰ ਸੀ। ਉਸ ਸਮੇਂ ਉਹਨਾਂ ਨੇ ਪੱਛਮੀ ਵਿਦਿਆ ਤੋਂ ਪ੍ਰਭਾਵਿਤ ਹੋ ਕੇ ਲੌਕਿਕ ਦ੍ਰਿਸ਼ਟੀ ਤੋਂ ਪੰਜਾਬੀ ਲਈ ਨਿਵੇਕਲੀ ਕਲਾ ਉਦੈ ਕੀਤੀ। ਉਹਨਾਂ ਨੇ ਅਧੁਨਿਕ ਪੰਜਾਬੀ ਨਾਟਕ ਦਾ ਮੁੱਢ ਬੰਨਣ ਦੇ ਨਾਲ਼ ਨਾਲ਼ ਇਸ ਪਰੰਪਰਾ ਨੂੰ ਵੀ ਪੱਕੇ ਪੈਰੀ ਖੜਾ ਕੀਤਾ। ਇਸ ਕੰਮ ਲਈ ਉਹਨਾਂ ਨੇ ਮਿਸਿਜ ਨੌਰਾ ਰਿਚਰਡਜ਼ ਤੋਂ ਨਾਟਕ ਕਲਾ ਬਾਰੇ ਬਕਾਇਦਾ ਜਾਚ ਸਿੱਖੀ। ਉਹਨਾਂ ਦੇ ਨਾਟਕਾਂ ਵਿੱਚਲੀ ਪੰਜਾਬੀਅਤ ਦੀ ਝਲਕ ਉਹਨਾਂ ਦੀ ਕਲਾ ਦਾ ਮੀਰੀ ਗੁਣ ਹੈ। ਉਹਨਾਂ ਤੋਂ ਪਹਿਲਾਂ ਵੀ ਪੰਜਾਬੀ ਨਾਟਕ ਖੇਡੇ ਜਾਂਦੇ ਸਨ, ਜਿਵੇਂ ਗਿਆਨੀ ਦਿੱਤ ਸਿੰਘ ਦਾ ਨਾਟਕ ਸੁਪਨਾ, ਕਾਲੀਦਾਸ ਦੇ ਨਾਟਕ ਸਕੁੰਤਲਾ ਦਾ ਡਾਕਟਰ ਚਰਨ ਸਿੰਘ ਦੁਆਰਾ ਪੰਜਾਬੀ ਅਨੁਵਾਦ, ਲਾਲਾ ਧਨੀਰਾਮ ਚਾਤ੍ਰਿਕ ਦਾ ਸ਼ੈਕਸਪੀਅਰ ਦੇ ਨਾਟਕ ਉਥੈਲੋ ਦਾ ਅਨੁਵਾਦ, ਭਾਈ ਵੀਰ ਸਿੰਘ ਦਾ ਲਿਖਿਆ ਰਾਜਾ ਲੱਖ ਦਾਤਾ ਸਿੰਘ, ਰੂੜ ਸਿੰਘ ਤਾਲਿਬ ਦਾ ਸੁੱਕਾ ਸਮੁੰਦਰ, ਭਾਈ ਮੋਹਨ ਸਿੰਘ ਵੈਦ ਦਾ ਬਿਰਧ ਵਿਵਾਹ ਦੀ ਦੁਰਦਸ਼ਾ ਆਦਿ।
ਈਸ਼ਵਰ ਚੰਦਰ ਨੰਦਾ ਦਾ ਮੁਢਲਾ ਨਾਮ ਈਸ਼ਰ ਦਾਸ ਸੀ। ਇਹਨਾਂ ਦਾ ਜਨਮ ਆਪਣੇ ਨਾਨਕੇ ਘਰ ਪਿੰਡ ਗਾਂਧੀਆਂ ਜਿਲਾ ਗੁਰਦਾਸਪੁਰ ਵਿਖੇ 30 ਸਤੰਬਰ 1892 ਨੂੰ ਹੋਇਆ ਇਹਨਾਂ ਦੇ ਪਿਤਾ ਦੀਵਾਨ ਭਾਗ ਮਲ ਨੰਦਾ ਸਾਧੂ ਸੁਭਾਅ ਵਾਲੇ ਨੇਕ ਪੁਰਸ਼ ਸਨ ਇਸੇ ਕਰਕੇ ਉਹਨਾਂ ਨੂੰ ਲੋਕ ਭਗਤ ਜੀ ਕਹਿੰਦੇ ਸਨ। ਇਹਨਾਂ ਦੇ ਮਾਤਾ ਜੀ ਸ਼੍ਰੀਮਤੀ ਆਤਮਾ ਦੇਵੀ ਸਿੱਖ ਧਰਮ ਪ੍ਰਤੀ ਬਹੁਤ ਸ਼ਰਧਾਵਾਨ ਸੀ। ਇਹਨਾਂ ਦਾ ਅਸਲ ਪਿੰਡ ਢਿਲਵਾਂ ਸੀ ਪਰ ਇਹਨਾਂ ਦੇ ਮਾਤਾ ਪਿਤਾ ਇਹਨਾਂ ਦੇ ਜਨਮ ਤੋਂ ਕਈ ਸਾਲ ਪਹਿਲਾਂ ਪਿੰਡ ਛੱਡ ਕੇ ਗਾਂਧੀਆਂ ਆ ਗਏ ਸਨ। ਆਪ ਤਿੰਨ ਭਰਾ ਤੇ ਦੋ ਭੈਣਾਂ ਸਨ। ਬਚਪਨ ਵਿੱਚ ਹੀ ਆਪ ਦੇ ਪਿਤਾ ਦੀਵਾਨ ਭਾਗ ਮਲ ਨੰਦਾ ਦਾ 1901ਈਸਵੀ ਵਿੱਚ ਦੇਹਾਂਤ ਹੋ ਗਿਆ। ਇਹਨਾਂ ਦੀ ਅਣਖੀ ਅਤੇ ਹਿੰਮਤੀ ਮਾਤਾ ਨੇ ਬੜੀ ਮਿਹਨਤ ਕਰਕੇ ਇਹਨਾਂ ਨੂੰ ਪਾਲਿਆ। ਸੱਤ ਸਾਲ ਦੀ ਉਮਰ ਵਿੱਚ ਆਪ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪੁਨਿਆੜ ਵਿੱਚ ਪੜ੍ਹਨੇ ਪਾਇਆ। ਆਪ ਬਚਪਨ ਤੋਂ ਹੀ ਬਹੁਤ ਜ਼ਹੀਨ ਅਤੇ ਸੁੰਦਰ ਸਨ। ਭਾਵੇਂ ਆਪਦਾ ਜਨਮ ਮਹਾਜਨੀ ਜਗੀਰਦਾਰ ਪਰਿਵਾਰ ਵਿੱਚ ਹੋਇਆ ਪਰ ਆਪ ਦਾ ਬਚਪਨ ਆਰਥਿਕ ਸੰਕਟ ਵਿੱਚ ਬੀਤਿਆ ਅਤੇ ਆਪ ਜੀ ਨੂੰ ਮਜ਼ਦੂਰੀ ਵੀ ਕਰਨੀ ਪਈ। 1904 ਵਿੱਚ ਗਾਂਧੀਆਂ ਪੁਨਿਆੜ ਵਿੱਚ ਭਿਆਨਕ ਪਲੇਗ ਪੈਣ ਤੇ ਆਪਦੇ ਮਾਤਾ ਜੀ ਪਰਿਵਾਰ ਨੂੰ ਲੈ ਕੇ ਗੁਰਦਾਸਪੁਰ ਆ ਗਏ। 1905 ਵਿੱਚ ਇਹਨਾਂ ਨੇ ਗੌਰਮੈਂਟ ਸਕੂਲ ਗੁਰਦਾਸਪੁਰ ਤੋਂ ਪੰਜਵੀਂ ਪਾਸ ਕੀਤੀ ਅਤੇ ਜ਼ਿਲ੍ਹਾ ਭਰ ਵਿੱਚ ਅੱਵਲ ਰਹਿ ਕੇ ਵਜ਼ੀਫਾ ਪ੍ਰਾਪਤ ਕੀਤਾ। ਆਪ ਦੀ ਲਿਖਾਈ ਅਤਿ ਸੁੰਦਰ ਸੀ ਅਤੇ ਯਾਦਾਸ਼ਤ ਬੜੀ ਤੇਜ਼ ਸੀ। ਬਚਪਨ ਤੋਂ ਹੀ ਆਪ ਨੂੰ ਰਾਸਾਂ ਤੇ ਨਕਲਾਂ ਦੇਖਣ ਦਾ ਬਹੁਤ ਸ਼ੌਕ ਸੀ। ਸੱਤਵੀਂ ਜਮਾਤ ਵਿੱਚ ਹੀ ਉਹਨਾਂ ਨੂੰ ਸਕੂਲ ਦੇ ਨਾਟਕ ‘ਸਿਕੰਦਰ ਤੇ ਡਾਕੂ’ ਵਿੱਚ ਸਿਕੰਦਰ ਦਾ ਰੋਲ ਮਿਲਿਆ ਜੋ ਉਹਨਾਂ ਨੇ ਬਾਖ਼ੂਬੀ ਨਿਭਾਇਆ। 1911 ਵਿੱਚ ਨੰਦਾ ਜੀ ਨੇ ਗੌਰਮੈਂਟ ਹਾਈ ਸਕੂਲ ਗੁਰਦਾਸਪੁਰ ਤੋਂ ਜ਼ਿਲ੍ਹੇ ਭਰ ਵਿੱਚ ਪਹਿਲੇ ਸਥਾਨ ਤੇ ਰਹਿ ਕੇ ਦਸਵੀਂ ਪਾਸ ਕੀਤੀ ਅਤੇ ਚਾਰ ਰੁਪਏ ਮਹੀਨਾ ਵਜ਼ੀਫਾ ਪ੍ਰਾਪਤ ਕੀਤਾ। ਆਪ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਸਾਰਾ ਪਰਿਵਾਰ ਲਾਹੌਰ ਆ ਗਿਆ ਤੇ ਆਪ ਨੂੰ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਦਾਖ਼ਲ ਕਰਵਾ ਦਿੱਤਾ। ਇੱਥੇ ਹੀ ਉਹਨਾਂ ਦਾ ਮੇਲ ਮਿਸਿਜ਼ ਨੌਰਾ ਰਿਚਰਡਜ਼ ਨਾਲ਼ ਹੋਇਆ ਅਤੇ ਇਹਨਾਂ ਨੇ ਉਹਨਾਂ ਦੇ ਕਈ ਨਾਟਕਾਂ ਵਿੱਚ ਰੋਲ ਅਦਾ ਕੀਤਾ। 1912 ਵਿੱਚ ਮਿਸਿਜ਼ ਨੌਰਾ ਰਿਚਰਡਜ਼ ਨੇ ਭਾਰਤੀ ਨਾਟਕ ਕਲਾ ਨੂੰ ਉਤਸ਼ਾਹਤ ਕਰਨ ਲਈ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਵਿੱਚ ਨਾਟਕ ਲਿਖਣ ਲਈ ਪ੍ਰੇਰਿਆ। 1913 ਵਿੱਚ ਨੰਦਾ ਜੀ ਦਾ ਲਿਖਿਆ ਇਕਾਂਗੀ ‘ਦੁਲਹਨ’ ਪਹਿਲੇ ਨੰਬਰ ਤੇ ਰਿਹਾ। 1914 ਵਿੱਚ ‘ਬੇਬੇ ਰਾਮ ਭਜਨੀ’ ਦੂਜੇ ਨੰਬਰ ਤੇ ਆਇਆ। 1913 ਵਿੱਚ ਹੀ ਆਪ ਨੇ ਐੱਫ. ਏ. ਦੇ ਇਮਤਿਹਾਨ ਵਿੱਚ ਵਜ਼ੀਫਾ ਪ੍ਰਾਪਤ ਕੀਤਾ ਤੇ 1915 ਵਿੱਚ ਬੀ.ਏ. ਅੰਗਰੇਜ਼ੀ (ਅਨਰਜ਼) ਵਿੱਚ ਅੱਵਲ ਰਹਿ ਕੇ ਵਜ਼ੀਫਾ ਪ੍ਰਾਪਤ ਕੀਤਾ ਤੇ 1917 ਵਿੱਚ ਐੱਮ.ਏ. ਯੂਨੀਵਰਸਿਟੀ ਵਿੱਚ ਪ੍ਰਥਮ ਰਹਿ ਕੇ ਪਾਸ ਕੀਤੀ। ਨਤੀਜਾ ਨਿਕਲਦੇ ਹੀ ਦਿਆਲ ਸਿੰਘ ਕਾਲਜ ਪ੍ਰਸ਼ਾਸਨ ਨੇ ਉਹਨਾਂ ਨੂੰ ਉਥੇ ਅੰਗਰੇਜ਼ੀ ਅਧਿਆਪਕ ਰੱਖ ਲਿਆ। 1917 ਵਿੱਚ ਇਹਨਾਂ ਦੀ ਸ਼ਾਦੀ ਸਧਾਰਨ ਰੀਤੀ ਰਿਵਾਜਾਂ ਨਾਲ਼ ਪ੍ਰੋਫੈਸਰ ਚੇਤਨ ਆਨੰਦ ਦੀ ਲੜਕੀ ਸ਼ਿਵ ਚੰਦਰਕਾ ਨਾਲ਼ ਹੋਈ। ਦਿਆਲ ਸਿੰਘ ਕਾਲਜ ਵਿੱਚ ਤਿੰਨ ਸਾਲ ਨੌਕਰੀ ਕਰਦਿਆਂ ਆਪ ਨੇ ਸੁਭੱਦਰਾਂ ਨਾਟਕ ਲਿਖਿਆ। 1920 ਵਿੱਚ ਆਪ ਗੌਰਮੈਂਟ ਕਾਲਜ ਮੁਲਤਾਨ ਚਲੇ ਗਏ। 1924 ਚ ਆਪ ਨੂੰ ਇੰਗਲੈਂਡ ਦੀ ਪ੍ਰਸਿੱਧ ਆਕਸਫੋਰਡ ਯੂਨੀਵਰਸਿਟੀ ਵਿੱਚ ਵਿਦਿਆ ਪ੍ਰਾਪਤ ਕਰਨ ਲਈ ਵਜ਼ੀਫਾ ਮਿਲ ਗਿਆ ਅਤੇ ਆਪ 1924 ਤੋਂ 1926 ਤੱਕ ਉੱਥੇ ਰਹੇ। ਉੱਥੇ ਉਹਨਾਂ ਨੇ ਸਫ਼ਰਨਾਮਾ ਸਲਾਨੀ ਦਾ ਸਫ਼ਰਨਾਮਾ ਲਿਖਿਆ। ਲੰਡਨ ਤੋਂ ਵਾਪਸ ਆ ਕੇ ਆਪ ਗੌਰਮੈਂਟ ਕਾਲਜ ਲਾਹੌਰ ਵਿਖੇ ਪ੍ਰੋਫ਼ੈਸਰ ਲੱਗ ਗਏ। 1928 ਵਿੱਚ ਉਹਨਾਂ ‘ਸ਼ਾਮੂ ਸ਼ਾਹ’, 1929 ਵਿੱਚ ‘ਵਰ ਘਰ’ ਨਾਟਕ ਲਿਖੇ। ਇਸ ਸਮੇਂ ਉਹਨਾਂ ਨੇ ਕਈ ਇਕਾਂਗੀਆਂ ਵੀ ਲਿਖੀਆਂ ਜਿਵੇਂ ‘ਇਹ ਡੂਮਣੇ’, ‘ਮਾਂ ਦਾ ਡਿਪਟੀ’, ‘ਹਨੇਰਾ’ ਆਦਿ। 1931 ਵਿੱਚ ਇਹਨਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ। 1931 ਤੇ 1937 ਤੱਕ ਇਹਨਾਂ ਨੇ ਗੌਰਮੈਂਟ ਕਾਲਜ ਲਾਇਲਪੁਰ ਨੌਕਰੀ ਕੀਤੀ ਅਤੇ 1937 ਤੋਂ 1939 ਤੱਕ ਗੌਰਮਟ ਕਾਲਜ ਰੋਹਤਕ ਵਿੱਚ ਬਤੌਰ ਪ੍ਰਿੰਸੀਪਲ ਕੰਮ ਕੀਤਾ। 1939 ਵਿੱਚ ਸਰ ਛੋਟੂ ਰਾਮ ਦੇ ਰਿਸ਼ਤੇਦਾਰ ਨਾਲ਼ ਇੱਕ ਝਗੜੇ ਕਾਰਨ ਆਪ ਨੂੰ ਪ੍ਰਿੰਸੀਪਲ ਤੋਂ ਹਟਾ ਕੇ ਸਜ਼ਾ ਵਜੋਂ ਗੌਰਮੈਂਟ ਕਾਲਜ ਲਾਹੌਰ ਵਿਖੇ ਸਧਾਰਨ ਅਧਿਆਪਕ ਲਗਾ ਦਿੱਤਾ ਗਿਆ ਜਿੱਥੇ ਉਹ 1947 ਤੱਕ ਰਹੇ। ਦੇਸ਼ ਦੀ ਵੰਡ ਤੋਂ ਬਾਅਦ ਆਪ ਨੇ 1951 ਤੋਂ 1966 ਤੱਕ ਆਪਣੇ ਕਈ ਨਾਟਕਾਂ ਦੀ ਰਚਨਾ ਕੀਤੀ। 1951 ਵਿੱਚ ਆਪਦਾ ਪਹਿਲਾ ਇਕਾਂਗੀ ਸੰਗ੍ਰਹਿ ‘ਝਲਕਾਰੇ’ ਪ੍ਰਕਾਸ਼ਿਤ ਹੋਇਆ ਜਿਸ ਵਿੱਚ ਚਾਰ ਇਕਾਂਗੀਆਂ ‘ਬੇਬੇ ਰਾਮ ਭਜਨੀ’, ‘ਜਿੰਨ’, ‘ਬੇਈਮਾਨ’ ਅਤੇ ਚੋਰ ਕੌਣ ਸ਼ਾਮਲ ਸਨ। 1953 ਵਿੱਚ ਦੂਜਾ ਇਕਾਂਗੀ ਸੰਗ੍ਰਹਿ ਲਸ਼ਕਾਰੇ ਪ੍ਰਕਾਸ਼ਿਤ ਹੋਇਆ ਜਿਸ ਵਿੱਚ ‘ਮਾਂ ਦਾ ਡਿਪਟੀ’, ‘ਡੂਮਣੇ, ‘ਸੁਹਾਗ’ ਅਤੇ ਸੋਸ਼ਲ ਸਰਕਲ ਸ਼ਾਮਿਲ ਸਨ। ਸਤੰਬਰ 1966 ਵਿੱਚ ਆਪ ਦੇ ਅਕਾਲ ਚਲਾਣੇ ਸਮੇਂ ਆਪ ਦਾ ਇਕਾਂਗੀ ਸੰਗ੍ਰਹਿ ਚਮਕਾਰ ਛਪ ਰਿਹਾ ਸੀ ਜਿਸ ਵਿੱਚ ਵੀ ਚਾਰ ਇਕਾਂਗੀਆ ‘ਬਾਬੇ ਘਸੀਟੇ ਦੀ ਨਾਟ ਮੰਡਲੀ’, ‘ਹੇਰਾਫੇਰੀ’, ‘ਮੌਨਧਾਰੀ’ ਅਤੇ ਸੁਖਰਾਸ ਸ਼ਾਮਲ ਸਨ। ਜਿਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪਿਆ। ਉਹਨਾਂ ਦਾ ਪਹਿਲਾ ਪੂਰਾ ਨਾਟਕ ਸੁਭੱਦਰਾ ਸੀ ਜੋ ਉਹਨਾਂ ਦੀ ਸਰਵੋਤਮ ਰਚਨਾ ਮੰਨੀ ਜਾਂਦੀ ਹੈ। ਨੰਦਾ ਜੀ ਦੇ ਨਾਟਕਾਂ ਅਤੇ ਇਕਾਂਗੀਆਂ ਦੀ ਸੂਚੀ ਇਸ ਤਰ੍ਹਾਂ ਹੈ – ਪੂਰੇ ਨਾਟਕ : ਸੁਭੱਦਰਾ, ਸ਼ਾਮੂ ਸ਼ਾਹ, ਵਰ ਘਰ, ਸੋਸ਼ਲ ਸਰਕਲ।
ਇਕਾਂਗੀ ਨਾਟਕ : ਸੁਹਾਗ (ਦੁਲਹਨ), ਬੇਬੇ ਰਾਮ ਭਜਨੀ, ਜਿੰਨ, ਬੇ-ਈਮਾਨ, ਚੋਰ ਕੌਣ, ਮਾਂ ਦਾ ਡਿਪਟੀ, ਇਹ ਡੂਮਣੇ, ਬਾਬੇ ਘਸੀਟੇ ਦੀ ਨਾਟਕ ਮੰਡਲੀ, ਹੇਰਾਫੇਰੀ, ਮੌਨਧਾਰੀ, ਸੁਖਰਾਸ, ਮੁਰਾਦ।
— ਜਗਤਾਰ ਸਿੰਘ ਸੋਖੀ
ਆਧੁਨਿਕ ਪੰਜਾਬੀ ਨਾਟਕ ਅਤੇ ਰੰਗ ਮੰਚ ਦਾ ਮੋਢੀ ਈਸ਼ਵਰ ਚੰਦਰ ਨੰਦਾ
Leave a comment